ਪਿਛਲੀ ਤਾਰੀਖ ‘ਚ ਜਾਰੀ ਹੋਇਆ ਕੋਈ ਆਦੇਸ਼ ਤਾਂ ਹੋਵੇਗੀ ਕਾਰਵਾਈ

Election Commission

ਪਿਛਲੀ ਤਾਰੀਖ ‘ਚ ਜਾਰੀ ਹੋਇਆ ਕੋਈ ਆਦੇਸ਼ ਤਾਂ ਹੋਵੇਗੀ ਕਾਰਵਾਈ

ਚੰਡੀਗੜ੍ਹ (ਅਸ਼ਵਨੀ ਚਾਵਲਾ) | ਪਿਛਲੀ ਤਾਰੀਖ ‘ਚ ਜੇਕਰ ਕੋਈ ਵੀ ਆਦੇਸ਼ ਜਾਰੀ ਹੋਇਆ ਤਾਂ ਅਧਿਕਾਰੀ ਸਖ਼ਤ ਕਾਰਵਾਈ ਲਈ ਤਿਆਰ ਰਹਿਣ ਇਹ ਸਖ਼ਤ ਆਦੇਸ਼ ਚੋਣ ਕਮਿਸ਼ਨ ਦੇ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਪੰਜਾਬ ਦੇ ਸਾਰੇ ਵਿਭਾਗਾਂ ਦੇ ਮੁਖੀ ਅਤੇ ਉੱਚ ਅਧਿਕਾਰੀਆਂ ਨੂੰ ਭੇਜਦਿਆਂ ਇਸ ਦੀ ਪਾਲਣਾ ਕਰਨ ਲਈ ਕਿਹਾ ਹੈ।

ਇਸ ਨਾਲ ਹੀ ਵੀ.ਕੇ. ਸਿੰਘ ਨੇ ਇਨ੍ਹਾਂ ਉੱਚ ਅਧਿਕਾਰੀਆਂ ਨੂੰ ਆਪਣੇ-ਆਪਣੇ ਵਿਭਾਗਾਂ ‘ਚ ਲੱਗੇ ਹੋਏ ਡਿਸਪੈਚ ਰਜ਼ਿਸਟਰਾਂ ਦੇ ਆਖ਼ਰੀ ਪੰਨੇ ਦੀ ਤਸਵੀਰ ਖਿੱਚ ਕੇ ਭੇਜਣ ਦੇ ਵੀ ਆਦੇਸ਼ ਦਿੱਤੇ ਹਨ ਤਾਂ ਕਿ ਚੋਣ ਕਮਿਸ਼ਨ ਕੋਲ ਰਿਕਾਰਡ ਰਹਿ ਸਕੇ ਕਿ ਆਖ਼ਰੀ ਸਰਕਾਰੀ ਆਦੇਸ਼ ਕਿਹੜੀ ਤਾਰੀਖ਼ ਨੂੰ ਜਾਰੀ ਹੋਇਆ ਸੀ।

ਜਾਣਕਾਰੀ ਅਨੁਸਾਰ ਵੀ.ਕੇ. ਸਿੰਘ ਵੱਲੋਂ ਜਾਰੀ ਹੋਏ ਪੱਤਰ ‘ਚ ਲਿਖਿਆ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਪ੍ਰੋਗਰਾਮ ਉਲੀਕਿਆ ਜਾ ਚੁੱਕਾ ਹੈ ਅਤੇ ਚੋਣ ਜਾਬਤਾ ਵੀ ਅਮਲ ਵਿੱਚ ਆ ਚੁੱਕਾ ਹੈ। ਇਸ ਲਈ ਕੋਈ ਵੀ ਅਧਿਕਾਰੀ ਪਿਛਲੀ ਤਾਰੀਖ ‘ਚ ਕੋਈ ਵੀ ਆਦੇਸ਼ ਜਾਰੀ ਨਾ ਕਰੇ।

ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਆਮ ਤੌਰ ‘ਤੇ ਅਕਸਰ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ ਕਿ ਕੁਝ ਵਿਭਾਗ ਆਪਣੇ ਕੰਮਾਂ ਨੂੰ ਪੁਰਾਣੀਆਂ ਮਿਤੀਆਂ ਵਿੱਚ ਕਰਦੇ ਰਹਿੰਦੇ ਹਨ, ਇਸ ‘ਤੇ ਰੋਕ ਲੱਗਣੀ ਬਹੁਤ ਜ਼ਰੂਰੀ ਹੈ। ਇਸ ਲਈ ਸਾਰੇ ਵਿਭਾਗ ਇਸ ਨੂੰ ਯਕੀਨੀ ਬਣਾਉਣ ਕਿ ਕੋਈ ਵੀ ਚਿੱਠੀ ਪੱਤਰ ਜਾਂ ਕਿਸੇ ਤਰ੍ਹਾਂ ਦਾ ਕੋਈ ਹੁਕਮ ਪਿਛਲੀਆਂ ਮਿਤੀਆਂ ਵਿੱਚ ਜਾਰੀ ਨਾ ਹੋਵੇ।

ਇਨ੍ਹਾਂ ਆਦੇਸ਼ਾਂ ਦੇ ਨਾਲ ਹੀ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਸਣੇ ਹਰ ਵਿਭਾਗ ਦੇ ਮੁੱਖੀ ਨੂੰ ਕਿਹਾ ਗਿਆ ਹੈ ਕਿ ਹੁਣ ਤੋਂ ਬਾਅਦ ਕੋਈ ਵੀ ਵਿਭਾਗ ਕਿਸੇ ਵੀ ਤਰ੍ਹਾਂ ਦੀ ਕੋਈ ਗਰਾਂਟ ਜਾਰੀ ਨਾ ਕਰੇ ਅਤੇ ਹੁਣ ਤੱਕ ਜਾਰੀ ਗਰਾਂਟਾਂ/ਫੰਡਜ਼ ਦੀ ਡੀਟੇਲ ਉਨ੍ਹਾਂ ਦੇ ਦਫ਼ਤਰ ਨੂੰ ਭੇਜ ਦਿੱਤੀ ਜਾਵੇ।

ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਇਸ ਪੱਤਰ ਬਾਰੇ ਦੱਸਿਆ ਕਿ ਚੋਣ ਕਮਿਸ਼ਨ ਨੂੰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਆਦਾਤਰ ਵਿਰੋਧੀ ਧਿਰਾਂ ਵੱਲੋਂ ਕੀਤੀ ਜਾਂਦੀਆਂ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਇਸ ਤਰ੍ਹਾਂ ਦੀ ਪਿਛਲੀ ਮਿਤੀ ਵਿੱਚ ਕੋਈ ਕਾਰਵਾਈ ਨਾ ਕਰੇ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰ ਸਾਰੇ ਵਿਭਾਗਾਂ ਤੋਂ ਡਿਸਪੈਚ ਰਜਿਸ਼ਟਰਾਂ ਦੀ ਕਾਪੀ ਲੈਂਦੇ ਹੋਏ ਉਨ੍ਹਾਂ ਨੂੰ ਭੇਜਣਗੇ, ਜਦੋਂ ਕਿ ਵੱਖ-ਵੱਖ ਵਿਭਾਗਾਂ ਦੇ ਮੁੱਖੀ ਸਿੱਧਾ ਉਨ੍ਹਾਂ ਦੇ ਦਫ਼ਤਰ ਨੂੰ ਕਾਪੀ ਭੇਜਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