ਏਸ਼ੀਆਡ 6ਵਾਂ ਦਿਨ : 18ਵੀਆਂ ਏਸ਼ੀਆਡ ‘ਚ ਪਹਿਲੀ ਵਾਰ ਇੱਕੋ ਦਿਨ ਜਿੱਤੇ ਦੋ ਸੋਨ ਤਗਮੇ

Asian Games

ਦੋ ਸੋਨ ਤਗਮੇ, 1 ਚਾਦੀ ਅਤੇ ਚਾਰ ਕਾਂਸੀ ਤਗਮਿਆਂ ਸਮੇਤ ਕੁੱਲ 7 ਤਗਮੇ | Asian Games

ਜਕਾਰਤਾ, (ਏਜੰਸੀ)। ਕਿਸ਼ਤੀ ਚਾਲਕਾਂ (ਰੋਈਂਗ) ਅਤੇ ਟੈਨਿਸ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦਾ 6ਵਾਂ ਦਿਨ ਭਾਰਤ ਲਈ ਖ਼ਾਸ ਸਫ਼ਲਤਾ ਵਾਲਾ ਬਣਾ ਦਿੱਤਾ ਭਾਰਤ ਨੇ ਇਹਨਾਂ ਏਸ਼ੀਆਈ ਖੇਡਾਂ ‘ਚ ਪਹਿਲੀ ਵਾਰ ਇੱਕ ਦਿਨ ‘ਚ ਦੋ ਸੋਨ ਤਗਮੇ ਜਿੱਤੇ ਅਤੇ ਦੋ ਸੋਨ, 1 ਚਾਦੀ ਅਤੇ ਚਾਰ ਕਾਂਸੀ ਤਗਮਿਆਂ ਸਮੇਤ ਕੁੱਲ 7 ਤਗਮੇ ਜਿੱਤ ਕੇ ਇਹਨਾਂ ਖੇਡਾਂ ‘ਚ ਆਪਣੇ ਤਗਮਿਆਂ ਦੀ ਕੁੱਲ ਗਿਣਤੀ 25 ‘ਤੇ ਪਹੁੰਚਾ ਦਿੱਤੀ ਭਾਰਤ ਨੇ ਛੇਵੇਂ ਦਿਨ ਦੀ ਸ਼ੁਰੂਆਤ ਕਿਸ਼ਤੀ ਚਾਲਨ ‘ਚ ਸਕੱਲਜ਼ ਟੀਮ ਵੱਲੋਂ ਸੋਨ ਤਗਮੇ ਨਾਲ ਕੀਤੀ ਜਿਸ ਤੋਂ ਬਾਅਦ ਟੈਨਿਸ ‘ਚ ਰੋਹਨ ਬੋਪੰਨਾ-ਦਿਵਿਜ ਸ਼ਰਣ ਦੀ ਜੋੜੀ ਨੇ ਪੁਰਸ਼ ਡਬਲਜ਼ ਵਰਗ ‘ਚ ਭਾਰਤ ਨੂੰ ਦੂਸਰਾ ਸੋਨ ਤਗਮਾ ਦਿਵਾਇਆ ਇਸ ਤੋਂ ਇਲਾਵਾ ਭਾਰਤ ਨੂੰ ਨਿਸ਼ਾਨੇਬਾਜ਼ੀ ‘ਚ ਹਿਨਾ ਸਿੱਧੂ ਨੇ 10 ਮੀਟਰ ਏਅਰ ਪਿਸਟਲ ਈਵੇਂਟ ‘ਚ ਕਾਂਸੀ ਤਗਮਾ ਦਿਵਾਇਆ ਜਦੋਂਕਿ ਕਿਸ਼ਤੀ ਚਾਲਨ ‘ਚ ਭਾਰਤ ਨੂੰ ਸਿੰਗਲ ਅਤੇ ਡਬਲਜ਼ ਵਰਗ ਦੇ ਮੁਕਾਬਲਿਆਂ ‘ਚ ਦੋ ਕਾਂਸੀ ਤਗਮੇ ਮਿਲੇ। (Asian Games)

