ਸ਼ਹਿਰੀ ਖੇਤਰ ਨਾਲ ਚਾਰ ਦਿਹਾਤੀ ਸਰਕਲ ਪ੍ਰਧਾਨ ਚਲਾਉਣਗੇ ਸਿਆਸੀ ਗਤੀਵਿਧੀਆਂ
- ਹਲਕੇ ਨੂੰ ਬੁੱਥਾਂ ’ਚ ਵੰਡ ਸਰਕਲ ਪ੍ਰਧਾਨਾਂ ਦੀ ਕਾਰਗੁਜਾਰੀ ਦਾ ਮੁਲਾਂਕਣ ਕਰਨ ਦੀਆਂ ਤਿਆਰੀਆਂ ’ਚ ਜੁਟੀ ਭਾਜਪਾ
(ਤਰੁਣ ਕੁਮਾਰ ਸ਼ਰਮਾ) ਨਾਭਾ। ਰਿਜਰਵ ਹਲਕਾ ਨਾਭਾ ’ਚ ਸਿਆਸੀ ਸਰਗਰਮੀਆਂ ਉਸ ਸਮੇਂ ਗਰਮਾ ਗਈਆ ਜਦੋਂ ਭਾਜਪਾ ਵੱਲੋਂ ਹਲਕਾ ਨਾਭਾ ਨੂੰ ਪੰਜ ਭਾਗਾਂ ’ਚ ਵੰਡ ਕੇ ਪੰਜ ਸਰਕਲ ਪ੍ਰਧਾਨਾਂ ਹਵਾਲੇ ਕਰ ਦਿੱਤਾ ਗਿਆ। (Circle Presidents BJP ) ਭਾਜਪਾ ਵੱਲੋਂ ਜਾਰੀ ਸੂਚੀ ਅਨੁਸਾਰ ਹਲਕਾ ਨਾਭਾ ਨੂੰ ਬੁੱਥਾਂ ਦੇ ਆਧਾਰ ’ਤੇ ਨਾਭਾ, ਭਾਦਸੋ, ਦੰਦਰਾਲਾ, ਕਕਰਾਲਾ ਅਤੇ ਥੂਹੀ ਆਦਿ ਪੰਜ ਜੋਨਾਂ ’ਚ ਵੰਡਿਆ ਗਿਆ ਹੈ। ਦੱਸਣਯੋਗ ਹੈ ਕਿ ਭਾਜਪਾ ਵੱਲੋਂ ਨਾਭਾ ਜੋਨ ਅਧੀਨ 57, ਭਾਦਸੋ ਅਧੀਨ 44 , ਦੰਦਰਾਲਾ ਜੋਨ ਅਧੀਨ 44, ਕਕਰਾਲਾ ਜੋਨ ਅਧੀਨ 41 ਅਤੇ ਥੂਹੀ ਜੋਨ ਅਧੀਨ 40 ਬੁੱਥਾਂ ਦੇ ਵੇਰਵੇ ਅਨੁਸਾਰ ਹਲਕਾ ਨਾਭਾ ਦੇ ਕੁੱਲ 226 ਬੁੱਥਾਂ ਨੂੰ ਪੰਜ ਭਾਗਾਂ ’ਚ ਵੰਡਿਆ ਗਿਆ ਹੈ।
ਭਾਜਪਾ ਦੀ ਜਾਰੀ ਸੂਚੀ ਅਨੁਸਾਰ ਨਾਭਾ ਜੋਨ ਲਈ ਪਰਮਿੰਦਰ ਗੁਪਤਾ, ਭਾਦਸੋ ਜੋਨ ਲਈ ਅਮਿੱਤ ਜਿੰਦਲ, ਦੰਦਰਾਲਾ ਜੋਨ ਲਈ ਨੀਰਜ ਕੁਮਾਰ, ਕਕਰਾਲਾ ਜੋਨ ਲਈ ਇੰਦਰਪਾਲ ਸਿੰਘ ਚੀਮਾ ਅਤੇ ਥੂਹੀ ਜੋਨ ਲਈ ਗੁਰਜੰਟ ਸਿੰਘ ਨੂੰ ਸਰਕਲ ਪ੍ਰਧਾਨ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਭਾਦਸੋ ਦੇ ਬਰਿੰਦਰ ਬਿੱਟੂ ਨੂੰ ਜਿਲ੍ਹਾ ਭਾਜਪਾ ਦੇ ਐਸਸੀ-ਐਸਟੀ ਸੈਲ ਦਾ ਇੰਚਾਰਜ ਅਤੇ ਐਡਵੋਕੇਟ ਅਤੁੱਲ ਬਾਂਸਲ ਨੂੰ ਭਾਜਪਾ ਜਿਲ੍ਹਾ ਪਟਿਆਲਾ ਦੇ ਦੱਖਣੀ ਭਾਗ ਦਾ ਸ਼ੋਸ਼ਲ ਮੀਡੀਆ ਇੰਚਾਰਜ ਵੀ ਲਗਾਇਆ ਗਿਆ ਹੈ। ਉਪਰੋਕਤ ਵੇਰਵੇ ਤੋਂ ਸਪੱਸ਼ਟ ਹੈ ਕਿ ਭਾਜਪਾ 2024 ਦੇ ਮਹਾ ਮੁਕਾਬਲੇ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਜਿਸ ਸੰਬੰਧੀ ਭਾਜਪਾ ਦੇ ਸਿਆਸੀ ਮਾਹਿਰਾਂ ਵੱਲੋ ਵਿਉਂਤਬੰਦੀ ਉਲੀਕ ਪੰਜਾਬ ਦੇ ਹਲਕਿਆਂ ਨੂੰ ਬੁੱਥਾਂ ’ਚ ਵੰਡ ਕੇ ਜਿਥੇ ਹੇਠਲੇ ਪੱਧਰ ਤੱਕ ਪਾਰਟੀ ਨੂੰ ਮਜਬੂਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਥੇ ਬੁੱਥਾਂ ਵਿਚਕਾਰ ਨਿਯੁਕਤ ਸਰਕਲ ਪ੍ਰਧਾਨਾਂ ਦੀ ਗੁਣਵੱਤਾ ਅਤੇ ਕਾਰਗੁਜਾਰੀ ਨੂੰ ਪਰਖਣ ਦੀਆਂ ਤਿਆਰੀਆਂ ਕਰ ਰਹੀ ਹੈ।
ਨਵੇਂ ਚਿਹਰਿਆ ਨੂੰ ਜਿੰਮੇਵਾਰੀ ਦਾ ਸਿਆਸੀ ਵਰਤਾਰਾ ਬਣਿਆ ਚਰਚਾ ਦਾ ਵਿਸ਼ਾ
ਹਲਕਾ ਨਾਭਾ ਵਿਖੇ ਭਾਜਪਾ ’ਚ ਸਮੂਲਿਅਤ ਲਈ ਸਿਰਕੱਢ ਅਕਾਲੀ-ਕਾਂਗਰਸੀਆ ਦਾ ਸਿਆਸੀ ਹੜ੍ਹ ਅੰਦਰਖਾਤੇ ਉਬਾਲੇ ਮਾਰ ਰਿਹਾ ਹੈ ਜਿਸ ਕਾਰਨ ਸੰਭਾਵਿਤ ਸ਼ਾਮਲ ਨਵੀਆਂ ਸਿਆਸੀ ਅਤੇ ਵਪਾਰੀ ਸ਼ਖਸ਼ੀਅਤਾਂ ਦੀ ਆਮਦ ’ਚ ਕੋਈ ਅੜਿੱਕਾ ਨਾ ਆਵੇ, ਇਸ ਲਈ ਨਵੇਂ ਚਿਹਰਿਆ ਨੂੰ ਜਿੰਮੇਵਾਰੀਆ ਦਿੱਤੀਆਂ ਗਈਆ ਹਨ। ਨਵੇਂ ਚਿਹਰਿਆ ਦੀ ਪਹਿਚਾਣ ਸ਼ੋਸ਼ਲ ਮੀਡੀਆ ਸਮੇਤ ਸਿਆਸੀ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ। ਮਜੇ ਦੀ ਗੱਲ ਹੈ ਕਿ ਥਾਪੇ ਸਰਕਲ ਪ੍ਰਧਾਨਾਂ ’ਚੋਂ ਜਿਆਦਾਤਰ ਦਾ ਸੰਬੰਧ ਸ਼ਹਿਰੀ ਖੇਤਰਾਂ ਨਾਲ ਹੈ ਪਰੰਤੂ ਨਿਯੁਕਤੀਆ ਪਿੰਡਾਂ ਦੀ ਦੇ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।