ਅਫਵਾਹਾਂ ਤੋਂ ਕਰੋ ਗੁਰੇਜ਼, ਇਲਾਜ ਤੋਂ ਚੰਗਾ ਪ੍ਰਹੇਜ਼

ਅਫਵਾਹਾਂ ਤੋਂ ਕਰੋ ਗੁਰੇਜ਼, ਇਲਾਜ ਤੋਂ ਚੰਗਾ ਪ੍ਰਹੇਜ਼

ਅੱਜ ਜਿੱਥੇ ਇਨਫਰਮੇਸ਼ਨ ਟੈਕਨਾਲੋਜੀ ਤੇਜ਼ ਹੋਈ ਹੈ, ਉੱਥੇ ਨਾਲ-ਨਾਲ ਵਾਇਰਸ ਦੀ ਆਵਾਜਾਈ ਨੇ ਵੀ ਰਫਤਾਰ ਨੂੰ ਅੰਜਾਮ ਦਿੱਤਾ ਹੈ। ਇਸ ਦਾ ਮੁੱਢਲਾ ਕਾਰਨ ਲੋਕਾਂ ਵੱਲੋਂ ਆਪਣੀਆਂ ਲੋੜਾਂ ਦੀ ਪੂਰਤੀ ਲਈ ਪਰਵਾਸ ਹੈ। ਇਨਸਾਨੀ ਜਿੰਦਗੀ ਜਾਂ ਮੌਤ ਮਾਲਕ ਨੇ ਆਪਣੇ ਅਧਿਕਾਰ ਖੇਤਰ ਵਿਚ ਰੱਖੀ ਹੋਣ ਕਰਕੇ ਵਾਇਰਸ ਮਨੁੱਖ ਨੂੰ ਮਨੁੱਖ ਦੇ ਕੰਮ ਆਉਣ ਪ੍ਰਤੀ ਸਿੱਖਿਆ ਵੀ ਦਿੰਦਾ ਹੈ।

ਅੱਜ ਲੋੜ ਹੈ ਚੰਗੇ ਨਾਗਰਿਕ ਬਣਨ ਦੀ ਜਿਸ ਨਾਲ ਅਸੀਂ ਆਪਣਾ ਤੇ ਆਪਣਿਆਂ ਦਾ ਕੁਝ ਨਾ ਕੁਝ ਸਵਾਰ ਸਕੀਏ ਕਿਉਂਕਿ ਕੋਰੋਨਾ ਵਾਇਰਸ ਇੰਨਾ ਡਰ ਜਾਂ ਉਤੇਜਨਾ ਪੈਦਾ ਨਹੀਂ ਕਰ ਰਿਹਾ ਜਿੰਨਾ ਅਸੀਂ ਸੋਸ਼ਲ ਮੀਡੀਆ ਰਾਹੀਂ ਖੁਦ ਇੱਕ-ਦੂਸਰੇ ਨੂੰ ਗਲਤ ਤੇ ਬੇਤੁਕੇ ਸੰਦੇਸ਼ ਭੇਜ ਕੇ ਸਮਾਜ ਵਿਚ ਹਲਚਲ ਪੈਦਾ ਕਰ ਰਹੇ ਹਾਂ।ਕੋਰੋਨਾ ਨਾਲ ਨਜਿੱਠਣ ਲਈ ਸਾਨੂੰ ਸਰੀਰ ਤੰਦਰੁਸਤ ਤੇ ਮਨ ਬਲਵਾਨ ਚਾਹੀਦਾ ਹੈ ਪ੍ਰੰਤੂ ਇਹ ਸੋਸ਼ਲ ਮੀਡੀਆ ਦੇ ਨੈਗੇਟਿਵ ਸੰਦੇਸ਼ਾਂ ਦਾ ਅਦਾਨ-ਪ੍ਰਦਾਨ ਸਾਡੇ ਮਨ ਨੂੰ ਨਿਸ਼ਾਨਾ ਬਣਾ ਰਿਹਾ ਹੈ ਤੇ ਮਨ ਸਾਡੀ ਤੰਦਰੁਸਤੀ ਨੂੰ ਨਿਸ਼ਾਨਾ ਬਣਾ ਰਿਹਾ ਹੈ