ਹਾਲਾਂਕਿ ਕੁਸ਼ਤੀ ‘ਚ ਭਾਰਤ ਨੂੰ ਮਹਿਲਾ ਵਰਗ ਦੇ ਫਾਈਨਲ ‘ਚ ਇਰਾਨ ਹੱਥੋਂ ਹਾਰ ਨਾਲ ਨਮੋਸ਼ੀਜਨਕ ਨਤੀਜਾ ਮਿਲਿਆ ਅਤੇ ਭਾਰਤੀ ਮਹਿਲਾਵਾਂ ਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਇਸ ਤਰ੍ਹਾਂ ਛੇਵੇਂ ਦਿਨ ਭਾਰਤ ਨੇ ਦੋ ਸੋਨ, 1 ਚਾਂਦੀ, ਦੋ ਕਾਂਸੀ ਤਗਮਿਆਂ ਨਾਲ ਇਸ ਏਸ਼ੀਆਡ ਦੇ ਹੁਣ ਤੱਕ ਦੇ ਸਫ਼ਲ ਦਿਨ ਵਜੋਂ ਕੱਢਿਆ ਭਾਰਤ ਹੁਣ 6ਸੋਨ, 5 ਚਾਂਦੀ ਅਤੇ 14 ਕਾਂਸੀ ਤਗਮਿਆਂ ਸਮੇਤ ਕੁੱਲ 25 ਤਗਮਿਆਂ ਨਾਲ 8ਵੇਂ ਸਥਾਨ ‘ਤੇ ਹੈ। ਖੇਡਾਂ ਦਾ ਛੇਵਾਂ ਦਿਨ ਭਾਰਤ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ ਕਿਸ਼ਤੀ ਚਾਲਕ ਖਿਡਾਰੀਆਂ ਦੇ ਨਾਂਅ ਰਿਹਾ ਜਿੰਨ੍ਹਾਂ ਦੇਸ਼ ਨੂੰ ਇੱਕ ਸੋਨ ਅਤੇ ਦੋ ਕਾਂਸੀ ਤਗਮੇ ਦਿਵਾ ਦਿੱਤੇ ਇਸ ਤੋਂ ਇਲਾਵਾ ਭਾਰਤ ਦੇ ਅੱਵਲ ਡਬਲਜ਼ ਖਿਡਾਰੀ ਰੋਹਨ ਬੋਪੰਨਾ ਨੇ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਦਾ ਆਪਣਾ ਸੁਪਨਾ ਪੂਰਾ ਕੀਤਾ।

ਇਹ ਵੀ ਪੜ੍ਹੋ : ਨਿਊ ਮਾਧੋਪੁਰੀ ਦੇ ਵਾਸੀਆਂ ਨੇ ਖੜ੍ਹਕਾਇਆ ਡੀਸੀ ਦਾ ਬੂਹਾ

ਇਸ ਤੋਂ ਇਲਾਵਾ ਪ੍ਰਜਨੇਸ਼ ਗੁਣੇਸ਼ਵਰਨ ਨੇ ਪੁਰਸ਼ ਸਿੰਗਲ ਵਰਗ ‘ਚ ਕਾਂਸੀ ਤਗਮਾ ਹਾਸਲ ਕੀਤਾ ਪ੍ਰਜਨੇਸ਼ ਨੂੰ ਸੈਮੀਫਾਈਨਲ ‘ਚ ਉਜ਼ਬੇਕਿਸਤਾਨ ਦੇ ਅੱਵਲ ਖਿਡਾਰੀ ਡੈਨਿਸ ਇਸਤੋਮਿਨ ਨੇ ਇੱਕ ਘੰਟੇ 26 ਮਿੰਟ ‘ਚ 6-2, 6-2 ਨਾਲ ਆਸਾਨੀ ਨਾਲ ਹਰਾਇਆ ਇਸ ਹਾਰ ਦੇ ਬਾਅਦ ਪ੍ਰਜਨੇਸ਼ ਦੇ ਹਿੱਸੇ ਕਾਂਸੀ ਤਗਮਾ ਆਇਆ। ਨਿਸ਼ਾਨੈਬਾਜ਼ ਹੀਨਾ ਸਿੱਧੂ ਨੇ ਆਪਣੀ ਲੈਅ ਕਾਇਮ ਰੱਖਦੇ ਹੋਏ ਏਸ਼ੀਆਈ ਖੇਡਾਂ ‘ਚ ਵੀ ਆਪਣੇ ਲਈ ਤਗਮਿਆਂ ਦਾ ਸਿਲਸਿਲਾ ਬਰਕਰਾਰ ਰੱਖਿਆ ਅਤੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ‘ਚ ਦੇਸ਼ ਲਈ ਕਾਂਸੀ ਤਗਮਾ ਜਿੱਤਿਆ ਭਾਰਤ ਦੀ ਪੁਰਸ਼ ਕਬੱਡੀ ਤੋਂ ਬਾਅਦ ਮਹਿਲਾ ਕਬੱਡੀ ‘ਚ ਵੀ ਨਿਰਾਸ਼ਾ ਹੱਥ ਲੱਗੀ ਅਤੇ ਦੋ ਵਾਰ ਦੀ ਚੈਂਪੀਅਨ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਵੀ ਮਜ਼ਬੂਤ ਇਰਾਨ ਵਿਰੁੱਧ ਆਪਣੀ ਬਾਦਸ਼ਾਹਤ ਗੁਆਉਣੀ ਪਈ।

