ਸਿਹਤ ਮੰਤਰੀ ਦੀ ਕੋਠੀ ਦਾ ਕਰਨ ਜਾ ਰਹੀਆਂ ਸਨ ਘਿਰਾਓ
- ਫੁਹਾਰਾ ਚੌਂਕ ਨੇੜੇ ਆਵਾਜਾਈ ਠੱਪ ਕਰਕੇ ਦਿੱਤਾ ਧਰਨਾ
- ਮੰਗਾਂ ਨਾ ਮੰਨੀਆਂ ਤਾਂ ਹੋਵੇਗਾ ਤਿੱਖਾ ਸੰਘਰਸ਼: ਆਗੂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਸ਼ਹਿਰ ਅੰਦਰ ਅੱਜ ਆਸ਼ਾ ਵਰਕਰਜ਼ ਤੇ ਫੈਸਲੀਟੇਟਰ ਯੂਨੀਅਨ ਪੰਜਾਬ (ਸੀਟੂ) ਵੱਲੋਂ ਸਿਹਤ ਮੰਤਰੀ ਦੀ ਕੋਠੀ ਦੇ ਘਿਰਾਓ ਮੌਕੇ ਕੀਤੇ ਗਏ ਰੋਸ ਮਾਰਚ ਦੌਰਾਨ ਪੁਲਿਸ ਨੇ ਕਥਿੱਤ ਆਸ਼ਾ ਵਰਕਰਾਂ ਨਾਲ ਧੱਕਾ-ਮੁੱਕੀ ਕੀਤੀ ਆਸਾ ਵਰਕਰ ਯੂਨੀਅਨ ਵੱਲੋਂ ਵੱਲੋਂ ਫੁਹਾਰਾ ਚੌਂਕ ਵਿਖੇ ਹੀ ਆਵਾਜਾਈ ਠੱਪ ਕਰਕੇ ਧਰਨਾ ਠੋਕ ਦਿੱਤਾ ਗਿਆ। ਇਸ ਤੋਂ ਬਾਅਦ ਤਹਿਸੀਲਦਾਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ। ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਪੁੱਜੀਆਂ ਆਸ਼ਾ ਵਰਕਰਜ਼ ਤੇ ਫੈਸਲੀਟੇਟਰ ਵੱਲੋਂ ਪਹਿਲਾਂ ਸਿਵਲ ਸਰਜਨ ਦਫ਼ਤਰ ਵਿਖੇ ਇਕੱਠੀਆਂ ਹੋਕੇ ਧਰਨਾ ਦਿੱਤਾ ਗਿਆ।
ਇਸ ਮੌਕੇ ਜਨਰਲ ਸਕੱਤਰ ਪੰਜਾਬ ਰਣਜੀਤ ਕੌਰ, ਸਿਮਲਾ ਅਤੇ ਸਰਬਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਕੀਤੇ ਜਾਵੇ ਅਤੇ ਆਸ਼ਾ ਵਰਕਰਜ਼ ਤੇ ਫੈਸਲੀਟੇਟਰ ‘ਤੇ ਕਿਰਤ ਕਾਨੂੰਨ ਲਾਗੂ ਕੀਤਾ ਜਾਵੇ, ਹਰਿਆਣਾ ਪੈਟਰਨ ਲਾਗੂ ਕਰਨ ਸਮੇਤ ਮੁਫਤ ਬੀਮਾ ਕੀਤਾ ਜਾਵੇ, ਆਸ਼ਾ ਫੈਸਲੀਟੇਟਰ 2012 ਤੋਂ ਇੱਕ ਹੀ ਫਿਕਸ ਇਨਸੈਟਿਵ ਤੇ ਕੰਮ ਕਰ ਰਹੀਆ ਹਨ ਤੇ ਇਨ੍ਹਾਂ ਵਿੱਚ ਵਾਧਾ ਕੀਤਾ ਜਾਵੇ।
