ਮੁੱਖ ਮੰਤਰੀ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸ਼ੁਰੂਆਤ

MLA, Bains, Ready, Prove, Fault, Defame, Claims, Fifteen, Day, Braham Mahindra

ਕਿਹਾ, ਦਰਿਆਵਾਂ ‘ਚ ਰਹਿੰਦ-ਖੂੰਹਦ ਨਾ ਸੁੱਟਣਾ ਯਕੀਨੀ ਬਣਾਉਣ ਸਨਅਤਾਂ : ਅਮਰਿੰਦਰ ਸਿੰਘ

  • ਝੋਨੇ ਦੀ ਖੇਤੀ ਘਟਾਉਣ ‘ਤੇ ਜ਼ੋਰ
  • ਮੁੱਖ ਮੰਤਰੀ ਵੱਲੋਂ ਹਰੇਕ ਘਰ ‘ਚ ਇੱਕ-ਇੱਕ ਬੂਟਾ ਲਾਉਣ ਦੀ ਅਪੀਲ

ਮੁਹਾਲੀ, 5 ਜੂਨ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਪੰਜਾਬ ਤੇ ਇਸ ਦੇ ਚੌਗਿਰਦੇ ਨੂੰ ਬਚਾਉਣਾ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਨੇ ਸਨਅਤਕਾਰਾਂ ਨੂੰ ਵੀ ਆਪੋ-ਆਪਣੀਆਂ ਫੈਕਟਰੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਦਾ ਸੱਦਾ ਦਿੱਤਾ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਤੇਜ਼ੀ ਨਾਲ ਘਟ ਰਹੇ ਜਲ ਵਸੀਲਿਆਂ ਨੂੰ ਬਚਾਉਣ ਲਈ ਝੋਨੇ ਦੀ ਖੇਤੀ ਘਟਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਸਰਕਾਰ ਦੇ ਨਿਵੇਕਲੇ ਉਪਰਾਲੇ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਆਗਾਜ਼ ਕੀਤਾ ਜੋ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਵੇਗਾ, ਜਿਸ ਨਾਲ ਇੱਥੋਂ ਦੇ ਲੋਕ ਸਾਫ ਆਬੋ-ਹਵਾ, ਪਾਣੀ ਅਤੇ ਮਿਆਰੀ ਭੋਜਨ ਰਾਹੀਂ ਸਿਹਤਮੰਦ ਜੀਵਨ ਬਸਰ ਕਰਨਗੇ। ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ‘ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪਾਣੀ ਦੀਆਂ ਘੱਟ ਖਪਤ ਵਾਲੀਆਂ ਫਸਲਾਂ ਦੀ ਪੈਦਾਵਾਰ ਸ਼ੁਰੂ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸਾਵਧਾਨ ਕੀਤਾ ਕਿ ਜੇਕਰ ਅਸੀਂ ਹੁਣ ਕੋਈ ਕਦਮ ਨਾ ਚੁੱਕਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੂਬੇ ਲਈ ਸਥਿਤੀ ਬਹੁਤ ਭਿਆਨਕ ਹੋਵੇਗੀ।