ਨਤੀਜਨ ਜਦੋਂ ਸਾਡਾ ਮਨ ਤੇ ਸਰੀਰ ਬਲਵਾਨ ਨਾ ਰਿਹਾ ਤਾਂ ਕੋਰੋਨਾ ਸਾਨੂੰ ਢਾਹ ਲਵੇਗਾ ਇਸ ਲਈ ਸਭ ਤੋਂ ਵੱਡੀ ਸੂਚਨਾ ਇਹੀ ਹੈ ਕਿ ਗਲਤ ਤੇ ਮਨਘੜਤ ਸੂਚਨਾਵਾਂ ਦਾ ਅਦਾਨ ਪ੍ਰਦਾਨ ਬੰਦ ਕੀਤਾ ਜਾਵੇ ਮਹਾਂਮਾਰੀ ਕਾਰਨ ਮੌਜੂਦਾ ਸਮੇਂ ਵਿੱਚ ਮੌਤ ਦਰ ਲਗਾਤਾਰ ਵਧ ਰਹੀ ਹੈ, ਵਾਇਰਸ ਦੇ ਖਤਰਨਾਕ ਰੂਪ ਧਾਰਨ ਕਰਨ ਨਾਲ ਨੌਜਵਾਨ ਵੀ ਮੌਤ ਦੀ ਆਗੋਸ਼ ਵਿਚ ਜਾ ਰਹੇ ਹਨ ਬਾਕੀਆਂ ਦਾ ਹਾਲ ਤਾਂ ਚੌਵੀ ਘੰਟੇ ਨਿਊਜ ਚੈਨਲ ਦੱਸ ਹੀ ਰਹੇ ਹਨ। ਇਸ ਦਾ ਮੁੱਢਲਾ ਕਾਰਨ ਸਾਡਾ ਵਾਇਰਸ ਪ੍ਰਤੀ ਜਾਗਰੂਕ ਨਾ ਹੋਣਾ ਅਤੇ ਅਣਗਹਿਲੀ ਹੈ।

ਅਕਸਰ ਲੋਕ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਕੋਰੋਨਾ ਵੈਕਸਿਨ ਲਵਾਉਣ ਨਾਲ ਇਨਸਾਨ ਨੂੰ ਆਉਣ ਵਾਲੇ ਸਮੇਂ ਵਿੱਚ ਭਿਆਨਕ ਸਮੱਸਿਆਵਾਂ ਜਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਸੋਸ਼ਲ ਮੀਡੀਆ ’ਤੇ ਤਰ੍ਹਾਂ-ਤਰ੍ਹਾਂ ਦੇ ਨਕਾਰਾਤਮਿਕ ਆਡੀਓ ਤੇ ਵੀਡੀਓ ਸੰਦੇਸ਼ ਸੁਣਨ ਤੇ ਦੇਖਣ ਨੂੰ ਮਿਲ ਰਹੇ ਹਨ। ਇੱਕ ਸੱਜਣ ਤਾਂ ਇੱਥੋਂ ਤੱਕ ਕਹਿ ਰਿਹਾ ਸੀ ਕਿ ਪੂਰੀ ਦੁਨੀਆਂ ਦੀ ਅਬਾਦੀ ਘਟਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ,

