ਦੇਸ਼ ਪੱਧਰੀ ਮੁਕਾਬਲਿਆਂ ’ਚ ਕਈ ਭੁੱਲੇ-ਵਿੱਸਰੇ ਸੂਬੇ ਮੂਹਰਲੀਆਂ ਪੁਜ਼ੀਸ਼ਨਾਂ ’ਤੇ ਆਏ
- ਪੰਜਾਬ ਦੇ ਹਿੱਸੇ ’ਚ ਆਏ ਸਿਰਫ਼ 10 ਸੋਨ ਤਮਗੇ, ਮਨੀਪੁਰ ਵਰਗੇ ਛੋਟੇ ਸੂਬਿਆਂ ਤੋਂ ਵੀ ਹੇਠਾਂ ਆਇਆ ਪੰਜਾਬ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਖੇਡੋ ਇੰਡੀਆ ’ਚ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ ਹੈ। ਕਿਸੇ ਸਮੇਂ ਪਹਿਲੇ ਨੰਬਰ ’ਤੇ ਰਹਿਣ ਵਾਲਾ ਪੰਜਾਬ ਹੁਣ 11ਵੇਂ ਨੰਬਰ ’ਤੇ ਪੁੱਜ ਗਿਆ ਹੈ। ਇਸ ਵਾਰ ਗਤਕੇ ਨੇ ਪੰਜਾਬ ਦੀ ਲਾਜ਼ ਰੱਖ ਲਈ ਹੈ, ਨਹੀਂ ਤਾਂ ਪੰਜਾਬ ਨੂੰ 13ਵਾਂ ਨੰਬਰ ਮਿਲਣਾ ਸੀ। ਸਾਰੀਆਂ ਖੇਡਾਂ ’ਚ ਸਿਰਫ਼ ਗਤਕਾ ਹੀ ਹੈ, ਜਿਸ ਵਿੱਚ ਪੰਜਾਬ ਨੇ 3 ਸੋਨ ਤਮਗੇ ਜਿੱਤੇ ਹਨ, ਜਦੋਂ ਕਿ ਬਾਕੀ 7 ਖੇਡਾਂ ’ਚ ਪੰਜਾਬ ਨੂੰ ਇੱਕ ਤੋਂ ਜਿਆਦਾ ਸੋਨ ਤਮਗਾ ਨਹੀਂ ਮਿਲਿਆ। ਇਸ ਦੇ ਨਾਲ ਹੀ ਪੰਜਾਬ ਖ਼ੁਦ ਦੀ ਰਵਾਇਤੀ ਖੇਡਾਂ ’ਚ ਹੀ ਫਾਡੀ ਰਿਹਾ ਹੈ।
ਕਬੱਡੀ ਤੇ ਖੋ-ਖੋ ਪੰਜਾਬ ਦੀ ਰਵਾਇਤੀ ਖੇਡ ਹੋਣ ਦੇ ਬਾਵਜ਼ੂਦ ਇਸ ਵਿੱਚ ਪੰਜਾਬ ਦਾ ਪ੍ਰਦਰਸ਼ਨ ਕਾਫ਼ੀ ਜਿਆਦਾ ਮਾੜਾ ਰਿਹਾ ਹੈ। ਹਾਕੀ ਇੰਡੀਆ ’ਚ ਪੰਜਾਬ ਤੋਂ ਹੀ ਸਭ ਤੋਂ ਜਿਆਦਾ ਖਿਡਾਰੀ ਹਨ ਪਰ ਖੇਡੋ ਇੰਡੀਆ ’ਚ ਪੰਜਾਬ ਦੇ ਬੱਚਿਆ ਦੇ ਹੱਥ ਹਾਕੀ ’ਚ ਸੋਨ ਤਾਂ ਦੂਰ ਕਾਂਸੀ ਵੀ ਹੱਥ ਨਹੀਂ ਲੱਗਿਆ ਹੈ। ਪੰਜਾਬ ਦੇ ਇਸ ਮਾੜੇ ਪ੍ਰਦਰਸ਼ਨ ਲਈ ਸੂਬੇ ਦੇ ਖੇਡ ਮੰਤਰੀ ਵੀ ਅਫ਼ਸੋਸ ਪ੍ਰਗਟ ਕਰਦੇ ਹੋਏ ਪਿਛਲੀਆਂ ਸਰਕਾਰਾਂ ਨੂੰ ਹੀ ਦੋਸ਼ੀ ਠਹਿਰਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖਿਡਾਰੀ ਇੱਕ ਸਾਲ ’ਚ ਨਹੀਂ, ਸਗੋਂ 