ਏ.ਟੀ.ਐਮ. ਲੁੱਟਣ ਸਮੇਤ ਲੁੱਟਾਂ ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰ ਗ੍ਰਿਫ਼ਤਾਰ

ATM robbery

ਗਿਰੋਹ ਵੱਲੋਂ ਪੰਜਾਬ ਤੇ ਹਰਿਆਣਾ ‘ਚ ਕੀਤੀਆਂ 34 ਵਾਰਦਾਤਾਂ ਹੁਣ ਤੱਕ ਹੋਈਆਂ ਟਰੇਸ

ਐਸ.ਬੀ.ਆਈ. ਬੈਂਕ ਦੇ ਏ.ਟੀ.ਐਮ. ਨੂੰ ਬਣਾਉਂਦੇ ਸਨ ਨਿਸ਼ਾਨਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਿਛਲੇ ਦੋ ਸਾਲਾਂ ਦੌਰਾਨ ਏ.ਟੀ.ਐਮ. ਲੁੱਟ ਦੀਆਂ 20 ਵਾਰਦਾਤਾਂ ਸਮੇਤ ਲੁੱਟਾਂ ਖੋਹਾਂ ਦੀਆਂ 34 ਦੇ ਕਰੀਬ ਵਾਰਦਾਤਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਹੈ। ਉੱਕਤ ਗੈਂਗ ਨੇ ਪੰਜਾਬ ਸਮੇਤ ਗੁਆਂਢੀ ਸੂਬੇ ਵਿੱਚ ਵੀ ਵਾਰਦਾਤਾਂ ਕਰ ਕੇ ਸਨਸਨੀ ਫੈਲਾਈ ਹੋਈ ਸੀ ਪੁਲਿਸ ਅਨੁਸਾਰ ਇਸ ਗਿਰੋਹ ਵੱਲੋਂ ਏ.ਟੀ.ਐਮ. ਪੱਟਣ ਦੀਆਂ ਕੀਤੀਆਂ 20 ਵਾਰਦਾਤਾਂ ਜਿਸ ਵਿਚ ਪਟਿਆਲਾ ਵਿਖੇ 13, ਰੋਪੜ ਦੀਆਂ 2, ਫਤਿਹਗੜ੍ਹ ਸਾਹਿਬ ਦੀ 1, ਬਰਨਾਲਾ ਦੀ 1, ਐਸ.ਬੀ.ਐਸ. ਨਗਰ ਦੀ 1 ਅਤੇ ਹਰਿਆਣਾ ਦੇ ਅੰਬਾਲਾ ਤੇ ਪੰਚਕੂਲਾ ਵਿਖੇ ਹੋਈਆਂ 2 ਵਾਰਦਾਤਾਂ ਨੂੰ ਇਨ੍ਹਾਂ ਦੀ ਪੁੱਛ-ਗਿੱਛ ਦੌਰਾਨ ਟਰੇਸ ਕੀਤਾ ਜਾ ਚੁੱਕਾ ਹੈ। ਗਿਰੋਹ ਵੱਲੋਂ ਪਟਿਆਲਾ, ਫਤਿਹਗੜ੍ਹ ਸਾਹਿਬ, ਮਾਨਸਾ ਅਤੇ ਲੁਧਿਆਣਾ ਵਿਖੇ ਵੀ ਲੁੱਟ ਖੋਹ ਦੀਆਂ 14 ਵਾਰਦਾਤਾਂ ਨੂੰ ਟਰੇਸ ਕੀਤਾ ਗਿਆ ਹੈ।

ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਪੀ. ਇੰਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਇੰਨਵੈਸਟੀਗੇਸ਼ਨ ਕ੍ਰਿਸ਼ਨ ਕੁਮਾਰ ਪਾਂਥੇ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਵੱਲੋਂ ਇਸ ਸਪੈਸ਼ਲ ਅਪਰੇਸ਼ਨ ਦੌਰਾਨ ਗੁਪਤ ਸੂਚਨਾ ਦੇ ਆਧਾਰ ‘ਤੇ ਏ.ਟੀ.ਐਮ. ਮਸ਼ੀਨਾਂ ਨੂੰ ਇਲੈਕਟ੍ਰਿਕ ਕਟਰ ਤੇ ਗੈਸ ਕਟਰ ਨਾਲ ਕੱਟਕੇ, ਏ.ਟੀ.ਐਮ. ਮਸ਼ੀਨ ਵਿੱਚ ਲੋਡ ਕੈਸ਼ ਨੂੰ ਚੋਰੀ ਕਰਨ ਵਾਲ ਗਿਰੋਹ ਦੇ ਅਤੇ ਹੋਰ ਲੁੱਟਾਂ-ਖੋਹਾਂ ਕਰਨ ਵਾਲੇ 8 ਮੈਂਬਰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਗਿਰੋਹ ਦੇ ਫੜੇ ਗਏ ਮੈਂਬਰਾਂ ‘ਚ ਗਿਰੋਹ ਦੇ ਸਰਗਨਾ ਦੋ ਸਕੇ ਭਰਾ

ਉਨ੍ਹਾਂ ਦੱਸਿਆ ਕਿ ਗਿਰੋਹ ਦੇ ਫੜੇ ਗਏ ਮੈਂਬਰਾਂ ‘ਚ ਗਿਰੋਹ ਦੇ ਸਰਗਨਾ ਦੋ ਸਕੇ ਭਰਾ ਹਰਨੇਕ ਸਿੰਘ ਉਰਫ਼ ਸੀਰਾ ਪੁੱਤਰ ਅਮਰੀਕ ਸਿੰਘ ਵਾਸੀ ਬਿਲਾਸਪੁਰ ਥਾਣਾ ਸਦਰ ਪਟਿਆਲਾ ਹਾਲ ਵਾਸੀ ਸਨੌਰ ਅਤੇ ਹਰਚੇਤ ਸਿੰਘ ਉਰਫ਼ ਗੁਰੀ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬਿਲਾਸਪੁਰ ਥਾਣਾ ਸਦਰ ਪਟਿਆਲਾ ਹਾਲ ਵਾਸੀ ਆਦਰਸ਼ ਕਲੋਨੀ ਬੈਕ ਸਾਇਡ ਥਾਪਰ ਕਾਲਜ ਪਟਿਆਲਾ ਸਮੇਤ ਉਨ੍ਹਾਂ ਦੇ ਸਾਥੀ ਮਨਿੰਦਰ ਸਿੰਘ ਉਰਫ਼ ਰੋਕੀ ਪੁੱਤਰ ਗੁਰਸੇਵਕ ਸਿੰਘ ਵਾਸੀ ਪਿੰਡ ਮੈਣ ਥਾਣਾ ਪਸਿਆਣਾ ਹਾਲ ਵਾਸੀ ਵਿਕਾਸ ਨਗਰ ਪਟਿਆਲਾ, ਬਿਕਰਮਜੀਤ ਸਿੰਘ ਵਿੱਕੀ ਪੁੱਤਰ ਬਾਲੀ ਸਿੰਘ ਵਾਸੀ ਮੰਜ਼ਾਲ ਖੁਰਦ ਥਾਣਾ ਸਦਰ ਪਟਿਆਲਾ, ਦਿਲਰਾਜ ਸਿੰਘ ਉਰਫ਼ ਰਾਜ ਪੁੱਤਰ ਪਰਮਜੀਤ ਸਿੰਘ ਵਾਸੀ ਦੀਪ ਨਗਰ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ, ਅਮ੍ਰਿਤ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਬਿਲਾਸਪੁਰ ਥਾਣਾ ਸਦਰ ਪਟਿਆਲਾ , ਪਰਮਵੀਰ ਸਿੰਘ ਉਰਫ਼ ਭੰਗੂ ਪੁੱਤਰ ਗੁਰਜੰਟ ਸਿੰਘ ਵਾਸੀ ਆਲੋਵਾਲ ਥਾਣਾ ਭਾਦਸੋ ਅਤੇ ਗੁਰਤੇਜ਼ ਸਿੰਘ ਉਰਫ ਭੱਟੀ ਪੁੱਤਰ ਸੁਰਜੀਤ ਨਾਥ ਵਾਸੀ ਰਾਮਗੜ੍ਹ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਨੂੰ ਪਿੰਡ ਖਾਸੀਆਂ ਦੇ ਸਾਹਮਣੇ ਬੰਦ ਪਈ ਫੈਕਟਰੀ ਨੇੜਿਓ ਗ੍ਰਿਫ਼ਤਾਰ ਕੀਤਾ ਗਿਆ।

