ਭਾਰਤ ਦੇ ਮਤੇ ਨੂੰ ਸਵੀਕਾਰ ਕਰਨ ਲਈ ਕਿਹਾ ਗਿਆ
ਇਸਲਾਮਾਬਾਦ, (ਏਜੰਸੀ/ਸੱਚ ਕਹੂੰ ਨਿਊਜ਼)। ਭਾਰਤ ਦੇ ਕਿਸ਼ਨਗੰਗਾ ਬੰਨ੍ਹ ਯੋਜਨਾ ਤੋਂ ਚਿੜੇ ਪਾਕਿਸਤਾਨ ਨੂੰ ਇੱਕ ਵਾਰ ਫਿਰ ਮੂੰਹ ਦੀ ਖਾਣੀ ਪਈ। ਭਾਰਤ ਦੀ ਸ਼ਿਕਾਇਤ ਲੈ ਕੇ ਵਰਲਡ ਬੈਂਕ ਪਹੁੰਚੇ ਪਾਕਿ ਨੂੰ ਵਿਵਾਦ ‘ਤੇ ਭਾਰਤ ਦੇ ਮਤੇ ਨੂੰ ਸਵੀਕਾਰ ਕਰਨ ਦੀ ਸਲਾਹ ਦਿੱਤੀ ਗਈ ਹੈ। ਪਾਕਿਸਤਾਨ ਇਸ ਵਿਵਾਦ ਨੂੰ ਇੰਟਰਨੈਸ਼ਨਲ ਕੋਰਟ ‘ਚ ਲੈ ਕੇ ਗਿਆ ਜਿੱਥੇ ਭਾਰਤ ਨੇ ਇੱਕ ਨਿਰਪੱਖ ਐਕਸਪਰਟ ਦੀ ਨਿਯੁਕਤੀ ਦਾ ਮਤਾ ਦਿੱਤਾ ਹੈ। ਹੁਣ ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਮਾਮਲੇ ‘ਚ ਭਾਰਤ ਦੇ ਇਸ ਮਤੇ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ।
ਪਾਕਿਸਤਾਨ ਹਮੇਸ਼ਾ ਤੋਂ ਇਹ ਦਾਅਵਾ ਕਰਦਾ ਆਇਆ ਹੈ ਕਿ ਸਿੰਧੂ ਨਦੀ ‘ਚ ਭਾਰਤ ਦੇ ਕਈ ਪ੍ਰੋਜੈਕਟਸ ਵਰਲਡ ਬੈਂਕ ਵਿਚੌਲਗੀ ‘ਚ 1960 ‘ਚ ਹੋਏ ਸਿੰਧੂ ਜਲ ਸਮਝੌਤੇ ਦੀ ਉਲੰਘਣਾ ਕਰਦੇ ਹਨ। ਵਿਸ਼ਵ ਬੈਂਕ ਨੇ ਸਿੰਧੂ ਤੇ ਉਸ ਦੀਆਂ ਸਹਾਇਕ ਨਦੀਆਂ ਦਾ ਪਾਣੀ ਵੰਡਣ ਲਈ ਇਹ ਸਮਝੌਤਾ ਕਰਵਾਇਆ ਸੀ। ਹੁਣ ਸਿੰਧੂ ਨਦੀ ‘ਤੇ ਪਾਕਿਸਤਾਨ ਦੀ 80 ਫੀਸਦੀ ਸਿੰਚਾਈ ਖੇਤੀ ਨਿਰਭਰ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਬੰਨ੍ਹ ਬਣਾਉਣ ਨਾਲ ਨਾ ਸਿਰਫ਼ ਨਦੀ ਦਾ ਮਾਰਗ ਬਦਲੇਗਾ ਸਗੋਂ ਪਾਕਿਸਤਾਨ ‘ਚ ਵਗਣ ਵਾਲੀਆਂ ਨਦੀਆਂ ਦਾ ਜਲ ਪੱਧਰ ਵੀ ਘੱਟ ਹੋਵੇਗਾ। ਇਸ ਲਈ ਇਸ ਵਿਵਾਦ ਦੀ ਸੁਣਵਾਈ ਕੌਮਾਂਤਰੀ ਕੋਰਟ ‘ਚ ਹੋਣੀ ਚਾਹੀਦੀ ਹੈ।