10 ਸਾਲ ਦੀ ਮਿਹਨਤ ਨਾਲ ਤਿਆਰ ਹੁੰਦੇ ਹਨ ਪਰ ਪਿਛਲੀਆਂ ਸਰਕਾਰਾਂ ਨੇ ਖਿਡਾਰੀਆਂ ਨੂੰ ਤਿਆਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਜਿਸ ਕਾਰਨ ਹੀ ਸੂਬੇ ਦਾ ਇੰਨਾ ਜਿਆਦਾ ਮਾੜਾ ਹਾਲ ਹੋਇਆ ਹੈ। ਜਾਣਕਾਰੀ ਅਨੁਸਾਰ 31 ਜਨਵਰੀ ਤੋਂ ਲੈ ਕੇ 11 ਫਰਵਰੀ ਤੱਕ ਮੱਧ ਪ੍ਰਦੇਸ਼ ਵਿਖੇ ਖੇਡੋ ਇੰਡੀਆ ਦੇ ਤਹਿਤ 25 ਸੂਬਿਆਂ ਦੇ 5 ਹਜ਼ਾਰ ਤੋਂ ਜਿਆਦਾ ਖਿਡਾਰੀਆ ਨੇ ਭਾਗ ਲਿਆ ਸੀ। ਇਨ੍ਹਾਂ ਖੇਡਾਂ ’ਚ 18 ਸਾਲ ਤੋਂ ਘੱਟ ਉਮਰ ਦਾ ਹੀ ਵਿਦਿਆਰਥੀ ਭਾਗ ਲੈ ਸਕਦਾ ਹੈ ਤੇ ਇਨ੍ਹਾਂ ਖੇਡਾਂ ਰਾਹੀਂ ਹੀ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਸੂਬਾ ਭਵਿੱਖ ਲਈ ਆਪਣੇ ਬੱਚਿਆ ਨੂੰ ਤਿਆਰ ਕਰ ਰਿਹਾ ਹੈ।
ਕਦੇ ਇੱਕ ਨੰਬਰ ’ਤੇ ਰਿਹਾ ਸੀ ਪੰਜਾਬ
ਸਾਲ 2001 ’ਚ ਪੰਜਾਬ ਇਨ੍ਹਾਂ ਖੇਡਾਂ ’ਚ ਪਹਿਲੇ ਨੰਬਰ ਤੱਕ ਰਿਹਾ ਹੈ ਪਰ ਇਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਦਾ ਪ੍ਰਦਰਸ਼ਨ ਕਾਫ਼ੀ ਜਿਆਦਾ ਮਾੜਾ ਚੱਲਦਾ ਰਿਹਾ ਹੈ ਤੇ ਹੁਣ ਤਾਂ ਪੰਜਾਬ ਉਨ੍ਹਾਂ ਸੂਬਿਆਂ ਤੋਂ ਵੀ ਪੱਛੜਦਾ ਨਜ਼ਰ ਆ ਰਿਹਾ ਹੈ, ਜਿਹੜੇ ਸੂਬੇ ਖੇਡਾਂ ਦੇ ਮਾਮਲੇ ’ਚ ਹਮੇਸ਼ਾ ਹੀ ਪਿੱਛੇ ਰਹੇ ਹਨ ਤੇ ਜਿਨ੍ਹਾਂ ਸੂਬਿਆਂ ਕੋਲ ਖੇਡਾਂ ਲਈ ਕੋਈ ਜਿਆਦਾ ਸਾਜੋ ਸਮਾਨ ਹੀ ਨਹੀਂ ਹੈ। ਪੰਜਾਬ ਨੂੰ ਖੇਡੋ ਇੰਡੀਆ 2023 ਵਿੱਚ 11ਵਾਂ ਸਥਾਨ ਮਿਲਿਆ ਹੈ, ਜਦੋਂ ਕਿ ਇੱਥੇ ਤੱਕ ਵੀ ਗਤਕੇ ਨੇ ਪੰਜਾਬ ਨੂੰ ਪਹੁੰਚਾਇਆ ਹੈ। ਸੂਬੇ ਦੇ ਹੱਥ ਕੁਲ 10 ਸੋਨ ਤਮਗੇ ਲੱਗੇ ਹਨ, ਇਸ ’ਚ 3 ਸੋਨ ਤਮਗੇ ਗਤਕੇ ਵਿੱਚੋਂ ਹੀ ਆਏ ਹਨ ਜਦੋਂਕਿ ਕਬੱਡੀ, ਹਾਕੀ, ਖੋ ਖੋ, ਬੌਕਸਿੰਗ, ਤੈਰਾਕੀ, ਨਿਸ਼ਾਨੇਬਾਜ਼ੀ ਵਿੱਚ ਸੂਬੇ ਨੂੰ ਇੱਕ ਵੀ ਤਗਮਾ ਨਹੀਂ ਮਿਲਿਆ।