ਹੀਨਾ ਨੇ ਜਿੱਤਿਆ ਕਾਂਸੀ, ਮਨੁ ਫਿਰ ਖੁੰਝੀ | Asian Games

ਭਾਰਤ ਦੀ ਸਟਾਰ ਹੀਨਾ ਸਿੱਧੂ ਨੇ ਆਪਣੀ ਲੈਅ ਕਾਇਮ ਰੱਖਦੇ ਹੋਏ 18ਵੀਆਂ ਏਸ਼ੀਆਈ ਖੇਡਾਂ ‘ਚ ਵੀ ਆਪਣੇ ਲਈ ਤਗਮੇ ਦਾ ਸਿਲਸਿਲਾ ਬਰਕਰਾਰ ਰੱਖਿਆ ਅਤੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਈਵੇਂਟ ‘ਚ ਦੇਸ਼ ਲਈ ਕਾਯੀ ਤਗਮਾ ਜਿੱਤ ਲਿਆ ਹਾਲਾਂਕਿ ਮਨੁ ਭਾਕਰ ਇਸ ਵਾਰ ਵੀ ਤਗਮੇ ਤੋਂ ਖੁੰਝ ਗਈ। ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਈਵੇਂਟ ਦੇ ਫਾਈਨਲ ‘ਚ ਹੀਨਾ ਨੇ 219.2 ਦਾ ਸਕੋਰ ਕਰਕੇ ਪੋਡੀਅਮ ‘ਤੇ ਜਗ੍ਹਾ ਬਣਾਈ ਅਤੇ ਕਾਂਸੀ ਤਗਮਾ ਜਿੱਤਿਆ ਇਹਨਾਂ ਖੇਡਾਂ ‘ਚ ਲਗਾਤਾਰ ਖੁੰਝ ਰਹੀ 16 ਸਾਲ ਦੀ ਮਨੁ ਇਸ ਵਾਰ ਵੀ ਤਗਮੇ ਤੱਕ ਨਹੀਂ ਪਹੁੰਚ ਸਕੀ ਅਤੇ ਅੱਠ ਖਿਡਾਰੀਆਂ ਦੀ ਫੀਲਡ ‘ਚ ਪੰਜਵੇਂ ਨੰਬਰ ‘ਤੇ ਰਹੀ 28 ਸਾਲਾਂ ਦੀ ਹੀਨਾ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ 25 ਮੀਟਰ ਪਿਸਟਲ ਦਾ ਸੋਨ ਤਗਮਾ ਜਿੱਤਿਆ ਸੀ।

ਕੁਆਲੀਫਾਈ ‘ਚ ਅੱਗੇ ਸੀ ਮਨੁ | Asian Games

ਨਿਸ਼ਾਨੇਬਾਜ਼ੀ ਦੇ ਬਾਕੀ ਮੁਕਾਬਲਿਆਂ ਦੀ ਤਰ੍ਹਾਂ ਇਸ ਵਾਰ ਵੀ ਮਨੁ ਨੇ ਕੁਆਲੀਫਿਕੇਸ਼ਨ ‘ਚ ਕਮਾਲ ਕੀਤਾ ਅਤੇ ਉਹ 43 ਖਿਡਾਰੀਆਂ ਦੀ ਫੀਲਡ ‘ਚ ਤੀਸਰੇ ਨੰਬਰ ‘ਤੇ ਰਹੀ ਉਸਨੇ 574 ਦੇ ਸਕੋਰ ਨਾਲ ਕੁਆਲੀਫਾਈ ਕੀਤਾ ਜਦੋਂਕਿ ਹੀਨਾ 571 ਦੇ ਸਕੋਰ ਨਾਲ ਸੱਤਵੇਂ ਸਥਾਨ ‘ਤੇ ਰਹੀ ਅਤੇ ਅੱਠ ਫਾਈਨਲਿਸਟਾਂ ‘ਚ ਜਗ੍ਹਾ ਬਣਾਈ ਮਨੁ ਇਸ ਤੋਂ ਪਹਿਲਾਂ 25 ਮੀਟਰ ਪਿਸਟਲ ਈਵੇਂਟ ‘ਚ ਵੀ ਕੁਆਲੀਫਿਕੇਸ਼ਨ ਟਾੱਪ ਕਰਨ ਤੋਂਬਾਅਦ ਤਗਮੇ ਦੇ ਮੁਕਾਬਲੇ ‘ਚ ਛੇਵੇਂ ਨੰਬਰ ‘ਤੇ ਰਹੀ ਸੀ ਇਸ ਈਵੇਂਟ ਦਾ ਸੋਨ ਭਾਰਤ ਦੀ ਰਾਹੀ ਸਰਨੋਬਤ ਨੇ ਜਿੱਤਿਆ ਸੀ।

