ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜ ਚੁੱਕੇ ਆਗੂਆਂ ਨੇ ਕੀਤੀ ਚੁੱਪ-ਚਪੀਤੇ ਚਰਚਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਲੋਕ ਸਭਾ ਹਲਕਾ ਪਟਿਆਲਾ ਤੋਂ ਪੰਜਾਬ ਡੈਮੋਕਰੇਟਿਕ ਅਲਾਇਸ (ਪੀਡੀਏ) ਵਿੱਚ ਸਭ ਕੁਝ ਠੀਕ ਨਹੀਂ ਹੈ। ਪਤਾ ਲੱਗਾ ਹੈ ਕਿ ਪੀਡੀਏ ‘ਚ ਸ਼ਾਮਲ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਪਟਿਆਲਾ ਦੇ ਆਗੂ ਆਪਣੇ ਹੀ ਪੰਜਾਬ ਲੀਡਰਸ਼ਿਪ ਤੋਂ ਦੁਖੀ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ‘ਚ ਪਟਿਆਲਾ ਦੇ ਇਹ ਆਗੂ ਕਿਸੇ ਸਮੇਂ ਵੀ ਰਾਜਨੀਤਿਕ ਧਮਾਕਾ ਕਰ ਸਕਦੇ ਹਨ। ਇਹ ਆਗੂ ਖੁੱਲ੍ਹ ਕੇ ਪੀਡੀਏ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਚੋਣ ਮੁਹਿੰਮ ਵਿੱਚ ਨਹੀਂ ਚੱਲ ਰਹੇ।
ਹਾਸਲ ਹੋਏ ਵੇਰਵਿਆ ਮੁਤਾਬਿਕ ਲੋਕ ਸਭਾ ਪਟਿਆਲਾ ਸੀਟ ਤੋਂ ਪਿਛਲੀ ਵਾਰ ਚੋਣ ਲੜਿਆ ਬਹੁਜਨ ਸਮਾਜ ਪਾਰਟੀ ਦਾ ਆਗੂ ਅਤੇ ਵਿਧਾਨ ਸਭਾ ਚੋਣਾਂ ਮੌਕੇ ਵੱਖ-ਵੱਖ ਹਲਕਿਆਂ ਤੋਂ ਚੋਣ ਲੜੇ ਅੱਧੀ ਦਰਜ਼ਨ ਆਗੂ ਆਪਣੀ ਪਾਰਟੀ ਤੋਂ ਨਰਾਜ਼ ਚੱਲ ਰਹੇ ਹਨ। ਇਨ੍ਹਾਂ ਪਾਰਟੀ ਆਗੂਆਂ ਦੀ ਨਰਾਜ਼ਗੀ ਆਪਣੀ ਹੀ ਪੰਜਾਬ ਦੀ ਲੀਡਰਸ਼ਿਪ ਤੋਂ ਹੈ, ਜਿਸ ਕਾਰਨ ਇਨ੍ਹਾਂ ਆਗੂਆਂ ਵੱਲੋਂ ਆਪਣਾ ਅਗਲਾ ਰਾਹ ਚੁਣਨ ਲਈ ਪਿਛਲੇ ਦਿਨੀਂ ਆਪਣੀ ਮੀਟਿੰਗ ਵੀ ਕਰ ਲਈ ਗਈ ਹੈ।
ਇਸ ਮੀਟਿੰਗ ਵਿੱਚ ਇਨ੍ਹਾਂ ਆਗੂਆਂ ਵੱਲੋਂ ਆਪਣੀ ਹੀ ਸਟੇਟ ਲੀਡਰਸ਼ਿਪ ਤੇ ਉੱਗਲੀ ਉਠਾਈ ਗਈ ਹੈ। ਮੀਟਿੰਗ ਦੌਰਾਨ ਆਗੂਆਂ ਨੇ ਨਰਾਜ਼ਗੀ ਪ੍ਰਗਟਾਉਂਦਿਆ ਕਿਹਾ ਕਿ ਸੂਬਾ ਪ੍ਰਧਾਨ ਅਤੇ ਹੋਰ ਮੁੱਖ ਆਗੂਆਂ ਵੱਲੋਂ ਪਾਰਟੀ ਲਈ ਕੰਮ ਕਰਨ ਵਾਲੇ ਜ਼ਿਲ੍ਹੇ ਦੇ ਆਗੂਆਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਅਤੇ ਨਾ ਹੀ ਵਰਕਰਾਂ ਨਾਲ ਕਿਸੇ ਪ੍ਰਕਾਰ ਦਾ ਤਾਲਮੇਲ ਕੀਤਾ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਇਹ ਆਗੂ ਨਰਾਜ਼ ਹੋਣ ਕਾਰਨ ਪੀਡੀਏ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਚੋਣ ਮੁਹਿੰਮ ਵਿੱਚ ਵੀ ਫਿਲਹਾਲ ਦੀ ਘੜੀ ਪਿੱਛੇ ਹਟੇ ਹੋਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਸਪਾ ਦੇ ਇਨ੍ਹਾਂ ਨਰਾਜ਼ ਆਗੂਆਂ ਵੱਲੋਂ ਅਗਲੀ ਮੀਟਿੰਗ 6 ਅਪਰੈਲ ਨੂੰ ਰੱਖ ਲਈ ਲਈ ਗਈ ਹੈ, ਜਿਸ ਵਿੱਚ ਇਹ ਨਰਾਜ਼ ਆਗੂ ਕੋਈ ਵੀ ਧਮਾਕਾ ਕਰ ਸਕਦੇ ਹਨ, ਜੋਂ ਕਿ ਪੀਡੀਏ ਦੇ ਉਮੀਦਵਾਰ ਲਈ ਸਿਰਦਰਦੀ ਖੜ੍ਹੀ ਕਰ ਸਕਦੇ ਹਨ।
ਜ਼ਿਲ੍ਹੇ ਅੰਦਰ ਬਹੁਜਨ ਸਮਾਜ ਪਾਰਟੀ ਨਾਲ ਕਾਫ਼ੀ ਗਿਣਤੀ ਵਿੱਚ ਦਲਿਤ ਭਾਈਚਾਰਾ ਜੁੜਿਆ ਹੋਇਆ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਹੋਣ ਦੇ ਬਾਵਜ਼ੂਦ ਬਸਪਾ ਦੇ ਉਮੀਦਵਾਰ ਰਾਮ ਸਿੰਘ ਧੀਮਾਨ ਵੱਲੋਂ ਲਗਭਗ 15 ਹਜ਼ਾਰ ਵੋਟ ਪ੍ਰਾਪਤ ਕੀਤੀ ਗਈ ਸੀ। ਜਦਕਿ ਸਾਲ 2009 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ 60 ਹਜ਼ਾਰ ਦੇ ਕਰੀਬ ਵੋਟ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਪਈ ਸੀ।
ਬਹੁਜਨ ਸਮਾਜ ਪਾਰਟੀ ਦੇ ਇੱਕ ਨਰਾਜ ਆਗੂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਵੀ ਮੈਦਾਨ ਵਿੱਚ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਸਟੇਟ ਪ੍ਰਧਾਨ ਵੱਲੋਂ ਕਦੇ ਵੀ ਜ਼ਿਲ੍ਹੇ ਦੇ ਆਗੂਆਂ ਨਾਲ ਪਾਰਟੀ ਪ੍ਰਤੀ ਕੋਈ ਮੀਟਿੰਗ ਨਹੀਂ ਕੀਤੀ ਗਈ ਅਤੇ ਨਾ ਹੀ ਦੁੱਖ ਸੁੱਖ ਸੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਗ੍ਰਾਫ਼ ਤਾ ਪਹਿਲਾਂ ਹੀ ਹੇਠਾਂ ਜਾ ਰਿਹਾ ਹੈ ਅਤੇ ਜੋ ਆਗੂ ਪਾਰਟੀ ਲਈ ਮਿਹਨਤ ਕਰ ਰਹੇ ਹਨ, ਉਨ੍ਹਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਸ ਤੋਂ ਅੱਕ ਕੇ ਹੀ ਪਾਰਟੀ ਦੇ ਇਹ ਆਗੂ ਕੋਈ ਵੱਡਾ ਫੈਸਲਾ ਲੈਣ ਦੇ ਰੋਅ ਵਿੱਚ ਹਨ। ਉਨ੍ਹਾਂ ਕਿਹਾ ਕਿ 6 ਅਪਰੈਲ ਦੀ ਮੀਟਿੰਗ ਵਿੱਚ ਅਗਲਾ ਫੈਸਲਾ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।