ਖਿਡਾਰੀਆਂ ਨੂੰ ਤਿਆਰ ਕਰਨ ਲਈ ਚਾਹੀਦੇ 10 ਸਾਲ, ਸਾਡੀਆਂ ਨੀਤੀਆਂ ਨਾਲ ਮਿਲੇਗਾ ਫਾਇਦਾ : ਮੀਤ ਹੇਅਰ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖਿਡਾਰੀ ਰਾਤੋਂ ਰਾਤ ਤਿਆਰ ਨਹੀਂ ਹੋ ਸਕਦੇ ਹਨ। ਇਸ ਲਈ ਘੱਟ ਤੋਂ ਘੱਟ 10 ਸਾਲ ਦਾ ਸਮਾਂ ਲੱਗ ਜਾਂਦਾ ਹੈ। ਪਿਛਲੀਆਂ ਸਰਕਾਰਾਂ ਦੀ ਗਲਤ ਨੀਤੀਆਂ ਦਾ ਹੀ ਇਹ ਨਤੀਜਾ ਹੈ ਕਿ ਪੰਜਾਬ ਸਭ ਤੋਂ ਮਾੜੇ ਪ੍ਰਦਰਸ਼ਨ ਵਿੱਚੋਂ ਗੁਜ਼ਰ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨੂੰ ਲੈ ਕੇ ਚੰਗੀ ਪਾਲਿਸੀ ਅਨੁਸਾਰ ਕੰਮ ਕਰ ਰਹੀ ਹੈ। ਅਗਲੇ ਆਉਣ ਵਾਲੇ ਕੁਝ ਸਾਲਾਂ ਬਾਅਦ ਹੀ ਚੰਗੇ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਦੀ ਸਰਕਾਰ ਵਿੱਚ ਖਿਡਾਰੀਆਂ ਨੂੰ ਚੰਗੇ ਵਾਤਾਵਰਨ ਨਾਲ ਹੀ ਸਾਰਾ ਸਾਜੋ ਸਮਾਨ ਮਿਲੇਗਾ ਤਾਂ ਕਿ ਉਹ ਅਗਲੇ ਕੁਝ ਸਾਲਾਂ ਵਿੱਚ ਖੇਡਾਂ ਲਈ ਤਿਆਰ ਹੋ ਸਕਣ।
ਕਿਹੜੇ ਸੂਬੇ ਨੂੰ ਮਿਲੇ ਕਿੰਨੇ ਮੈਡਲ
ਸਥਾਨ ਸੂਬਾ ਸੋਨ ਚਾਂਦੀ ਕਾਂਸੀ ਕੁੱਲ
1 ਮਹਾਰਾਸ਼ਟਰ 53 54 48 155
2 ਹਰਿਆਣਾ 40 27 50 117
3 ਮੱਧ ਪ੍ਰਦੇਸ਼ 38 30 27 95
4 ਰਾਜਸਥਾਨ 17 10 17 44
5 ਕੇਰਲਾ 15 12 19 46
6 ਦਿੱਲੀ 13 21 24 58
7 ਮਨੀਪੁਰ 13 09 12 34
8 ਤਮਿਲਨਾਡੂ 11 18 20 49
9 ਉੜੀਸਾ 11 08 11 30
10 ਪੱਛਮੀ ਬੰਗਾਲ 10 13 14 37
11 ਪੰਜਾਬ 10 07 14 31
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