ਗੋਲਫ਼ : ਆਦਿਲ ਸਾਂਝੇ ਤੀਸਰੇ ਅਤੇ ਭਾਰਤੀ ਪੁਰਸ਼ ਟੀਮ ਦੂਸਰੇ ਸਥਾਨ ‘ਤੇ | Asian Games

ਆਦਿਲ ਬੇਦੀ ਅਤੇ ਪੁਰਸ਼ ਟੀਮ ਗੋਲਫ਼ ਮੁਕਾਬਲਿਆਂ ‘ਚ ਦੇਸ਼ ਦੀ ਤਗਮੇ ਦੀ ਆਸ ਕਾਇਮ ਰੱਖਦੇ ਹੋਏ ਦੂਸਰੇ ਗੇੜ ਤੋਂ ਬਾਅਦ ਕ੍ਰਮਵਾਰ: ਸਾਂਝੇ ਤੌਰ ‘ਤੇ ਤੀਸਰੇ ਅਤੇ ਦੂਸਰੇ ਸਥਾਨ ‘ਤੇ ਹਨ ਭਾਰਤ ਨੇ ਦਿੱਲੀ ‘ਚ ਹੋਈਆਂ 1982 ਏਸ਼ੀਆਈ ਖੇਡਾਂ ‘ਚ ਗੋਲਫ਼ ‘ਚ ਨਿੱਜੀ ਸੋਨ ਅਤੇ ਚਾਂਦੀ ਅਤੇ ਟੀਮ ਸੋਨ ਤਗਮਾ ਜਿੱਤਿਆ ਸੀ ਭਾਰਤ ਨੂੰ ਇਸ ਤੋਂ ਬਾਅਦ 2002 ਦੀਆਂ ਬੁਸਾਨ ਏਸ਼ੀਆਈ ਖੇਡਾਂ ‘ਚ ਸ਼ਿਵ ਕਪੂਰ ਨੇ ਨਿੱਜੀ ਸੋਨ ਤਗਮਾ ਦਿਵਾਇਆ ਸੀ ਭਾਰਤ ਨੇ 2006 ਅਤੇ 2010 ਦੀਆਂ ਏਸ਼ੀਆਈ ਖੇਡਾਂ ‘ਚ ਟੀਮ ਵਰਗ ਦੇ ਚਾਂਦੀ ਤਗਮੇ ਜਿੱਤੇ ਸਨ ਪਰ 2014 ਦੀਆਂ ਖੇਡਾਂ ‘ਚ ਭਾਰਤ ਮਾਮੂਲੀ ਫਰਕ ਨਾਲ ਤਗਮੇ ਤੋਂ ਖੁੰਝ ਗਿਆ ਸੀ।