ਜਿਸ ਤਰ੍ਹਾਂ ਉਹ ਉਸ ਮੀਟਿੰਗ ਦਾ ਹਿੱਸਾ ਹੋਵੇ, ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਹੋਵੇਕੋਰੋਨਾ ਦੇ ਮੁੱਢਲੇ ਲੱਛਣ, ਲੋਕਾਂ ਨੂੰ ਖੁਦ ਪਤਾ ਹੋਣ ਦੇ ਬਾਵਜੂਦ ਮਾਹਿਰ ਡਾਕਟਰਾਂ ਜਾਂ ਹਸਪਤਾਲਾਂ ਵਿੱਚ ਦਵਾਈ ਲੈਣ ਜਾਂ ਚੈੱਕ ਕਰਵਾਉਣ ਤੋਂ ਕੰਨੀ ਕਤਰਾਉਂਦੇ ਹਨ, ਤੇ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਹਸਪਤਾਲ ਵਿਚ ਦਾਖਲ ਕਰਕੇ ਉਹ ਸਾਨੂੰ ਮਾਰ ਦੇਣਗੇ। ਜਦਕਿ ਅਜਿਹਾ ਬਿਲਕੁਲ ਨਹੀਂ ਹੈ। ਤੁਹਾਡੇ ਕੋਰੋਨਾ ਪਾਜ਼ਿਟਿਵ ਆਉਣ ’ਤੇ ਤੁਹਾਨੂੰ ਗੰਭੀਰ ਸਥਿਤੀ ਨਾ ਆਉਣ ਤੱਕ, ਘਰ ਵਿੱਚ ਅਲੱਗ ਰਹਿ ਕੇ ਸਰਕਾਰ ਵੱਲੋਂ ਤਿਆਰ ਕੀਤੀ ‘ਫਤਿਹ ਕਿੱਟ’ ਦੇ ਕੇ ਜਲਦੀ ਠੀਕ ਹੋਣ ਲਈ ਨੁਕਤੇ ਦੱਸੇ ਜਾਂਦੇ ਹਨ। ਬਾਕੀ ਜਨਮ ਤੇ ਮੌਤ ਤਾਂ ਉਸ ਵਾਹਿਗੁਰੂ ਦੇ ਹੱਥ ਵਿੱਚ ਹੈ। ਪਰ ਕੋਸ਼ਿਸ਼ ਤਾਂ ਇਨਸਾਨ ਨੂੰ ਕਰਨੀ ਹੀ ਪਵੇਗੀ

ਲੋਕ ਮੁੱਢਲੇ ਲੱਛਣ ਹੋਣ ਦੇ ਬਾਵਜੂਦ ਅਣਜਾਣ ਡਾਕਟਰਾਂ ਜਾਂ ਹਕੀਮਾਂ ਤੋਂ ਓਹੜ-ਪੋਹੜ ਕਰਵਾਉਂਦੇ ਹਨ ਤੇ ਉਹ ਵੀ ਆਪਣਾ ਬਿਜ਼ਨਸ ਚੱਲਦਾ ਰੱਖਣ ਖਾਤਰ ਲੋਕਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੇ ਹਨ, ਕਿ ਸਰਕਾਰੀ ਹਸਪਤਾਲ ਨਾ ਜਾਇਓ ਉੱਥੋਂ ਤਾਂ ਪੈਕ ਕਰਕੇ ਸਿੱਧਾ ਸਿਵਿਆਂ ਵਿੱਚ ਹੀ ਭੇਜਣਗੇ। ਅਜਿਹਾ ਤਾਂ ਹੋ ਰਿਹਾ ਹੈ, ਮੁੱਢਲੇ ਲੱਛਣਾਂ ਵਿੱਚ ਅਸੀਂ ਇੱਧਰ-ਉੱਧਰ ਜਾ ਕੇ ਸਮਾਂ ਬਰਬਾਦ ਕਰ ਦਿੰਦੇ ਹਾਂ। ਅੱਠ-ਦਸ ਦਿਨਾਂ ਵਿੱਚ ਸਥਿਤੀ ਗੰਭੀਰ ਹੋ ਜਾਂਦੀ ਹੈ,

