‘ਰੇਤ ਮਾਫ਼ੀਆ’ ਦਾ ਹਮਲਾ, ਆਪ ਵਿਧਾਇਕ ਜ਼ਖਮੀ

Attack, Sand Mafia, Aap MLA, Injured

ਗੰਨਮੈਨ ਵੀ ਜ਼ਖਮੀ, ਤਿੰਨ ਮੁਲਜ਼ਮ ਅਸਲ੍ਹੇ ਸਮੇਤ ਗ੍ਰਿਫ਼ਤਾਰ, ਦੋ ਅਜੇ ਵੀ ਫਰਾਰ

ਸੁਰੱਖਿਆ ਕਰਮਚਾਰੀਆਂ ਦੀ ਮੌਜ਼ੂਦਗੀ ‘ਚ ਕੀਤਾ ਹਮਲਾ, ਪੱਗ ਵੀ ਲੱਥੀ
ਪੀ.ਜੀ.ਆਈ. ‘ਚ ਜ਼ੇਰੇ ਇਲਾਜ ਵਿਧਾਇਕ ਸੰਦੋਆ

ਰੋਪੜ/ਚੰਡੀਗੜ੍ਹ (ਅਸ਼ਵਨੀ ਚਾਵਲਾ)।

ਰੋਪੜ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਮਾਈਨਿੰਗ ਮਾਫੀਆ ਨਾਲ ਜੁੜੇ ਹੋਏ ਕੁਝ ਵਿਅਕਤੀਆਂ ਨੇ ਹਮਲਾ ਕਰਦੇ ਹੋਏ ਵਿਧਾਇਕ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ। ਉਨ੍ਹਾਂ ਨੂੰ  ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮਾਮਲੇ ਦੀ ਰਿਪੋਰਟ ਤਲਬ ਕਰਕੇ ਡੀਜੀਪੀ ਨੂੰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।

ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕਹਿਣਾ ਹੈ ਕਿ ਅਮਰਜੀਤ ਸਿੰਘ ਕੁਝ ਦਿਨ ਪਹਿਲਾਂ ਇਸ ਪਿੰਡ ਦੇ ਨੇੜਿਓਂ ਲੰਘ ਰਹੇ ਸਨ ਤਾਂ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਸੀ, ਜਿਸ ਦੇ ਅਧਾਰ ‘ਤੇ ਉਹ ਅੱਜ ਮੀਡੀਆ ਨੂੰ ਆਪਣੇ ਨਾਲ ਲੈ ਕੇ ਮੌਕੇ ‘ਤੇ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪੁੱਜੇ ਸਨ ਪਰ ਦੋਸ਼ੀਆਂ ਵੱਲੋਂ ਅਮਰਜੀਤ ਸਿੰਘ ‘ਤੇ ਹਮਲਾ ਕਰਦੇ ਹੋਏ ਗੰਭੀਰ ਰੂਪ ਵਿੱਚ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ।

ਅੱਜ ਬਾਅਦ ਦੁਪਹਿਰ ਮੌਕੇ ‘ਤੇ ਪੁੱਜੇ ਅਮਰਜੀਤ ਸਿੰਘ ਸੰਦੋਆ ਨਾਲ ਕਥਿਤ ਦੋਸ਼ੀ ਅਜਵਿੰਦਰ ਸਿੰਘ ਅਤੇ ੱਬਚਿੱਤਰ ਸਿੰਘ ਸਣੇ ਕੁਝ 5-6 ਵਿਅਕਤੀਆਂ ਨੇ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਿੱਥੇ ਕਿ ਅਮਰਜੀਤ ਸਿੰਘ ਨਾਲ ਖੜ੍ਹੇ ਸੁਰੱਖਿਆ ਮੁਲਾਜ਼ਮਾਂ ਨੇ ਕਥਿਤ ਮੁਲਜ਼ਮਾਂ ਨੂੰ ਰੋਕਦੇ ਹੋਏ ਵਿਧਾਇਕ ਨੂੰ ਇੱਕ ਪਾਸੇ ਕਰ ਦਿੱਤਾ ਪਰ ਹਮਲਾ ਕਰਨ ਵਾਲੇ ਦੋਸ਼ੀਆਂ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਹੀ ਧੱਕੇ ਮਾਰਦੇ ਹੋਏ ਵਿਧਾਇਕ ਅਮਰਜੀਤ ਸਿੰਘ ਨੂੰ ਕਾਫ਼ੀ ਜ਼ਿਆਦਾ ਮਾਰਿਆ। ਜਿਸ ਕਾਰਨ ਉਨਾਂ ਨੂੰ ਛਾਤੀ ਅਤੇ ਮੱਥੇ ਸਣੇ ਬਾਜ਼ੂ ‘ਤੇ ਸੱਟਾਂ ਵੀ ਲੱਗਿਆਂ ਹਨ।

