ਰਾਜੇਵਾਲ ਦਾ ਨਿੱਜੀ ਐਲਾਨ ਨਹੀਂ ਸਾਂਝੇ ਮੋਰਚੇ ਦਾ ਫੈਸਲਾ, ਭਾਜਪਾ ਛੱਡ ਨਹੀਂ ਹੋਏਗਾ ਕਿਸੇ ਸਿਆਸੀ ਪਾਰਟੀ ਦਾ ਵਿਰੋਧ

ਦੋ ਫਾੜ ਹੋਇਆ ਸਾਂਝਾ ਮੋਰਚਾ : ਕੋਈ ਵੀ ਪਾਰਟੀ ਕਰ ਸਕਦੀ ਐ ਚੋਣ ਪ੍ਰਚਾਰ, ਕਿਸਾਨ ਨਹੀਂ ਕਰਨਗੇ ਵਿਰੋਧ, ਜੋਗਿੰਦਰ ਉਗਰਾਹਾਂ ਦਾ ਐਲਾਨ

  • ਕਿਹਾ, ਦਿੱਲੀ ਮੋਰਚੇ ਤੋਂ ਧਿਆਨ ਨਾ ਹਟੇ, ਇਸ ਲਈ ਸਿਰਫ਼ ਭਾਜਪਾ ਦਾ ਹੀ ਹੋਏਗਾ ਵਿਰੋਧ
  • ਕਿਸਾਨ ਨਹੀਂ ਕਰਨਗੇ ਪਿੰਡਾਂ ਵਿੱਚ ਵਿਰੋਧ, ਅਸੀਂ ਦੇ ਰਹੇ ਹਾਂ ਕਿਸਾਨਾਂ ਨੂੰ ਸੁਨੇਹੇ : ਉਗਰਾਹਾਂ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿਧਾਨ ਸਭਾ ਤੋਂ ਪਹਿਲਾਂ ਸਾਂਝਾ ਮੋਰਚਾ ਦੋ ਫਾੜ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਬਲਬੀਰ ਰਾਜੇਵਾਲ ਵਲੋਂ ਚੰਡੀਗੜ ਵਿਖੇ ਸਾਰੀ ਸਿਆਸੀ ਧਿਰਾਂ ਨੂੰ ਚੋਣ ਪ੍ਰਚਾਰ ਨਹੀਂ ਕਰਨ ਦੇਣ ਦਾ ਐਲਾਨ ਕਰਨ ਤੋਂ ਬਾਅਦ ਬੀ.ਕੇ.ਯੂ. ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਸਾਫ਼ ਕਿਹਾ ਕਿ ਭਾਜਪਾ ਨੂੰ ਛੱਡ ਕੇ ਕੋਈ ਵੀ ਸਿਆਸੀ ਪਾਰਟੀ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰ ਸਕਦੀ ਹੈ ਅਤੇ ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰਾਂ ਨੂੰ ਰੋਕਿਆ ਨਹੀਂ ਜਾਏਗਾ ਤੇ ਨਾ ਹੀ ਉਨਾਂ ਦਾ ਵਿਰੋਧ ਕੀਤਾ ਜਾਏਗਾ। ਬਲਬੀਰ ਰਾਜੇਵਾਲ ਦੇ ਫੈਸਲੇ ਨੂੰ ਵੀ ਨਿੱਜੀ ਕਰਾਰ ਦਿੰਦੇ ਹੋਏ ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਸਾਂਝਾ ਮੋਰਚਾ ਦਿੱਲੀ ਬਾਰਡਰ ’ਤੇ ਬੈਠ ਕੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਚਾਰਾਂ ਕਰ ਰਿਹਾ ਹੈ ਅਤੇ ਸਾਂਝੇ ਮੋਰਚੇ ਦਾ ਐਲਾਨ ਪੂਰੇ ਦੇਸ਼ ਵਿੱਚ ਲਾਗੂ ਹੁੰਦਾ ਹੈ, ਜਦੋਂ ਕਿ ਚੰਡੀਗੜ ਵਿਖੇ ਕੌਣ ਕੀ ਮੀਟਿੰਗ ਕਰਦੇ ਹੋਏ ਕਿਹੜਾ ਐਲਾਨ ਕਰਕੇ ਆਇਆ ਹੈ, ਇਸ ਦਾ ਕੋਈ ਵੀ ਸਰੋਕਾਰ ਸਾਂਝੇ ਮੋਰਚੇ ਦੇ ਨਾਲ ਨਹੀਂ ਹੈ।

ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ‘ਤੇ ਹੈਰਾਨੀ ਵੀ ਪ੍ਰਗਟਾਈ ਕਿ ਬਲਬੀਰ ਰਾਜੇਵਾਲ ਵਲੋਂ ਸਾਂਝੇ ਮੋਰਚੇ ਦੀ ਬਾਕੀ ਜਥੇਬੰਦੀਆਂ ਨਾਲ ਮੀਟਿੰਗ ਕੀਤੇ ਬਿਨਾਂ ਹੀ ਚੰਡੀਗੜ ਵਿਖੇ ਕਚਹਿਰੀ ਲਗਾਉਂਦੇ ਹੋਏ ਸਿਆਸੀ ਧਿਰਾਂ ਨੂੰ ਸੱਦ ਕੇ ਉਨਾਂ ਤੋਂ ਸੁਆਲ ਜੁਆਬ ਕੀਤੇ ਅਤੇ ਮੌਕੇ ’ਤੇ ਹੀ ਉਨਾਂ ਨੂੰ ਫੈਸਲਾ ਸੁਣਾ ਦਿੱਤਾ। ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਸਾਂਝੇ ਮੋਰਚੇ ਦੇ ਫੈਸਲੇ ਲੈਣ ਦਾ ਅਧਿਕਾਰ ਇੱਕ ਵਿਅਕਤੀ ਵਿਸ਼ੇਸ਼ ਨੂੰ ਕਦੇ ਨਹੀਂ ਦਿੱਤਾ ਗਿਆ ਹੈ ਤਾਂ ਬਲਬੀਰ ਰਾਜੇਵਾਲ ਵਲੋਂ ਇਹ ਫੈਸਲਾ ਕਿਵੇਂ ਲੈ ਲਿਆ ਗਿਆ।

ਤਿੰਨੇ ਖੇਤੀ ਕਾਨੂੰਨਾਂ ਤੋਂ ਵੱਡਾ ਕੋਈ ਵੀ ਫੈਸਲਾ ਨਹੀਂ : ਜੋਗਿੰਦਰ ਉਗਰਾਹਾਂ

ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਲਈ ਇਸ ਸਮੇਂ ਤਿੰਨੇ ਖੇਤੀ ਕਾਨੂੰਨਾਂ ਤੋਂ ਵੱਡਾ ਕੋਈ ਵੀ ਫੈਸਲਾ ਨਹੀਂ ਹੈ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਿਰਫ਼ ਭਾਜਪਾ ਨੂੰ ਹੀ ਘੇਰਣ ‘ਤੇ ਜੋਰ ਦੇਣਾ ਚਾਹੀਦਾ ਹੈ। ਜੇਕਰ ਭਾਜਪਾ ਤੋਂ ਭਟਕ ਕੇ ਹਰ ਪਾਰਟੀ ਵਲ ਹੋ ਗਏ ਤਾਂ ਭਾਜਪਾ ’ਤੇ ਇਸ ਦਾ ਪ੍ਰਭਾਵ ਨਹੀਂ ਪਏਗਾ ਅਤੇ ਕਿਸਾਨਾਂ ਦਾ ਅਸਰ ਘੱਟ ਜਾਏਗਾ। ਉਗਰਾਹਾਂ ਨੇ ਕਿਹਾ ਕਿ ਉਨਾਂ ਦੀ ਜਥੇਬੰਦੀ ਦੇ ਆਗੂ ਅਤੇ ਕਿਸਾਨ ਪੰਜਾਬ ਵਿੱਚ ਸਿਰਫ਼ ਭਾਜਪਾ ਦਾ ਹੀ ਵਿਰੋਧ ਕਰਨਗੀਆਂ ਅਤੇ ਬਾਕੀ ਕੋਈ ਵੀ ਪਾਰਟੀ ਦਾ ਕੋਈ ਵੀ ਲੀਡਰ ਪ੍ਰਚਾਰ ਕਰਨ ਜਾਂ ਫਿਰ ਕਿਸੇ ਵੀ ਕੰਮ ਆ ਸਕਦਾ ਹੈ, ਉਸ ਨੂੰ ਰੋਕਿਆ ਨਹੀਂ ਜਾਏਗਾ।

ਇਸ ਲਈ ਬਲਬੀਰ ਰਾਜੇਵਾਲ ਕੀ ਐਲਾਨ ਕਰ ਰਹੇ ਹਨ, ਉਸ ਨਾਲ ਉਨਾਂ ਦੀ ਜਥੇਬੰਦੀ ਸਹਿਮਤੀ ਨਹੀਂ ਦਿੰਦੀ ਹੈ ਅਤੇ ਬਕਾਇਦਾ ਉਨਾਂ ਦੀ ਜਥੇਬੰਦੀ ਨਾਲ ਜੁੜੇ ਆਗੂਆਂ ਨੂੰ ਇਸ ਫੈਸਲੇ ਬਾਰੇ ਜਾਣੂੰ ਕਰਵਾ ਦਿੱਤਾ ਗਿਆ ਹੈ ਕਿ ਭਾਜਪਾ ਨੂੰ ਛੱਡ ਕਿਸੇ ਸਿਆਸੀ ਪਾਰਟੀ ਦਾ ਵਿਰੋਧ ਨਹੀਂ ਕਰਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