ਜਿਮਨਾਸਟਿਕ: ਦੀਪਾ ਨੂੰ ਮਿਲਿਆ ਬੈਲੇਂਸ ਬੀਮ ‘ਚ ਪੰਜਵਾਂ ਸਥਾਨ | Asian Games

ਮਹਿਲਾਵਾਂ ਦੀ ਜਿਮਨਾਸਟਿਕ ਪ੍ਰਤੀਯੋਗਤਾ ਦੇ ਬੈਲੇਂਸ ਬੀਮ ਫਾਈਨਲ ‘ਚ ਤਗਮੇ ਦੀ ਦੌੜ ਤੋਂ ਬਾਹਰ ਹੋ ਕੇ ਪੰਜਵੇਂ ਸਥਾਨ ‘ਤੇ ਰਹੀ ਇਸ ਈਵੇਂਟ ‘ਚ ਚੀਨ ਦੀ ਚੇਨ ਯਿਲੇ ਨੇ 14.600 ਦੇ ਸਕੋਰ ਨਾਲ ਸੋਨ ਤਗਮਾ ਹਾਸਲ ਕੀਤਾ ਜਦੋਂਕਿ ਕੋਰੀਆ ਦੀ ਜੋਂਗ ਕਿਮ ਨੇ 13.400 ਦੇ ਸਕੋਰ ਨਾਲ ਚਾਂਦੀ ਅਤੇ ਚੀਨ ਦੀ ਜਿਨ ਝਾਂਗ ਨੇ 13.325 ਦੇ ਸਕੋਰ ਨਾਲ ਕਾਂਸੀ ਤਗਮਾ ਆਪਣੇ ਨਾਂਅ ਕੀਤਾ।

ਦੀਪਿਕਾ-ਸੌਰਭ ਨੇ ਪੱਕੇ ਕੀਤੇ ਤਗਮੇ | Asian Games

ਪਿਛਲੇ ਚਾਂਦੀ ਤਗਮਾ ਜੇਤੂ ਸੌਰਭ ਘੋਸ਼ਾਲ ਅਤੇ ਕਾਂਸੀ ਤਗਮਾ ਜੇਤੂ ਭਾਰਤ ਦੀ ਦੀਪਿਕਾ ਪੱਲੀਕਲ ਨੇ ਲਗਾਤਾਰ ਦੂਸਰੀਆਂ ਏਸ਼ੀਆਈ ਖੇਡਾਂ ‘ਚ ਤਗਮਾ ਪੱਕਾ ਕਰ ਲਿਆ ਹੈ ਘੋਸ਼ਾਲ ਨੇ ਏਸ਼ੀਆਈ ਖੇਡਾਂ ਦੇ ਸਕਵੈਸ਼ ਮੁਕਾਬਲੇ ਦੇ ਪੁਰਸ਼ ਸਿੰਗਲ ਸੈਮੀਫਾਈਨਲ ਅਤੇ ਦੀਪਿਕਾ ਨੇ ਮਹਿਲਾ ਸਿੰਗਲ ਸੈਮੀਫਾਈਨਲ ‘ਚ ਪਹੁੰਚ ਕੇ ਘੱਟ ਤੋਂ ਘੱਟ ਕਾਂਸੀ ਤਗਮਾ ਪੱਕਾ ਕਰ ਦਿੱਤਾ ਹੈ। ਪਿਛਲੀਆਂ ਖੇਡਾਂ ‘ਚ ਚਾਂਦੀ ਤਗਮਾ ਜਿੱਤਣ ਵਾਲੇ ਘੋਸ਼ਾਲ ਨੇ ਕੁਆਰਟਰ ਫਾਈਨਲ ‘ਚ ਹਮਵਤਨ ਹਰਿੰਦਰ ਸੰਧੂ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਜਦੋਂਕਿ ਦੀਪਿਕਾ ਪੱਲੀਕਲ ਨੇ ਜਪਾਨ ਦੀ ਮਿਸਾਕੀ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਘੋਸ਼ਾਲ ਦਾ ਸੈਮੀਫਾਈਨਲ ‘ਚ ਹਾਂਗਕਾਂਗ ਦੇ ਮਿਗ ਚੁਨ ਨਾਲ ਜਦੋਂਕਿ ਦੀਪਿਕਾ ਦਾ ਮਲੇਸ਼ੀਆ ਦੀ ਨਿਕੋਲ ਨਾਲ ਮੁਕਾਬਲਾ ਹੋਵੇਗਾ।