ਫੇਫੜੇ ਇਨਫੈਕਸਨ ਨਾਲ ਬਿਲਕੁਲ ਬੰਦ ਹੋ ਜਾਂਦੇ ਹਨ, ਜਿਸ ਨਾਲ ਆਕਸੀਜ਼ਨ ਦਾ ਪੱਧਰ ਫਿਰ ਦੁਬਾਰਾ ਪੂਰਾ ਹੁੰਦਾ ਹੀ ਨਹੀਂ, ਤੇ ਅਸੀਂ ਮਰੀਜ ਨੂੰ ਅਖੀਰਲੇ ਦਿਨ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਦਾਖਲ ਕਰਵਾਉਂਦੇ ਹਾਂ ਤੇ ਨਤੀਜਾ ਭਿਆਨਕ ਨਿੱਕਲਦਾ ਹੈ। ਸਾਡੀ ਇਸ ਅਣਗਹਿਲੀ ਕਾਰਨ ਹੀ ਮੌਤ ਦਰ ਵਧ ਰਹੀ ਹੈ। ਜੇਕਰ ਪਹਿਲੇ ਦਿਨ ਹੀ ਟੈਸਟ ਕਰਵਾ ਕੇ ਸਰਕਾਰੀ ਹਸਪਤਾਲ ਤੋਂ ਦਵਾਈ ਲਈ ਜਾਵੇ ਤਾਂ ਵੱਧ ਜਾਨਾਂ ਬਚਾਈਆਂ ਜਾ ਸਕਦੀਆਂ ਹਨ।ਇਸ ਲਈ ਸਾਰਾ ਦੋਸ਼ ਸਰਕਾਰਾਂ ਸਿਰ ਮੜ੍ਹਨ ਦੀ ਬਜਾਏ ਕਿਤੇ ਨਾ ਕਿਤੇ ਅਸੀਂ ਖੁਦ ਵੀ ਜਿੰਮੇਵਾਰ ਹਾਂ ਸਰਕਾਰਾਂ ਕੋਲ ਸਾਧਨਾਂ ਦੀ ਕਮੀ ਜ਼ਰੂਰ ਹੈ, ਇਹ ਵਾਇਰਸ ਹੈ ਹੀ ਅਜਿਹਾ, ਆਪਣੇ ਰੂਪ ਲਗਾਤਾਰ ਬਦਲ ਰਿਹਾ ਹੈ। ਬਾਹਰਲੇ ਕਈ ਮੁਲਕਾਂ ਨੇ ਵੀ ਇਸ ਅੱਗੇ ਗੋਡੇ ਟੇਕੇ ਹਨ।

ਸਾਡਾ ਦੇਸ਼ ਵੱਧ ਅਬਾਦੀ, ਵੱਧ ਗਰੀਬੀ ਤੇ ਵੱਧ ਅਨਪੜ੍ਹਤਾ ਵਾਲਾ ਮੁਲਕ ਹੈ। ਜਾਗਰੂਕਤਾ ਦੀ ਵੀ ਵੱਡੀ ਕਮੀ ਹੈ। ਬੱਸ ਲੋੜ ਹੈ ਕਿਸੇ ਨੂੰ ਉਲਾਂਭਾ ਦੇਣ ਦੀ ਬਜਾਏ ਸੰਜਮ ਤੇ ਚੌਕਸੀ ਰੱਖੋ ਨਾ ਕਿ ਥਾਪੀਆਂ ਮਾਰਦੇ ਫਿਰੋ ਕਿ ਮੇਰੇ ਕੋਲ ਆਵੇ ਕੋਰੋਨਾ ਮੈਂ ਦੇਖਾਂਗਾ। ਮਾਹਿਰ ਡਾਕਟਰਾਂ ਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਯਕੀਨੀ ਬਣਾਇਆ ਜਾਵੇ, ਜੋ ਬਹੁਤ ਹੀ ਸਪੱਸ਼ਟ ਤੇ ਸੌਖੇ ਤਰੀਕੇ ਮਿਲ ਰਹੀਆਂ ਹਨ। ਅਸੀਂ ਕਿਉਂ ਸਮਾਜ ਦੇ ਦੁਸ਼ਮਣ ਬਣੇ ਬੈਠੇ ਹਾਂ ਸਾਨੂੰ ਇਹ ਇਜਾਜਤ ਕਿਸ ਨੇ ਦਿੱਤੀ ਹੈ ਕਿ ਅਸੀਂ ਲੋਕਾਂ ਨੂੰ ਕੁਰਾਹੇ ਪਾਈਏ।ਕੁਦਰਤ ਸਮੇਂ-ਸਮੇਂ ਸਿਰ ਅਜਿਹੇ ਭਾਣੇ ਵਰਤਾ ਕੇ ਆਪਣੇ ਆਪ ਵਿੱਚ ਬਲਵਾਨ ਹੋਣ ਦਾ ਸਬੂਤ ਦੇ ਰਹੀ ਹੈ। ਇਨਸਾਨ ਆਪਣੇ ਪੈਸੇ ਦੇ ਹੰਕਾਰ ’ਚ ਚੂਰ ਹੋਇਆ