ਇਸ ਧਰਨੇ ਦੌਰਾਨ ਪੁਲਿਸ ਵੱਲੋਂ ਮਹਿਲਾ ਮੁਲਾਜ਼ਮਾਂ ਸਮੇਤ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਨ੍ਹਾਂ ਵੱਲੋਂ ਜਦੋਂ ਸਿਹਤ ਮੰਤਰੀ ਦੀ ਕੋਠੀ ਵੱਲ ਰੋਸ਼ ਮਾਰਚ ਸ਼ੁਰੂ ਕਰ ਦਿੱਤਾ ਗਿਆ ਤਾਂ ਵੱਡੀ ਗਿਣਤੀ ਪੁਲਿਸ ਵੱਲੋਂ ਇਨ੍ਹਾਂ ਨੂੰ ਫੁਹਾਰਾ ਚੌਂਕ ਨੇੜੇ ਰੋਕ ਲਿਆ ਤੇ ਮੰਤਰੀ ਕੋਠੀ ਵੱਲ ਨਾ ਵਧਣ ਦਿੱਤਾ ਗਿਆ। ਇਸ ਤੋਂ ਬਾਅਦ ਗੁੱਸੇ ਵਿੱਚ ਆਈਆਂ ਇਨ੍ਹਾਂ ਵਰਕਰਾਂ ਵੱਲੋਂ ਸੜਕ ਰੋਕ ਦੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਖਿੱਚ ਧੂਹ ਹੋਈ, ਪਰ ਇਨ੍ਹਾਂ ਵੱਲੋਂ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੁਝ ਸਮਾਂ ਆਵਾਜਾਈ ਡਾਇਵਰਟ ਕਰ ਦਿੱਤੀ ਗਈ।
ਆਗੂਆਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਤੇ ਸਰਕਾਰ ਤੋਂ ਆਪਣਾ ਬਣਦਾ ਹੱਕ ਲੈਣ ਲਈ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ। ਆਵਾਜਾਈ ਠੱਪ ਦੇਖਦਿਆ ਪੁਲਿਸ ਵੱਲੋਂ ਤਹਿਸੀਲਦਾਰ ਨੂੰ ਮੌਕੇ ‘ਤੇ ਬੁਲਾਇਆ ਤੇ ਉਨ੍ਹਾਂ ਤੋਂ ਮੰਗ ਪੱਤਰ ਲਿਆ ਗਿਆ। ਉਨ੍ਹਾਂ ਭਰੋਸਾ ਦਿਵਾÎਇਆ ਕਿ ਜਲਦੀ ਹੀ ਉਹ ਸਰਕਾਰ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਉਣਗੇ, ਜਿਸ ਤੋਂ ਬਾਅਦ ਇਨ੍ਹਾਂ ਵਰਕਰਾਂ ਵੱਲੋਂ ਆਪਣਾ ਧਰਨਾ ਚੁੱਕਿਆ ਗਿਆ। ਇਸ ਮੌਕੇ ਸੁਖਜੀਤ ਕੌਰ, ਜੋਗਿੰਦਰ ਕੌਰ ਹੁਸ਼ਿਆਰ, ਅਮਰਜੀਤ ਕੌਰ ਨਵਾਂ ਸ਼ਹਿਰ, ਸਰੋਜਬਾਲਾ ਅੰਮ੍ਰਿਤਸਰ, ਉਰਮਿਲਾ ਅੰਮ੍ਰਿਤਸਰ, ਸੁੱਚਾ ਸਿੰਘ ਅਜਨਾਲਾ, ਰਣਜੀਤ ਸਿੰਘ ਸੀਟੂ ਆਗੂ ਸਮੇਤ ਵੱਡੀ ਗਿਣਤੀ ਵਿੱਚ ਯੂਨੀਅਨ ਵਰਕਰ ਹਾਜ਼ਰ ਸਨ।