ਸਾਡੇ ਨਾਲ ਸ਼ਾਮਲ

Follow us

16.2 C
Chandigarh
Monday, February 9, 2026
More
    Home ਸੂਬੇ ਪੰਜਾਬ ਬਾਜਵਾ ਦੀ ਟਿੱਪ...

    ਬਾਜਵਾ ਦੀ ਟਿੱਪਣੀ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ, 24 ਘੰਟਿਆਂ ’ਚ ਮੁਆਫ਼ੀ ਮੰਗੇ ਕਾਂਗਰਸ, ਨਹੀਂ ਤਾਂ ਹੋਵੇਗਾ ਸਖ਼ਤ ਐਕਸ਼ਨ: ਹਰਪਾਲ ਚੀਮਾ

    Partap Singh Bajwa Statement: ਜਗੀਰੂ ਮਾਨਸਿਕਤਾ ਤਿਆਗਣ ਬਾਜਵਾ, ਕਿਰਤੀਆਂ ਦਾ ਮਜ਼ਾਕ ਉਡਾਉਣ ਵਾਲੀ ਕਾਂਗਰਸ ਦਾ 2027 ‘ਚ ਜਨਤਾ ਖ਼ੁਦ ਕਰੇਗੀ ਹਿਸਾਬ: ਲਾਲ ਚੰਦ ਕਟਾਰੂਚਕ

    • ਆਮ ਘਰਾਂ ਦੇ ਮਿਹਨਤਕਸ਼ ਲੋਕਾਂ ਦਾ ਅੱਗੇ ਵਧਣਾ ਕਾਂਗਰਸ ਨੂੰ ਹਜ਼ਮ ਨਹੀਂ ਹੋ ਰਿਹਾ, ਬਾਜਵਾ ਆਪਣੇ ਦਿਮਾਗ ਦੀ ਨਫ਼ਰਤ ਬਾਹਰ ਕੱਢਣ: ਬਲਤੇਜ ਪੰਨੂ

    Partap Singh Bajwa Statement: ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਬਾਰੇ ਕੀਤੀ ਗਈ ਮੰਦਭਾਗੀ ਤੇ ਆਪੱਤੀਜਨਕ ਟਿੱਪਣੀ ਦੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚਕ ਅਤੇ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸਾਂਝੇ ਤੌਰ ’ਤੇ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਤਿੰਨਾਂ ਆਗੂਆਂ ਨੇ ਕਾਂਗਰਸ ਪਾਰਟੀ ਨੂੰ ਦਲਿਤ-ਵਿਰੋਧੀ ਮਾਨਸਿਕਤਾ ਵਾਲੀ ਪਾਰਟੀ ਕਰਾਰ ਦਿੰਦਿਆਂ ਬਾਜਵਾ ਅਤੇ ਕਾਂਗਰਸ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਮੁਆਫ਼ੀ ਮੰਗਣ ਦੀ ਸਖ਼ਤ ਤਾੜਨਾ ਕੀਤੀ ਹੈ, ਨਹੀਂ ਤਾਂ ਸਖ਼ਤ ਕਾਨੂੰਨੀ ਤੇ ਰਾਜਨੀਤਿਕ ਐਕਸ਼ਨ ਦੀ ਚਿਤਾਵਨੀ ਦਿੱਤੀ ਹੈ।

    ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਾਜਵਾ ਦੀ ਟਿੱਪਣੀ ਨੂੰ ‘ਬਹੁਤ ਹੀ ਮੰਦਭਾਗਾ ਬਿਆਨ’ ਕਰਾਰ ਦਿੰਦਿਆਂ ਕਿਹਾ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਉਹ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਗਰੀਬੀ ਵਿੱਚੋਂ ਉੱਠ ਕੇ ਮਿਹਨਤ ਦੇ ਨਾਲ ਸਿਵਲ ਸਰਵਿਸ ਦਾ ਇਮਤਿਹਾਨ ਪਾਸ ਕੀਤਾ, ਪੰਜਾਬ ਦੀ ਅਲਾਈਡ ਸਰਵਿਸ ਵਿੱਚ ਈ.ਟੀ.ਓ. ਬਣੇ ਅਤੇ ਸਮਾਜ ਸੇਵਾ ਦੀ ਭਾਵਨਾ ਨਾਲ ਨੌਕਰੀ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਆਏ। ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਸਤਿਕਾਰ ਦਿੱਤਾ ਅਤੇ ਮੰਤਰੀ ਬਣਾਇਆ। ਪਰ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਦੇ ਖ਼ਿਲਾਫ਼ ਬੜੇ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜੋ ਕਿ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ ਹੈ।