ਉਨ੍ਹਾਂ ਕਿਹਾ ਕਿ ਜਲ ਪ੍ਰਦੂਸ਼ਣ ‘ਤੇ ਕਾਬੂ ਪਾਉਣਾ ਸਨਅਤ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਉਨ੍ਹਾਂ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਦਰਿਆਵਾਂ ਵਿੱਚ ਅਣਸੋਧਿਆ ਪਾਣੀ ਜਾਂ ਰਹਿੰਦ-ਖੂੰਹਦ ਨਾ ਸੁੱਟੀ ਜਾਵੇ। ਮੁੱਖ ਮੰਤਰੀ ਨੇ ਲੋਕਾਂ ਨੂੰ ਚੌਗਿਰਦੇ ਦੀ ਸੰਭਾਲ ਲਈ ਪਾਪੂਲਰ ਤੇ ਸਫੈਦੇ ਦੀ ਬਜਾਇ ਕਿੱਕਰ, ਨਿੰਮ, ਬੇਰੀ ਆਦਿ ਵਰਗੇ ਰਵਾਇਤੀ ਰੁੱਖ ਲਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਨੇ ਸੂਬੇ ਦੇ ਹਰੇਕ ਘਰ ‘ਚ ਘੱਟੋ-ਘੱਟ ਇੱਕ ਬੂਟਾ ਲਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਵਾਤਾਵਰਨ ਮੁਹੱਈਆ ਕਰਵਾਉਣ ‘ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਨੇ ਵਾਤਾਵਰਨ ਨੂੰ ਬਚਾਉਣ ਲਈ ਨਦੀਨਨਾਸ਼ਕਾਂ ਦੀ ਵਰਤੋਂ ਸੂਝ-ਬੂਝ ਨਾਲ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਵੀ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਬਾਰੇ ਕੀਤੇ ਜਾ ਰਹੇ ਯਤਨ ਹੋਰ ਤੇਜ਼ ਕਰਨ ਲਈ ਕਿਹਾ। ਇਸ ਮੌਕੇ ਮੁੱਖ ਮੰਤਰੀ ਨੇ ‘ਤੰਦਰੁਸਤ ਪੰਜਾਬ’ ਦੇ ਨਾਮ ਹੇਠ ਇੱਕ ਕਿਤਾਬਚਾ ਜਾਰੀ ਕਰਨ ਤੋਂ ਇਲਾਵਾ ‘ਘਰ ਘਰ ਹਰਿਆਲੀ’ ਨਾਂਅ ਦੀ ਮੋਬਾਇਲ ਐਪ ਵੀ ਲਾਂਚ ਕੀਤੀ। ਇਸ ਐਪ ਤਹਿਤ ਜੰਗਲਾਤ ਵਿਭਾਗ ਵੱਲੋਂ ਰੁੱਤ ਮੁਤਾਬਿਕ ਪੌਦਿਆਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਇਆ ਕਰੇਗੀ।

ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਦੇ ‘ਮਿਸ਼ਨ ਗਰੀਨ ਮੋਹਾਲੀ’ ਮੁਹਿੰਮ ਦੀ ਵੀ ਰਸਮੀ ਸ਼ੁਰੂਆਤ ਕੀਤੀ ਜਿਸ ਤਹਿਤ ਅਗਲੇ ਤਿੰਨ ਸਾਲਾਂ ਵਿੱਚ ਇੱਕ ਕਰੋੜ ਬੂਟੇ ਲਾਏ ਜਾਣਗੇ।  ਵਾਤਾਵਰਨ ਮੰਤਰੀ ਓ. ਪੀ. ਸੋਨੀ ਨੇ ਕਿਹਾ ਕਿ ਸਾਫ ਤੇ ਹਰੇ ਵਾਤਾਵਰਨ ਦੀ ਅਣਹੋਂਦ ਵਿੱਚ ਕੋਈ ਵੀ ਸੂਬਾ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਵੀ ਕੀਤੀ ਕਿ ਨਦੀਆਂ ‘ਚ ਪ੍ਰਦੂਸ਼ਿਤ ਪਾਣੀ ਤੇ ਇਸ ਦੇ ਪ੍ਰਵਾਹ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ।

ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਵਧੀਕ ਮੁੱਖ ਸਕੱਤਰ ਵਿਗਿਆਨ ਤੇ ਤਕਨਾਲੋਜੀ ਤੇ ਵਾਤਾਵਰਨ ਡਾ. ਰੌਸ਼ਨ ਸੁੰਕਾਰੀਆ ਨੇ ਮਿਸ਼ਨ ਬਾਰੇ ਵਿਸਥਾਰਤ ਪੇਸ਼ਕਾਰੀ ਦਿੱਤੀ, ਜਿਸ ਵਿੱਚ ਸਾਫ ਪੀਣ ਵਾਲੇ ਪਾਣੀ ਦੀ ਸੂਚੀ, ਵਾਤਾਵਰਨ ਦੀ ਹਵਾ ਦੀ ਗੁਣਵੱਤਾ, ਬਿਨਾਂ ਮਿਲਾਵਟ ਭੋਜਨ ਦੀ ਉਪਲੱਬਧਤਾ ਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਸਬੰਧੀ ਜਾਣਕਾਰੀ ਸ਼ਾਮਲ ਸੀ ਪੀਜੀਆਈ ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਡਾ. ਕੇ. ਕੇ. ਤਲਵਾਰ ਨੇ ਵਿਸ਼ਵ ਵਾਤਾਵਰਨ ਦਿਵਸ ‘ਤੇ ਇਸ ਮੁਹਿੰਮ ਦੀ ਸ਼ੁਰੂਆਤ ਦਾ ਸਵਾਗਤ ਕਰਦਿਆਂ ‘ਚੰਗੀ ਸਿਹਤ, ਚੰਗੀ ਸੋਚ’ ਮੁਹਿੰਮ ਲਈ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ।

ਚੰਦਨ ਦੇ ਬੂਟਿਆਂ ਨਾਲ 13 ਸ਼ਖਸੀਅਤਾਂ ਦਾ ਸਨਮਾਨ

ਇਨ੍ਹਾਂ ਵਾਤਾਵਰਨ ਪ੍ਰੇਮੀਆਂ ਵਿੱਚ ਫਤਹਿਗੜ੍ਹ ਸਾਹਿਬ ਤੋਂ ਦਿਲਬਾਘ ਸਿੰਘ ਮਾਂਗਟ, ਅਸ਼ੋਕ ਜੈਨ, ਬੂਟਾ ਸਿੰਘ, ਰਾਜੇਸ਼ ਜਿੰਦਲ, ਦਲੀਪ ਸਿੰਘ, ਉਪਕਾਰ ਸਿੰਘ, ਇਕਬਾਲ ਸਿੰਘ, ਹਰਮਿੰਦਰ ਸਿੰਘ, ਪਟਿਆਲਾ ਤੋਂ ਅਭੀਮੰਨਿਊ, ਸੰਗਰੂਰ ਤੋਂ ਪੋਲਟਰੀ ਫਾਰਮਰ ਰਾਜੇਸ਼ ਗਰਗ, ਜੌੜਾ ਕਲਾਂ ਤੋਂ ਸੁਨੀਲ ਕੁਮਾਰ, ਮੋਹਾਲੀ ਤੋਂ ਸਨਅਤਕਾਰ ਤਿਲਕ ਰਾਜ ਬਾਂਕਾ ਤੇ ਜਗਜੀਤ ਸਿੰਘ ਨੂੰ ਸੂਬੇ ਵਿਚ 10 ਲੱਖ ਪੌਦੇ ਲਾਉਣ ਲਈ ਮੁੱਖ ਮੰਤਰੀ ਨੇ ਸਨਮਾਨਤ ਕੀਤਾ।

ਕਿਸਾਨਾਂ ਨੂੰ ਮਿਲਣਗੇ 1 ਲੱਖ ਚੰਦਨ ਦੇ ਬੂਟੇ

ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਐਲਾਨ ਕੀਤਾ ਕਿ ਜੰਗਲਾਤ ਵਿਭਾਗ ਕਿਸਾਨਾਂ ਨੂੰ ਚੰਦਨ ਦੇ ਇੱਕ ਲੱਖ ਪੌਦੇ ਮੁਹੱਈਆ ਕਰਵਾਏਗਾ ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਨੇ ਸੂਬੇ ਭਰ ‘ਚ ਵੱਖ-ਵੱਖ ਕਿਸਮਾਂ ਦੇ ਅੱਠ ਕਰੋੜ ਪੌਦੇ ਲਾਏ ਜਾਣ ਦਾ ਟੀਚਾ ਰੱਖਿਆ ਹੈ।