ਰਾਜਨੀਤੀ ’ਚ ਲੋਕਾਂ ਦੀ ਸੇਵਾ ਨਹੀਂ ਕਰ ਸਕਿਆ ਸੀ, ਇਸ ਕਾਰਨ ਛੱਡੀ ਸੀ ਰਾਜਨੀਤੀ : Arvind Khanna
‘ਨਰਿੰਦਰ ਮੋਦੀ ਦੀ ਸੋਚ ਪੰਜਾਬ ਨੂੰ ਬਚਾਉਣ ਵਾਲੀ ਲੱਗੀ’
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਅਰਸਾ ਸੱਤ ਸਾਲ ਬਾਅਦ ਸੰਗਰੂਰ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਅੱਜ ਤੋਂ ਹਲਕਾ ਸੰਗਰੂਰ ਵਿੱਚ ਮੁੜ ਰਾਜਸੀ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ, ਬੱਸ ਫਰਕ ਇੰਨਾ ਕੁ ਹੈ ਕਿ ਹੁਣ ਉਹ ਕਾਂਗਰਸ ਦੀ ਬਜਾਏ ਭਾਰਤੀ ਜਨਤਾ ਪਾਰਟੀ ਰਾਹੀਂ ਰਾਜਨੀਤੀ ਦੇ ਪਿੜ ’ਚ ਉਤਰੇ ਹਨ। ਅੱਜ ਸੰਗਰੂਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਰਿਹਾਇਸ਼ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ (Arvind Khanna) ਅਰਵਿੰਦ ਖੰਨਾ ਨੇ ਕਿਹਾ ਕਿ ਉਹਨਾਂ ਨੇ 7 ਸਾਲ ਪਹਿਲਾਂ ਰਾਜਨੀਤੀ ਤੋਂ ਕਿਨਾਰਾ ਇਸ ਕਰਕੇ ਕਰ ਲਿਆ ਸੀ ਕਿਉਂਕਿ ਉਹ ਲੋਕਾਂ ਦੀ ਸੇਵਾ ਨਹੀਂ ਸੀ ਕਰ ਪਾ ਰਹੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਰਾਜਨੀਤੀ ਦੇ ਪਿੜ ’ਚ ਆਉਣ ਦਾ ਮੁੱਖ ਕਾਰਨ ਹੀ ਸਮਾਜ ਸੇਵਾ ਸੀ, ਉਹ ਦੋ ਵਾਰ ਸੰਗਰੂਰ ਤੇ ਧੂਰੀ ਤੋਂ ਵਿਧਾਇਕ ਰਹੇ ਹਨ ਪਰ ਇਨ੍ਹਾਂ ਦਸ ਸਾਲਾਂ ਵਿੱਚ ਉਹ ਆਪਣੀ ਸਾਰੀ ਤਨਖਾਹ ਕਾਂਗਰਸ ਦਫ਼ਤਰ ਨੂੰ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਮੇਰਾ ਮਕਸਦ ਸਿਰਫ਼ ਰਾਜਨੀਤੀ ਨਹੀਂ ਸੀ ਸਗੋਂ ਲੋਕਾਂ ਦੀ ਭਲਾਈ ਸੀ ਜਿਸ ਲਈ ਉਨ੍ਹਾਂ ਵੱਲੋਂ ਇੱਕ ਸੰਸਥਾ ਵੀ ਬਣਾਈ ਗਈ ਸੀ ਅਤੇ ਉਹ ਆਪਣੀ ਜੇਬ ਵਿੱਚੋਂ ਖਰਚ ਕੇ ਲੋਕਾਂ ਦੀ ਸੇਵਾ ਕਰਦੇ ਰਹੇ ਹਨ।