    Partap Singh Bajwa Statement

    ਚੀਮਾ ਨੇ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਦਲਿਤ-ਵਿਰੋਧੀ ਪਾਰਟੀ ਹੈ। ਜਿੰਨੇ ਵੀ ਦਲਿਤ ਮੰਤਰੀ ਹਨ, ਉਹ ਕਾਂਗਰਸ ਦੇ ਨਿਸ਼ਾਨੇ ’ਤੇ ਹਨ। ਕਦੇ ਕੋਈ ਬਹਾਨਾ, ਕਦੇ ਨਾਂਅ ਲੈ ਕੇ, ਕਦੇ ‘ਮਟੀਰੀਅਲ’ ਕਹਿੰਦੇ ਹਨ, ਹੁਣ ‘ਬਾਜੇ ਵਾਲੇ’ ਕਹਿੰਦੇ ਹਨ। ਇਸ ਤਰ੍ਹਾਂ ਦੀ ਭਾਸ਼ਾ ਦਲਿਤਾਂ ਦੇ ਖ਼ਿਲਾਫ਼ ਵਰਤਣਾ ਬੇਹੱਦ ਮੰਦਭਾਗਾ ਹੈ। ਇੱਕ ਜਾਤ ਦਾ ਨਾਂਅ ਲੈ ਕੇ ਆਪੱਤੀਜਨਕ ਟਿੱਪਣੀਆਂ ਕਰਨਾ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ।

    ਵਿੱਤ ਮੰਤਰੀ ਚੀਮਾ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਜਾਂ ਤਾਂ ਪ੍ਰਤਾਪ ਸਿੰਘ ਬਾਜਵਾ ਅਤੇ ਪੂਰੀ ਕਾਂਗਰਸ ਪਾਰਟੀ 24 ਘੰਟਿਆਂ ਦੇ ਅੰਦਰ-ਅੰਦਰ ਦਲਿਤ ਸਮਾਜ ਤੋਂ ਮੁਆਫ਼ੀ ਮੰਗੇ, ਨਹੀਂ ਤਾਂ ਸਖ਼ਤ ਐਕਸ਼ਨ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡਾ ਅਪਮਾਨ ਹੈ ਪੰਜਾਬ ਦੇ ਦਲਿਤ ਭਾਈਚਾਰੇ ਦਾ। ਪੰਜਾਬ ਵਿੱਚ ਮਿਹਨਤ-ਮੁਸ਼ੱਕਤ ਕਰਕੇ ਅੱਗੇ ਆਉਂਦੇ ਬੱਚਿਆਂ ਨੂੰ ਡਿਸਕਰੇਜ ਕਰਨ ਵਾਲੀ ਗੱਲ ਹੈ।

    Read Also : ਨਸ਼ੇ ਦੀ ਪੰਜ ਮਿੰਟ ’ਚ ‘ਹੋਮ ਡਿਲੀਵਰੀ’ ਲੈ ਕੇ ਆਈ ਭੂਚਾਲ, ‘ਆਪ’ ਨੇ ਚੰਨੀ ਨੂੰ ਕਿਹਾ ‘ਸ਼ਰਮ ਕਰੋ’