ਇਸ ਤੋਂ ਸਿੱਖਿਆ ਨਹੀਂ ਲੈਂਦਾ, ਬਲਕਿ ਇਸ ਦੇ ਤੋੜ ਲੱਭਣ ਵਿੱਚ ਆਪਣਾ ਸਮਾਂ ਵਿਅਰਥ ਕਰਦਾ ਹੈ ਦੇਖਣ-ਸੁਣਨ ਵਿੱਚ ਆਇਆ ਕਿ ਲੋੜਵੰਦ ਲੋਕਾਂ ਨੂੰ ਲੁੱਟਣ ਲਈ ਅੱਜ ਸਾਡੇ ਹੀ ਸਮਾਜ ਦੇ ਕੁੱਝ ਬਾਸ਼ਿੰਦੇ, ਚਾਰ-ਚੁਫੇਰੇ ਦਲਾਲ ਬਣ ਕੇ ਸ਼ਰੇਆਮ ਘੁੰਮ ਰਹੇ ਹਨ। ਜਿਨ੍ਹਾਂ ਅੰਦਰੋਂ ਇਨਸਾਨੀਅਤ ਮਰ ਗਈ ਹੈ, ਜਮੀਰ ਮਰ ਚੁੱਕੀ ਹੈ, ਲਾਸ਼ਾਂ ਦਾ ਮੁੱਲ ਵੱਟਿਆ ਜਾ ਰਿਹੈ। ਬਹੁਤ ਜਗ੍ਹਾ ਦੁਨੀਆਂ ਵਿੱਚ ਅੱਜ ਵੀ ਇਨਸਾਨੀਅਤ ਜਿੰਦਾ ਹੈ, ਇਸ ਦੀਆਂ ਤਾਜਾ ਮਿਸਾਲਾਂ ਕਰਫਿਊ ਦੌਰਾਨ ਦੇਖਣ ਨੂੰ ਮਿਲੀਆਂ ਹਨ ਆਮ ਲੋਕ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਗੁਪਤ ਦਾਨੀ ਆਦਿ ਲੋਕਾਂ ਵੱਲੋਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋੜਵੰਦ ਲੋਕਾਂ ਨੂੰ ਘਰੇਲੂ ਜਰੂਰਤਾਂ ਦਾ ਸਾਮਾਨ ਵੰਡ ਕੇ ਇਨਸਾਨੀਅਤ ਵਿਖਾ ਰਹੇ ਹਨ ਅਜਿਹੇ ਕਾਰਜ ਕਰਨ ਲਈ ਪੰਜਾਬੀਆਂ ਦਾ ਨਾਂਅ ਮੂਹਰਲੀਆਂ ਕਤਾਰਾਂ ਵਿਚ ਪਹਿਲੇ ਨੰਬਰ ’ਤੇ ਆਉਂਦਾ ਹੈ।

