ਬਾਬਰ ਅਲੀ ਦਾ 11 ਮਹੀਨਿਆਂ ਪਿੱਛੋਂ ਮਾਪਿਆਂ ਨਾਲ ਹੋਵੇਗਾ ਮਿਲਾਪ

ਹੁਸ਼ਿਆਪੁਰ, (ਰਾਜੀਵ ਸ਼ਰਮਾ)। ਜੁਵੇਨਾਇਲ ਹੋਮ ਹੁਸ਼ਿਆਰਪੁਰ ਵਿਖੇ ਸਜ਼ਾ ਕੱਟ ਚੁੱਕੇ ਕਰੀਬ 17 ਸਾਲਾ ਬਾਬਰ ਅਲੀ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਹਗਾ ਬਾਰਡਰ, ਅਟਾਰੀ ਰਾਹੀਂ ਸਹੀ ਸਲਾਮਤ ਪਾਕਿਸਤਾਨ ਭੇਜ ਦਿੱਤਾ ਗਿਆ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਬਾਬਰ ਅਲੀ ਨੂੰ ਆਪਣੇ ਘਰ (ਪਾਕਿਸਤਾਨ) ਪਹੁੰਚਾਉਣ ਵਿੱਚ ਹਲਕਾ ਵਿਧਾਇਕ ਹੁਸ਼ਿਆਰਪੁਰ ਸ਼੍ਰੀ ਸੁੰਦਰ ਸ਼ਾਮ ਅਰੋੜਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਸੀ, ਜਿਸ ਵਿਚ ਬਾਬਰ ਅਲੀ ਨੂੰ ਪਾਕਿਸਤਾਨ ਭੇਜਣ ਲਈ ਯੋਗ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਸੀ ਉਹਨਾਂ ਦੱਸਿਆ ਕਿ ਬਾਬਰ ਅਲੀ ਚੱਕ ਨੰਬਰ-175, ਤਹਿਸੀਲ ਮਾਨਾਂਵਾਲਾ, ਜ਼ਿਲ੍ਹਾ ਸ਼ੇਖੂਪੁਰ, ਪੰਜਾਬ (ਪਾਕਿਸਤਾਨ) ਦਾ ਰਹਿਣ ਵਾਲਾ ਹੈ ਅਤੇ 12 ਜੁਲਾਈ 2016 ਨੂੰ ਸਰਹੱਦ ਪਾਰ ਕਰਕੇ ਭਾਰਤ (ਪੁਲਿਸ ਸਟੇਸ਼ਨ ਰਾਮਦਾਸ, (ਅੰਮ੍ਰਿਤਸਰ) ਦਾਖਲ ਹੋ ਗਿਆ ਸੀ ਅਤੇ ਪ੍ਰਿੰਸੀਪਲ ਮੈਜਿਸਟ੍ਰੇਟ ਜੁਵੇਨਾਇਲ ਜਸਟਿਸ ਬੋਰਡ ਅੰਮ੍ਰਿਤਸਰ ਵੱਲੋਂ ਇਸ ਬੱਚੇ ਨੂੰ 14 ਜੁਲਾਈ 2016 ਨੂੰ ਜੁਵੇਨਾਇਲ ਹੋਮ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ ਸੀ । ਉਹਨਾਂ ਦੱਸਿਆ ਕਿ ਇਸ ਬੱਚੇ ਨੂੰ ਅੱਜ ਜੁਵੇਨਾਇਲ ਹੋਮ ਦੇ ਸੁਪਰਡੈਂਟ ਸ਼੍ਰੀ ਨਰੇਸ਼ ਕੁਮਾਰ, ਚਾਈਲਡ ਪ੍ਰੋਟੈਕਸ਼ਨ ਅਫ਼ਸਰ ਸ਼੍ਰੀ ਯੋਗੇਸ਼ ਕੁਮਾਰ ਸਮੇਤ ਪੁਲਿਸ ਗਾਰਦ ਵੱਲੋਂ ਪਾਕਿਸਤਾਨ ਰੇਂਜਰਜ਼ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਹਲਕਾ ਵਿਧਾਇਕ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜੁਵੇਨਾਇਲ ਹੋਮ ਵਿੱਚ ਉਨ੍ਹਾਂ ਵੱਲੋਂ ਸਮੇਂ-ਸਮੇਂ ‘ਤੇ ਦੌਰਾ ਕੀਤਾ ਜਾਂਦਾ ਹੈ, ਤਾਂ ਜੋ ਸਜ਼ਾ ਪੂਰੀ ਕਰ ਚੁੱਕੇ ਬੱਚਿਆਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰ, ਦੇਸ਼ ਪਹੁੰਚਾਇਆ ਜਾ ਸਕੇ ਉਨ੍ਹਾਂ ਦੱਸਿਆ ਕਿ ਬਾਕੀ ਬੱਚਿਆਂ ਨੂੰ ਵੀ ਸਹੀ ਸਲਾਮਤ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਉਹ ਯਤਨ ਕਰਦੇ ਰਹਿਣਗੇ।