    ਚੀਮਾ ਨੇ ਅੱਗੇ ਕਿਹਾ ਕਿ ਕਾਂਗਰਸ ਦੇ ਬਹੁਤ ਸਾਰੇ ਲੀਡਰ ਬਾਰ-ਬਾਰ ਪੰਜਾਬ ਦੇ ਦਲਿਤਾਂ ਅਤੇ ਅਨੁਸੂਚਿਤ ਜਾਤੀ-ਜਨਜਾਤੀ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਜਨਤਕ ਰੈਲੀਆਂ ਵਿੱਚ ਉਨ੍ਹਾਂ ਦਾ ਅਪਮਾਨ ਕਰ ਰਹੇ ਹਨ। ਆਮ ਆਦਮੀ ਪਾਰਟੀ ਪਹਿਲੀ ਅਜਿਹੀ ਪਾਰਟੀ ਹੈ ਜਿਸ ਨੇ ਨਾ ਗ਼ਰੀਬ ਦੇਖਿਆ ਨਾ ਅਮੀਰ, ਸਮਾਜ ਵਿੱਚੋਂ ਉਨ੍ਹਾਂ ਬੱਚਿਆਂ ਨੂੰ ਅੱਗੇ ਲਿਆਂਦਾ ਜੋ ਸੇਵਾ ਕਰਨਾ ਚਾਹੁੰਦੇ ਸਨ। ਅੱਜ ਪੰਜਾਬ ਵਿੱਚ 95 ਐਮ.ਐਲ.ਏ. ਹਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਹੰਬਲ ਬੈਕਗਰਾਊਂਡ ਅਤੇ ਗ਼ਰੀਬ ਘਰਾਂ ਤੋਂ ਆਉਂਦੇ ਹਨ। ਉਨ੍ਹਾਂ ਦਾ ਜਾਤ ਦੇ ਆਧਾਰ ’ਤੇ ਅਪਮਾਨ ਨਾ ਪੰਜਾਬ ਦੇ ਦਲਿਤ ਸਹਿਣ ਕਰਨਗੇ, ਨਾ ਦੇਸ਼ ਦੇ ਦਲਿਤ। ਕਾਂਗਰਸ ਪਾਰਟੀ ਨੂੰ ਸਬਕ ਸਿਖਾਇਆ ਜਾਵੇਗਾ।

    ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚਕ ਨੇ ਬਾਜਵਾ ਦੇ ਬਿਆਨ ਦੀ ਜ਼ੋਰਦਾਰ ਨਿੰਦਿਆ ਕਰਦਿਆਂ ਕਿਹਾ ਕਿ ਇਹ ਪ੍ਰਤਾਪ ਸਿੰਘ ਬਾਜਵਾ ਦੀ ਕੋਈ ਨਵੀਂ ਟਿੱਪਣੀ ਨਹੀਂ ਹੈ। ਗਾਹੇ-ਬ-ਗਾਹੇ ਉਹ ਮਜ਼ਦੂਰਾਂ ਅਤੇ ਦਲਿਤਾਂ ਵਿੱਚੋਂ ਉੱਭਰ ਕੇ ਅੱਗੇ ਵੱਧ ਰਹੇ ਲੀਡਰਾਂ ਨੂੰ ਟਾਰਗੇਟ ਕਰਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਦਲਿਤ ਲੀਡਰਾਂ ਦੇ ਖ਼ਿਲਾਫ਼ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਹਨ।

    ਕਟਾਰੂਚਕ ਨੇ ਚਿਤਾਵਨੀ ਦਿੱਤੀ ਕਿ ਇਹ ਮਾਨਸਿਕਤਾ ਜਿੰਨੀ ਜਲਦੀ ਹੋਵੇ ਤਿਆਗ ਲਵੋ, ਨਹੀਂ ਤਾਂ 2027 ਵਿੱਚ ਲੋਕ ਤੁਹਾਡਾ ਆਪਣਾ ਬੈਂਡ-ਵਾਜਾ ਵਜਾਉਣਗੇ। ਈ.ਟੀ.ਓ. ਸਾਹਿਬ ਦੇ ਪਿਤਾ ਨੇ ਵਾਜਾ ਵਜਾਇਆ, ਕਿਰਤ ਕੀਤੀ, ਮਿਹਨਤ ਕੀਤੀ ਅਤੇ ਆਪਣੇ ਪੁੱਤਰ ਨੂੰ ਈ.ਟੀ.ਓ. ਬਣਾਇਆ। ਹੋ ਸਕਦਾ ਹੈ ਕਿ ਉਹ ਤੁਹਾਡੇ ਨਾਲੋਂ ਜ਼ਿਆਦਾ ਪੜ੍ਹੇ-ਲਿਖੇ ਹਨ। ਤੁਸੀਂ ਉਨ੍ਹਾਂ ਦੀ ਪੜ੍ਹਾਈ ਦੀ ਬਜਾਏ ਉਨ੍ਹਾਂ ਦੇ ਕਿੱਤੇ ਦਾ ਮਖ਼ੌਲ ਉਡਾ ਰਹੇ ਹੋ, ਇਹ ਨਾ ਪੰਜਾਬ ਦੇ ਲੋਕ ਬਰਦਾਸ਼ਤ ਕਰਨਗੇ, ਨਾ ਦਲਿਤ ਸਮਾਜ ਅਤੇ ਨਾ ਹੀ ਪੰਜਾਬ ਦਾ ਕੋਈ ਚੇਤਨ ਬੰਦਾ।

    ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਬਾਜਵਾ ਦੀ ਭੱਦੀ ਟਿੱਪਣੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਪੰਜਾਬ ਕਾਂਗਰਸ ਦੇ ਆਗੂ ਕਿੰਨੀ ਵੱਡੀ ਨਫ਼ਰਤ ਦਲਿਤ ਭਾਈਚਾਰੇ ਬਾਰੇ ਆਪਣੇ ਦਿਮਾਗਾਂ ਵਿੱਚ ਲਈ ਬੈਠੇ ਹਨ।

    ਪੰਨੂ ਨੇ ਕਿਹਾ ਕਿ ਕਾਂਗਰਸ ਦੇ ਦਿਮਾਗਾਂ ਵਿੱਚ ਬੱਸ ਇਹੀ ਭਰਿਆ ਹੋਇਆ ਹੈ ਕਿ ਵਾਰੀਆਂ ਸਾਡੀਆਂ ਸਨ, ’ਉੱਤਰ ਕਾਟੋ ਮੈਂ ਚੜ੍ਹਾਂ’ ਦੀ ਸੋਚ ਨਾਲ ਪੰਜਾਬ ਨੂੰ ਲੁੱਟਿਆ। ਹੁਣ ਜਦੋਂ ਆਮ ਘਰਾਂ ਦੇ ਮਿਹਨਤਕਸ਼ ਲੋਕ ਅੱਗੇ ਆ ਰਹੇ ਹਨ ਤਾਂ ਇਨ੍ਹਾਂ ਨੂੰ ਸਭ ਤੋਂ ਵੱਧ ਤਕਲੀਫ਼ ਹੋ ਰਹੀ ਹੈ। ਕਿਸੇ ਨੂੰ ਮੋਬਾਈਲ ਰਿਪੇਅਰ ਵਾਲਾ ਦੱਸਦੇ ਹਨ, ਕਿਸੇ ਨੂੰ ਬੈਂਡ ਵਾਜੇ ਵਾਲਾ, ਕਿਸੇ ਨੂੰ ‘ਮਟੀਰੀਅਲ’ ਦੱਸਦੇ ਹਨ।

    ਪੰਨੂ ਨੇ ਬਾਜਵਾ ਨੂੰ ਸਿੱਧਾ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਦਿਮਾਗ ਅੰਦਰ ਭਰਿਆ ਹੋਇਆ ਗੰਦ ਬਾਹਰ ਕੱਢੋ ਤੇ ਕਿਸੇ ਭਾਈਚਾਰੇ ਦੇ ਉੱਤੇ ਭੱਦੀਆਂ ਟਿੱਪਣੀਆਂ ਨਾ ਕਰੋ। ਕਾਨੂੰਨ ਮੁਤਾਬਕ ਵੀ ਅਗਲੀ ਕਾਰਵਾਈ ਲਈ ਤਿਆਰ ਰਹਿਣਾ। ਪੰਨੂ ਨੇ ਫ਼ਖ਼ਰ ਨਾਲ ਕਿਹਾ ਕਿ ਹਰਭਜਨ ਸਿੰਘ ਈ.ਟੀ.ਓ. ਦਾ ਪਰਿਵਾਰ ਮਿਹਨਤਕਸ਼ ਪਰਿਵਾਰ ਹੈ।