ਕੰਪਾਊਂਡ ਤੇ ਰਿਕਰਵ ਮਿਕਸਡ ਟੀਮਾਂ ਹਾਰੀਆਂ | Asian Games

ਭਾਰਤ ਦੀਆਂ ਕੰਪਾਊਂਡ ਅਤੇ ਰਿਕਰਵ ਵਰਗ ਦੀਆਂ ਮਿਕਸਡ ਟੀਮਾਂ ਨੂੰ 18ਵੀਆਂ ਏਸ਼ੀਆਈ ਖੇਡਾਂ ਦੇ ਤੀਰੰਦਾਜ਼ੀ ਮੁਕਾਬਲੇ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤ ਦੀ ਇੱਕ ਵੀ ਜੋੜੀ ਤਗਮਾ ਗੇੜ ‘ਚ ਨਹੀਂ ਪਹੁੰਚ ਸਕੀ ਭਾਰਤੀ ਕੰਪਾਉਂਡ ਮਿਕਸਡ ਟੀਮ ‘ਚ ਜੋਤੀ ਸੁਰੇਖਾ ਅਤੇ ਅਭਿਸ਼ੇਕ ਵਰਮਾ ਨੇ ਹਾਲਾਂਕਿ ਚੰਗੀ ਸ਼ੁਰੂਆਤ ਕੀਤੀ ਪਰ ਕੁਆਟਰਫਾਈਨਲ ‘ਚ ਦੂਸਰੀ ਰੈਂਕਿੰਗ ਦੀ ਭਾਰਤੀ ਟੀਮ ਇਰਾਨ ਦੀ ਫੇਰੇਸ਼ਤੇਹ ਅਤੇ ਨੀਮਾ ਦੀ ਜੋੜੀ ਤੋਂ ਨਜ਼ਦੀਕੀ ਮੁਕਾਬਲੇ ‘ਚ 153-155 ਨਾਲ ਹਾਰ ਗਈ ਭਾਰਤੀ ਜੋੜੀ ਨੇ ਪਹਿਲਾ ਸੈੱਟ 39-38 ਨਾਲ ਜਿੱਤਿਆ ਦੂਸਰੇ ਸੈੱਟ ‘ਚ ਸਕੋਰ 39-39 ਨਾਲ ਬਰਾਬਰ ਰਿਹਾ।

ਪਰ ਤੀਸਰੇ ਸੈੱਟ ‘ਚ ਇਰਾਨੀ ਜੋੜੀ ਨੇ 40-37 ਨਾਲ ਜਿੱਤ ਹਾਸਲ ਕੀਤੀ ਚੌਥਾ ਅਤੇ ਆਖ਼ਰੀ ਸੈੱਟ 38-38 ਨਾਲ ਬਰਾਬਰ ਰਿਹਾ ਪਰ ਤੀਸਰੇ ਸੈੱਟ ‘ਚ ਤਿੰਨ ਅੰਕਾਂ ਦਾ ਫ਼ਾਸਲਾ ਅੰਤ ‘ਚ ਫ਼ੈਸਲਾਕੁੰਨ ਸਾਬਤ ਹੋਇਆ ਭਾਰਤ ਨੂੰ ਪਿਛਲੀਆਂ ਏਸ਼ੀਆਈ ਖੇਡਾਂ ‘ਚ ਤੀਰੰਦਾਜ਼ੀ ‘ਚ ਜਿਹੜੇ ਹਾਰ ਤਗਮੇ ਹਾਸਲ ਹੋਏ ਸਨ ਉਹ ਸਾਰੇ ਕੰਪਾਊਂਡ ਵਰਗ ‘ਚ ਸਨ ਤੀਰੰਦਾਜ਼ੀ ‘ਚ ਅਜੇ ਭਾਰਤ ਨੂੰ ਆਪਣੇ ਪਹਿਲੇ ਤਗਮੇ ਦਾ ਇੰਤਜ਼ਾਰ ਹੈ। ਇਸ ਦੌਰਾਨ ਰਿਕਰਵ ਮਿਕਸਡ ਟੀਮ ਈਵੇਂਟ ਦੇ ਪ੍ਰੀ ਕੁਆਰਟਰ ਫਾਈਨ ‘ਚ ਭਾਰਤੀ ਜੋੜੀ ਦੀਪਿਕਾ ਕੁਮਾਰੀ ਅਤੇ ਅਤਾਨੁ ਦਾਸ ਨੂੰ ਮੰਗੋਲੀਆ ਦੀ ਜੋੜੀ ਤੋਂ 4-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਮੰਗੋਲੀਆ ਨੇ ਪਹਿਲਾ ਸੈੱਟ ਜਿੱਤਿਆ ਜਦੋਂਕਿ ਭਾਰਤ ਨੇ ਅਗਲੇ ਦੋ ਸੈੱਟ ਜਿੱਤੇ ਮੰਗੋਲੀਆ ਨੇ ਫਿਰ ਚੌਥਾ ਸੈੱਟ ਜਿੱਤ ਲਿਆ ਸ਼ੂਟਆੱਫ ‘ਚ ਭਾਰਤੀ ਜੋੜੀ ਹਾਰ ਕੇ ਤਗਮੇ ਦੀ ਦੋੜ ਤੋਂ ਬਾਹਰ ਹੋ ਗਈ।