ਇਕ ਰਾਈਫਲ 315 ਬੋਰ ਸਮੇਤ ਰੋਂਦ, ਇਕ ਪਿਸਤੌਲ ਦੇਸੀ 315 ਬੋਰ ਸਮੇਤ ਰੋਂਦ, 2 ਕ੍ਰਿਪਾਨਾਂ, ਇਲੈਕਟ੍ਰਿਕ ਕਟਰ,ਬਰਾਮਦ ਕੀਤੀ ਗਈ

ਸਿੱਧੂ ਨੇ ਦੱਸਿਆ ਕਿ ਗਿਰੋਹ ਦੇ ਮੈਬਰਾਂ ਵੱਲੋਂ ਵਾਰਦਾਤਾਂ ਵਿੱਚ ਵਰਤੀ ਜਾਣ ਵਾਲੀ ਇਕ ਰਾਈਫਲ 315 ਬੋਰ ਸਮੇਤ ਰੋਂਦ, ਇਕ ਪਿਸਤੌਲ ਦੇਸੀ 315 ਬੋਰ ਸਮੇਤ ਰੋਂਦ, 2 ਕ੍ਰਿਪਾਨਾਂ, ਏ.ਟੀ.ਐਮ ਪੁੱਟਣ/ਕੱਟਣ ਲਈ ਵਰਤਿਆ ਜਾਣ ਵਾਲਾ ਇਲੈਕਟ੍ਰਿਕ ਕਟਰ, ਗੈਸ ਕਟਰ, ਆਕਸੀਜਨ ਸਿਲੰਡਰ, ਆਮ ਸਿਲੰਡਰ, ਏ.ਟੀ.ਐਮ ਮਸੀਨ ਪੱਟਣ ਵਾਲਾ ਪੱਟਾ, 2 ਹਥੌੜੇ, ਇਕ ਸੱਬਲ, ਇਕ ਰਾਡ ਲੋਹਾ (ਸ਼ਟਰ ਤੋੜਨ ਲਈ) ਤੋ ਇਲਾਵਾ ਇਕ ਟਵੇਰਾ ਗੱਡੀ, ਇੰਡੀਕਾ ਕਾਰ, 7 ਮੋਟਰਸਾਇਕਲ  ਸਮੇਤ ਵੱਖ-ਵੱਖ ਏ.ਟੀ.ਐਮ ਮਸ਼ੀਨਾਂ/ਲੁੱਟਾਂ ਖੋਹਾਂ ਵਿੱਚੋਂ ਲੁੱਟੀ ਰਕਮ 08 ਲੱਖ 25 ਹਜਾਰ ਰੁਪਏ ਬਰਾਮਦ ਕੀਤੀ ਗਈ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਿਰੋਹ ਮੈਂਬਰਾਂ ਨੂੰ ਅਦਾਲਤ ‘ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਿਰੋਹ ਦੇ ਫੜੇ ਜਾਣ ਨਾਲ ਹੋ ਰਹੀਆਂ ਏ.ਟੀ.ਐਮ ਦੀਆਂ ਵਾਰਦਾਤਾਂ ਨੂੰ ਠੱਲ ਪਏਗੀ।  ਇਸ ਮੌਕੇ ਐਸ.ਪੀ. ਹੈਡਕੁਆਟਰ ਨਵਨੀਤ ਸਿੰਘ ਬੈਂਸ, ਐਸ.ਪੀ. ਇੰਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਐਸ.ਪੀ. ਟ੍ਰੈਫਿਕ ਪਲਵਿੰਦਰ ਸਿੰਘ ਚੀਮਾਂ, ਡੀ.ਐਸ.ਪੀ. ਇੰਨਵੈਸਟੀਗੇਸ਼ਨ ਕ੍ਰਿਸ਼ਨ ਕੁਮਾਰ ਪਾਂਥੇ, ਸੀ.ਆਈ.ਏ. ਪਟਿਆਲਾ ਇੰਚਾਰਜ ਇੰਸਪੈਕਟਰ ਆਦਿ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here