ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ ਨਵਜੋਤ ਸਿੱਧੂ ‘ਤੇ ਤਿੱਖਾ ਹਮਲਾ
ਚੰਡੀਗੜ੍ਹ(ਅਸ਼ਵਨੀ ਚਾਵਲਾ)। ‘ਕੱਲ ਦੀ ਭੂਤਣੀ ਸਿਵਿਆ ‘ਚ ਅੱਧ’, ਜਿਹੜੇ ਬੰਦੇ ਨੂੰ ਕਾਂਗਰਸ ਵਰਕਰ ਦੀ ਪਿਛਲੀ ਲਾਈਨ ‘ਚ ਖੜਾ ਕੀਤਾ ਜਾਣਾ ਸੀ, ਉਸ ਨੂੰ ਮੰਤਰੀ ਬਣਾ ਕੇ ਸਾਡੇ ਤੋਂ ਹੀ ਗਲਤੀ ਹੋਈ ਹੈ। ਨਵਜੋਤ ਸਿੱਧੂ ਮੁੱਖ ਮੰਤਰੀ ਬਣਨ ਦੇ ਸੁਫਨੇ ਦੇਖ ਰਿਹਾ ਹੈ, ਉਹਨੂੰ ਤਾਂ ਅਸੀਂ ਕਾਂਗਰਸ ਵਿੱਚ ਹੀ ਨਹੀਂ ਰਹਿਣ ਦੇਣਾ ਹੈ। ਇਹ ਕੋਈ ਕਪਿਲ ਸ਼ਰਮਾ ਦਾ ਸ਼ੋਅ ਨਹੀਂ ਐ ਕਿ ਪੁੱਠਾ ਸਿੱਧਾ ਬੋਲ ਕੇ ਠਹਾਕੇ ਮਾਰਨ ਲੱਗ ਜਾਂਦਾ ਹੈ। ਇਹ ਸਿਆਸਤ ਹੈ ਅਤੇ ਏਥੇ ਅਨੁਸ਼ਾਸਨ ਵਿੱਚ ਰਹਿਣਾ ਚਾਹੀਦਾ ਹੈ, ਸ਼ਾਇਦ ਨਵਜੋਤ ਸਿੱਧੂ ਸਾਰਾ ਕੁਝ ਭੁੱਲ ਗਏ ਹਨ, ਹੁਣ ਉਨਾਂ ਨੂੰ ਬਣਦੀ ਥਾਂ ਦਿੱਤੀ ਜਾਏਗੀ।
ਇਹ ਤਿੱਖਾ ਹਮਲਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਾਥੀ ਕੈਬਨਿਟ ਮੰਤਰੀ ਨਵਜੋਤ ਸਿੱਧੂ ‘ਤੇ ਕੀਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਔਕਾਤ ਤੋਂ ਜਿਆਦਾ ਮਿਲ ਗਿਆ ਹੈ, ਜਿਸ ਕਾਰਨ ਸੰਤੁਸ਼ਟੀ ਉਨਾਂ ਦੇ ਮੰਨ ਵਿੱਚ ਦਿਖਾਈ ਨਹੀਂ ਦੇ ਰਹੀ ਹੈ। ਹੁਣ ਉਨਾਂ ਨੂੰ ਮੁੱਖ ਮੰਤਰੀ ਚੰਗਾ ਨਹੀਂ ਲਗਦਾ ਹੈ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਚੰਗਾ ਨਹੀਂ ਲੱਗੇਗਾ। ਇਸ ਤਰ੍ਹਾਂ ਦੀਆਂ ਗੱਲਾ ਕਾਂਗਰਸ ਵਿੱਚ ਠੀਕ ਨਹੀਂ ਲਗਦੀਆਂ ਹਨ। ਉਹ ਖ਼ੁਦ ਕਾਂਗਰਸ ਹਾਈ ਕਮਾਨ ਨੂੰ ਅਪੀਲ ਕਰਨਗੇ ਕਿ ਉਹ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਕਾਂਗਰਸ ਤੋਂ ਬਾਹਰ ਦਾ ਰਸਤਾ ਦਿਖਾਵੇ।
ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਬਦੌਲਤ ਹੀ ਪੰਜਾਬ ‘ਚ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਲੈ ਰਹੀ ਹੈ, ਜਦੋਂ ਕਿ ਕੱਲ੍ਹ ਪਾਰਟੀ ਵਿੱਚ ਆਏ ਨਵਜੋਤ ਸਿੱਧੂ ਵਰਗੇ ਲੋਕ ਮੁੱਖ ਮੰਤਰੀ ਨੂੰ ਪਾਠ ਪੜ੍ਹਾਉਣ ਲੱਗੇ ਹੋਏ ਹਨ। ਉਨਾਂ ਕਿਹਾ ਕਿ ਕਾਂਗਰਸ ਵਿੱਚ ਇਸ ਤਰਾਂ ਦਾ ਕੁਝ ਵੀ ਨਹੀਂ ਚੱਲੇਗਾ, ਸਿੱਧੂ ਤੋਂ ਕਾਫ਼ੀ ਜਿਆਦਾ ਸੀਨੀਅਰ ਕਾਂਗਰਸੀ ਬੈਠੇ ਹਨ। ਉਨਾਂ ਨੂੰ ਕਿਸੇ ਵੀ ਹਾਲਤ ਵਿੱਚ ਮੁੱਖ ਮੰਤਰੀ ਨਹੀਂ ਬਣਾਇਆ ਜਾ ਸਕਦਾ ਹੈ। ਜੇਕਰ ਸਿੱਧੂ ਨੂੰ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਪਸੰਦ ਨਹੀਂ ਹੈ ਤਾਂ ਤੁਰੰਤ ਉਹ ਆਪਣਾ ਅਸਤੀਫ਼ਾ ਦਿੰਦੇ ਹੋਏ ਸਰਕਾਰ ਵਿੱਚੋਂ ਬਾਹਰ ਹੋ ਜਾਣ।
ਉਨਾਂ ਕਿਹਾ ਕਿ ਨਵਜੋਤ ਸਿੱਧੂ ਪੰਜਾਬ ਵਿੱਚ ਕਾਂਗਰਸ ਨੂੰ ਹਰਾਉਣ ਦੀ ਕੋਸ਼ਸ਼ ਵਿੱਚ ਲੱਗੇ ਹੋਏ ਹਨ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਉਨਾਂ ਕਿਹਾ ਕਿ ਪਹਿਲਾਂ ਨਵਜੋਤ ਸਿੱਧੂ ਨੂੰ ਮੰਤਰੀ ਬਣਾ ਕੇ ਕਾਂਗਰਸ ਵੱਡੀ ਗਲਤੀ ਕੀਤੀ ਹੈ ਅਤੇ ਹੁਣ ਇਸ ਤੋਂ ਸਬਕ ਲੈਂਦੇ ਹੋਏ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਿੱਧੂ ਕਿਸੇ ਵੀ ਹਾਲਤ ਵਿੱਚ ਮੰਤਰੀ ਬਣਨ ਦੇ ਲਾਇਕ ਹੀ ਨਹੀਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।