ਅਮਰਜੀਤ ਸੰਦੋਆ ਦੀ ਪੱਗ ਵੀ ਲਾਹ ਲਈ ਗਈ

ਅਮਰਜੀਤ ਸੰਦੋਆ ਦੀ ਮੌਕੇ ‘ਤੇ ਦੋਸ਼ੀਆਂ ਵਲੋਂ ਪੱਗ ਵੀ ਲਾਹ ਲਈ ਗਈ, ਜਿਸ ਤੋਂ ਬਾਅਦ ਵਿਧਾਇਕ ਵਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਅਤੇ ਬਾਅਦ ਵਿੱਚ ਉਨਾਂ ਨੂੰ ਆਨੰਦਪੁਰ ਸਾਹਿਬ ਦੇ ਹਸਪਤਾਲ ਵਿਖੇ ਦਾਖਲ ਕੀਤਾ ਗਿਆ। ਜਿਥੇ ਹਾਲਤ ਖਰਾਬ ਹੁੰਦਾ ਦੇਖ ਸੰਦੋਆਂ ਨੂੰ ਪੀ.ਜੀ.ਆਈ. ਚੰਡੀਗੜ ਰੈਫ਼ਰ ਕਰ ਦਿੱਤਾ ਗਿਆ। ਇਸ ਸਮੇਂ ਪੀ.ਜੀ.ਆਈ. ਵਿਖੇ ਅਮਰਜੀਤ ਸੰਦੋਆ ਜੇਰੇ ਇਲਾਜ ਹਨ ਅਤੇ ਉਹਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹਨ। ਇਸ ਮਾਮਲੇ ਬਾਰੇ ਐਸ.ਐਸ.ਪੀ. ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਤਿੰਨ ਮੁਲ਼ਜ਼ਮਾਂ ਨੂੰ ਅਸਲ੍ਹੇ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੋ ਫਰਾਰ ਹਨ .

ਮੁੱਖ ਮੰਤਰੀ ਨੇ ਡੀਸੀ ਤੋਂ ਮਾਮਲੇ ਦੀ ਰਿਪੋਰਟ ਮੰਗੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਰ-ਕਾਨੂੰਨੀ ਖਣਨ ਮਾਫੀਏ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ‘ਤੇ ਕੀਤੇ ਕਥਿਤ ਹਮਲੇ ਬਾਰੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਤੋਂ ਵਿਸਤ੍ਰਿਤ ਰਿਪੋਰਟ ਦੀ ਤਲਬ ਕਰ ਲਈ ਗਈ ਹੈ।  ਇਸ ਘਟਨਾ ‘ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਸੂਬੇ ‘ਚ ਬਦਅਮਨੀ ਨੂੰ ਸਹਿਨ ਨਹੀਂ ਕੀਤਾ ਜਾਵੇਗਾ। ਉਨਾਂ ਨੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਸਬੰਧੀ ਤੱਥਾਂ ਦੀ ਨਿਰਪੱਖ ਜਾਂਚ ਯਕੀਨੀ ਬਨਾਉਣ ਲਈ ਆਖਿਆ ਹੈ।

ਵਿਧਾਇਕ ਨਾਲ ਤਾਇਨਾਤ ਦੋ ਪੀ ਐਸ ਓ ਵੀ ਮੁੱਖ ਮੰਤਰੀ ਦੀ ਨਜ਼ਰ ਵਿੱਚ ਹਨ ਜੋ ਵਿਧਾਇਕ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ ਰਹੇ ਹਨ। ਉਨਾਂ ਨੂੰ ਪੁਲਸ ਲਾਈਨ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਇਸ ਸਮੁੱਚੇ ਘਟਨਾਕ੍ਰਮ ਵਿੱਚ ਉਨਾਂ ਦੀ ਭੂਮਿਕਾ ਦੀ ਜਾਂਚ ਕਰਨ ਲਈ ਵੀ ਡੀ ਜੀ ਪੀ ਨੂੰ ਨਿਰਦੇਸ਼ ਦਿੱਤੇ ਹਨ।

ਪਾਰਟੀ ਸੂਬੇ ਭਰ ‘ਚ ਉੱਤਰੇਗੀ ਸੜਕਾਂ ‘ਤੇ : ਡਾ. ਬਲਬੀਰ

ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਫ਼ੀ ਜਿਆਦਾ ਮਾਹੌਲ ਖਰਾਬ ਚੱਲ ਰਿਹਾ ਹੈ, ਜਿਥੇ ਸ਼ਰੇਆਮ ਮਾਈਨਿੰਗ ਮਾਫ਼ਿਆ ਆਮ ਲੋਕਾਂ ਤੋਂ ਬਾਅਦ ਹੁਣ ਮੌਜੂਦਾ ਵਿਧਾਇਕਾਂ ‘ਤੇ ਹਮਲੇ ਕਰਨ ਵਿੱਚ ਲੱਗਿਆ ਹੋਇਆ ਹੈ ਪਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਹੈ ਅਤੇ ਜੇਕਰ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸੂਬੇ ਭਰ ਵਿੱਚ ਆਮ ਆਦਮੀ ਪਾਰਟੀ ਸੜਕਾਂ ‘ਤੇ ਉੱਤਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here