ਪੰਜਾਬੀ ਕਿਸੇ ਨੂੰ ਦੁੱਖ ਵਿਚ ਤੜਫਦਾ ਦੇਖ ਕੇ ਮੱਦਦ ਕਰਨੋ ਰਹਿ ਨਹੀਂ ਸਕਦੇ ਇਸੇ ਕਰਕੇ ਕੋਈ ਰਾਸ਼ਨ ਵੰਡ ਰਿਹਾ ਹੈ, ਕੋਈ ਦਵਾਈਆਂ, ਕੋਈ ਮਾਸਕ, ਕੋਈ ਸੈਨੇਟਾਈਜ਼ਰ ਆਦਿ ਚੀਜਾਂ ਵੰਡ ਕੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਦੇ ਕਾਬਲ ਬਣਾ ਰਿਹਾ ਹੈ।ਉੱਥੇ ਫਰੰਟਲਾਈਨ ਵਾਰੀਅਰਜ਼, ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ, ਸਫਾਈ ਕਰਮਚਾਰੀ ਚਾਰ-ਚੁਫੇਰੇ ਘੁੰਮ ਰਹੀ ਡਰੌਣੀ ਮੌਤ ਦੀ ਪਰਵਾਹ ਕੀਤੇ ਬਿਨਾਂ ਸਮੁੱਚੀ ਇਨਸਾਨੀਅਤ ਨੂੰ ਇਸ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਦਿਨ-ਰਾਤ ਇੱਕ ਕਰਕੇ ਲੱਗੇ ਹੋਏ ਹਨ ਸਾਡੀਆਂ ਸਰਕਾਰਾਂ ਨੂੰ ਇਨ੍ਹਾਂ ਦੀ ਸਿਹਤ ਤੇ ਇਨ੍ਹਾਂ ਦੇ ਪਰਿਵਾਰ ਵੱਲ ਖਾਸ ਤਵੱਜੋਂ ਦੇਣ ਦੀ ਲੋੜ ਹੈ। ਕਿਉਂਕਿ ਇਹ ਅਮਲਾ ਚੌਵੀ ਘੰਟੇ ਮੌਤ ਦੇ ਸਾਏ ਹੇਠ ਤੱਤਪਰ ਰਹਿੰਦਾ ਹੈ।

ਸਾਨੂੰ ਸਾਰਿਆਂ ਨੂੰ ਵੀ ਇਨ੍ਹਾਂ ਪ੍ਰਤੀ ਹਮਦਰਦੀ ਤੇ ਸਨਮਾਨ ਕਾਇਮ ਰੱਖਣਾ ਅਤੀ ਜਰੂਰੀ ਹੈ। ਸਾਡੇ ਵੱਲੋਂ ਭੇਜੀਆਂ ਗਲਤ ਸੂਚਨਾਵਾਂ ਦੇ ਆਦਾਨ-ਪ੍ਰਦਾਨ ਨਾਲ ਜੇਕਰ ਮਹਾਂਮਾਰੀ ਰੱਬ ਨਾ ਕਰੇ ਹੋਰ ਵਿਕਰਾਲ ਰੂਪ ਧਾਰਨ ਕਰ ਲੈਂਦੀ ਹੈ ਤਾਂ ਇਨਸਾਨੀਅਤ ਕਿੱਥੇ ਮੂੰਹ ਲਕੋਏਗੀ?ਇਸ ਲਈ ਅੱਜ ਜਰੂਰਤ ਹੈ ਇਸ ਦੁੱਖ ਦੀ ਘੜੀ ਵਿੱਚ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ। ਮਨ ਵਿੱਚ ਉਦਾਸੀ ਹੈ! ਕੁਦਰਤ ਕਹਿਰ ਵਾਲਾ ਰੂਪ ਧਾਰਨ ਕਰ ਚੁੱਕੀ ਹੈ! ਕੀ ਵੱਡੇ, ਕੀ ਛੋਟੇ ਸਭ ਕੁਦਰਤੀ ਕਰੋਪੀ ਦਾ ਸ਼ਿਕਾਰ ਹੋ ਰਹੇ ਹਨ! ਮਾਲਿਕ ਦਇਆ-ਮਿਹਰ, ਰਹਿਮਤ ਕਰੇ! ਇਹ ਤਰਾਹ ਕੱਢਣ ਵਾਲਾ ਟਾਈਮ ਛੇਤੀ ਮੁੱਕ ਜਾਵੇ! ਫੁੱਲਾਂ ਵਰਗੀ ਖਿੜੀ ਤੇ ਮਹਿਕਦੀ ਸਵੇਰ ਮੁੜ ਆਵੇ! ਆਮੀਨ!

ਕੋਟਕਪੂਰਾ

ਮੋ. 96462-00468

ਇੰਜ. ਜਗਜੀਤ ਸਿੰਘ ਕੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।