ਉਨ੍ਹਾਂ ਕਿਹਾ ਕਿ 7 ਸਾਲ ਪਹਿਲਾਂ ਉਨ੍ਹਾਂ ਨੇ ਰਾਜਨੀਤੀ ਤੋਂ ਇਸ ਕਰਕੇ ਕਿਨਾਰਾ ਕਰ ਲਿਆ ਸੀ ਕਿਉਂਕਿ ਉਹ ਲੋਕ ਸੇਵਾ ਦਾ ਕੰਮ ਨਹੀਂ ਕਰ ਪਾ ਰਹੇ ਸਨ ਜਿਸ ਕਾਰਨ ਉਨ੍ਹਾਂ ਨੂੰ ਤਣਾਅ ਰਹਿੰਦਾ ਸੀ ਅਤੇ ਉਨ੍ਹਾਂ ਨੇ ਸਰਗਰਮ ਰਾਜਨੀਤੀ ਤੋਂ ਪਾਸਾ ਵੱਟ ਲਿਆ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਮੁੜ ਸਰਗਰਮ ਹੋਣ ਦਾ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਮੁੜ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਲਿਆ ਹੈ। ਖੰਨਾ ਨੇ ਕਿਹਾ ਕਿ ਪੰਜਾਬ ਦੀ ਹਾਲਤ ਲਗਭਗ ਉਹੀ ਹੈ ਜਿਹੜੀ ਅੱਜ ਤੋਂ 27 ਸਾਲ ਪਹਿਲਾਂ ਸੀ, ਪੰਜਾਬ ਵਿੱਚ ਨਸ਼ੇ, ਭਿ੍ਰਸ਼ਟਾਚਾਰ ਤੇ ਬੇਰੁਜ਼ਗਾਰੀ ਹਾਲੇ ਵੀ ਮੌਜ਼ੂਦ ਹੈ ਜਿਸ ਕਾਰਨ ਪੰਜਾਬ ਦੇ ਨੌਜਵਾਨ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਹਨ।
ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਨਰਿੰਦਰ ਮੋਦੀ ਹੀ ਪੰਜਾਬ ਨੂੰ ਇਸ ਹਾਲਤ ਵਿੱਚੋਂ ਬਾਹਰ ਕੱਢਣ ਦੇ ਸਮਰੱਥ ਹਨ ਜਿਸ ਕਾਰਨ ਭਾਰਤੀ ਜਨਤਾ ਪਾਰਟੀ ਨਾਲ ਜੁੜਣ ਦਾ ਫੈਸਲਾ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਹੋਰਨਾਂ ਪਾਰਟੀਆਂ ਵੱਲੋਂ ਵੀ ਸੱਦੇ ਭੇਜੇ ਗਏ ਸਨ ਪਰ ਮੈਂ ਭਾਜਪਾ ਵਿੱਚ ਸ਼ਾਮਿਲ ਹੋਣਾ ਹੀ ਮੁਨਾਸਿਬ ਸਮਝਿਆ। ਉਨ੍ਹਾਂ ਕਿਹਾ ਕਿ 7 ਸਾਲ ਬਾਅਦ ਹਲਕਾ ਸੰਗਰੂਰ ਵਿੱਚ ਕੁਝ ਨਹੀਂ ਬਦਲਿਆ ਅੱਜ ਵੀ ਉਨ੍ਹਾਂ ਨੇ ਉਨ੍ਹਾਂ ਨੂੰ ਪਿਆਰ ਤੇ ਸਨੇਹ ਦਿੱਤਾ ਬੱਸ ਕੋਵਿਡ ਕਾਰਨ ਲੋਕਾਂ ਦੇ ਚਿਹਰਿਆਂ ’ਤੇ ਲਾਏ ਮਾਸਕਾਂ ਅੰਦਰਲੀ ਮੁਸਕਾਨ ਵੇਖ ਨਹੀਂ ਸਕਿਆ ਬਾਕੀ ਪਿਛਲੇ ਕਈ ਦਿਨਾਂ ਤੋਂ ਹਲਕੇ ਦੇ ਲੋਕ ਮੇਰੇ ਨਾਲ ਪੂਰੇ ਰਾਬਤੇ ਵਿੱਚ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਆਗੂ ਰਣਦੀਪ ਸਿੰਘ ਦਿਓਲ, ਪਵਨ ਗਰਗ, ਵਿਸ਼ਾਲ ਸੋਨੂੰ, ਅੰਕਿਤ ਰਸਤੋਗੀ, ਮੀਨਾ ਖੋਖਰ, ਸੁਰੇਸ਼ ਬੇਦੀ, ਸਚਿਨ ਭਾਰਦਵਾਜ, ਸੁਰਜੀਤ ਸਿੱਧੂ, ਲੱਛਮੀ ਦੇਵੀ, ਨਵਦੀਪ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