ਸ਼ਿਵਰਾਜ ਦੀ ਜਨ ਆਸ਼ੀਰਵਾਦ ਯਾਤਰਾ ‘ਤੇ ਪਥਰਾਅ

Attack, Shivraj, Visit

ਬੀਜੇਪੀ ਨੇ ਇਸ ਨੂੰ ਕਾਂਗਰਸ ਦੀ ਬੌਖਲਾਹਟ ਦੱਸਿਆ

ਚੁਰਹਟ, ਏਜੰਸੀ।

ਮੱਧ ਪ੍ਰਦੇਸ਼ ਦੇ ਸਿਧੀ ਜ਼ਿਲ੍ਹੇ ਦੇ ਚੁਰਹਟ ‘ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਜਨ ਅਸ਼ੀਰਵਾਦ ਯਾਤਰਾ ‘ਤੇ ਅਣਪਛਾਤੇ ਸ਼ਰਾਰਤੀ ਤੱਤਾਂ ਵੱਲੋਂ ਕਥਿੱਤ ਤੌਰ ‘ਤੇ ਪੱਥਰਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ।

ਮੱਧ ਪ੍ਰਦੇਸ਼ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਅਜੈ ਸਿੰਘ ਦੇ ਵਿਧਾਨ ਸਭਾ ਖੇਤਰ ਚੁਰਹਟ ‘ਚ ਹੋਏ ਇਸ ਮਾਮਲੇ ਤੋਂ ਬਾਅਦ ਭਾਜਪਾ ਨੇ ਇੱਕ ਪਾਸੇ ਇਸ ਨੂੰ ਕਾਂਗਰਸ ਦੀ ਬੌਖਲਾਹਟ ਦੱਸਿਆ ਹੈ, ਕਾਂਗਰਸ ਨੇ ਪੂਰੇ ਮਾਮਲੇ ਤੋਂ ਪੱਲਾ ਝਾੜ ਲਿਆ ਹੈ ਘਟਨਾ ‘ਚ ਮੁੱਖ ਮੰਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਐਤਵਾਰ ਦੇਰ ਰਾਤ ਚੁਰਹਟ ‘ਚ ਅਣਪਛਾਤੇ ਲੋਕਾਂ ਨੈ ਚੌਹਾਨ ਦੇ ਰਥ ‘ਤੇ ਕਥਿੱਤ ਤੌਰ ‘ਤੇ ਪੱਥਰਬਾਜ਼ੀ ਕੀਤੀ ਇਸ ਤੋਂ ਬਾਅਦ ਚੌਹਾਨ ਨੇ ਮੰਚ ਤੋਂ ਵਿਰੋਧੀ ਧਿਰ ਦੇ ਆਗੂ ਸਿੰਘ ਦਾ ਨਾਂਅ ਲੈਂਦਿਆਂ ਕਿਹਾ ਕਿ ਲੁੱਕ-ਲੁੱਕ ਕੇ ਪੱਥਰ ਸੁੱਟਣ ਵਾਲਿਆਂ ‘ਚ ਜੇਕਰ ਤਾਕਤ ਹੈ ਤਾਂ ਉਹ ਸਾਹਮਣੇ ਆ ਕੇ ਮੁਕਾਬਲਾ ਕਰਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਕਾਇਰਾਨਾ ਹਰਕਤਾਂ ਤੋਂ ਡਰਨ ਵਾਲੇ ਨਹੀਂ ਹਨ ਤੇ ਉਨ੍ਹਾਂ  ਨਾਲ ਪੂਰੀ ਜਨਤਾ ਹੈ। ਚੌਹਾਨ ਨੇ ਕਿਹਾ ਕਿ ਕਾਂਗਰਸ ਪ੍ਰਦੇਸ਼ ਦੀ ਸਿਆਸਤ ਨੂੰ ਕਿੱਥੇ ਲੈ ਜਾਵੇਗੀ, ਮੱਧ ਪ੍ਰਦੇਸ਼ ‘ਚ ਹਿੰਸਾ ਦੀ ਸਿਆਸਤ ਨੂੰ ਹਾਲੇ ਸਥਾਨ ਨਹੀਂ ਮਿਲਿਆ।

ਘਟਨਾ ਸਾਹਮਣੇ ਆਉਣ ‘ਤੇ ਤੁਰੰਤ ਬਾਅਦ ਵਿਰੋਧੀ ਧਿਰ ਦੇ ਆਗੂ ਸਿੰਘ ਨੇ ਆਪਣੇ ਬਿਆਨ ‘ਚ ਕਿਹਾ ਕਿ ਵਿਰੋਧੀਆਂ ‘ਤੇ ਕਿਸੇ ਪ੍ਰਕਾਰ ਦੀ ਹਿੰਸਕ ਗਤੀਵਿਧੀ ਦੀ ਕਾਂਗਰਸ ਦਾ ਸੱਭਿਆਚਾਰ ਨਹੀਂ ਹੈ। ਉਨ੍ਹਾਂ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ‘ਚ ਕੋਈ ਵੀ ਕਾਂਗਰਸੀ ਸੱਜਣ ਸ਼ਾਮਲ ਨਹੀਂ ਹੈ। ਸਿੰਘ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਨ੍ਹਾਂ ਤੇ ਚੁਰਹਟ ਦੀ ਜਨਤਾ ਨੂੰ ਬਦਨਾਮ ਕਰਨ ਲਈ ਇਹ ਸਾਜਿਸ਼ ਘੜੀ ਗਈ ਹੈ। ਮੁੱਖ ਮੰਤਰੀ ਦੀ ਜਨ ਅਸ਼ੀਰਵਾਦ ਯਾਤਰਾ ਇਨ੍ਹਾਂ ਦਿਨੀਂ ਵਿੰਧਿਆ ਖੇਤਰ ਦੇ ਸਿਧੀ ਤੋਂ ਲੰਘ ਰਹੀ ਹੈ। ਇਸ ਮਾਮਲੇ ‘ਚ ਪੁਲਿਸ ਨੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।