ਅਕਾਲੀ ਦਲ ਵੱਲੋਂ ਕੈਪਟਨ ਨੂੰ ਉਸ ਦੇ ਘਰ ‘ਚ ਘੇਰਣ ਦੀ ਪੂਰੀ ਵਿਉਂਤਬੰਦੀ

ਅਕਾਲੀ ਦਲ ਵੱਲੋਂ ਕੈਪਟਨ ਨੂੰ ਉਸ ਦੇ ਘਰ’ਚ ਘੇਰਣ ਦੀ ਪੂਰੀ ਵਿਉਂਤਬੰਦੀ

ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਦੇ ਜੱਦੀ ਹਲਕੇ ਪਟਿਆਲਾ ਵਿੱਚ ਹੀ ਘੇਰਣ ਦੀ ਪੂਰੀ ਯੋਜਨਾਬੰਦੀ ਵਿੱਢੀ ਜਾ ਰਹੀ ਹੈ।  ਹਲਕਾ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਅਕਾਲੀ ਦਲ ਵੱਲੋਂ ਉਤਾਰੇ ਜਾ ਰਹੇ ਸਾਬਕਾ ਫੌਜ ਮੁਖੀ ਜਨਰਲ ਜੇ.ਜੇ. ਸਿੰਘ ਨੇ ਦਿੱਲੀ ਤੋਂ ਆਪਣੀ ਵੋਟ ਕਟਵਾ ਕੇ ਪਟਿਆਲਾ ਵਿਖੇ ਆਪਣੀ ਵੋਟ ਬਣਾ ਲਈ ਹੈ। ਇਹ ਵੀ ਪਤਾ ਲੱਗਾ ਹੈ ਕਿ ਜੇ.ਜੇ. ਸਿੰਘ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਜਿੱਥੇ ਉਸ ਦੇ ਨਾਲ ਰਹੇ ਰੈਜੀਮੈਂਟ ਦੇ ਰਿਟਾਇਡ ਉੱਚ ਅਧਿਕਾਰੀ ਚੋਣ ਪ੍ਰਚਾਰ ਲਈ ਪੁੱਜਣਗੇ, ਉੱਥੇ ਹੀ ਭਾਜਪਾ ਦੇ ਕੇਂਦਰੀ ਵਜਾਰਤ ਤੋਂ ਵੀ ਕਈ ਮੰਤਰੀ ਪੁੱਜ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦੇਣਗੇ।

ਜਾਣਕਾਰੀ ਅਨੁਸਾਰ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਨੇ ਸ਼ਾਹੀ ਸ਼ਹਿਰ ਪਟਿਆਲਾ ਅੰਦਰ ਆਪਣੇ ਪੱਕੇ ਡੇਰੇ ਲਾ ਲਏ ਹਨ ਅਕਾਲੀਆਂ ਵੱਲੋਂ ਭਾਵੇਂ ਅਜੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਨਹੀਂ ਕੀਤਾ ਗਿਆ ਪਰ ਜੇ.ਜੇ. ਸਿੰਘ ਵੱਲੋਂ ਚੋਣ ਮੈਦਾਨ ਲਈ ਆਪਣੀ ਪੂਰੀ ਤਿਆਰੀ ਖਿੱਚ ਦਿੱਤੀ ਹੈ। ਪਤਾ ਲੱਗਾ ਹੈ ਕਿ ਅਕਾਲੀ ਦਲ ਵੱਲੋਂ ਆਪਣੀ ਰਣਨੀਤੀ ਦੇ ਤਹਿਤ ਹੀ ਪਟਿਆਲਾ ਤੋਂ ਜਨਰਲ ਜੇ.ਜੇ. ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਜਾ ਰਿਹਾ ਹੈ

ਕਿਉਂਕਿ ਅਕਾਲੀ ਦਲ ਉਸਦੇ ਵੱਡੇ ਰੁਤਬੇ ਅਤੇ ਨਾਂਅ ਦਾ ਸਹਾਰਾਂ ਲੈਣਾ ਚਾਹੁੰਦਾ ਹੈ।ਸੂਤਰਾ ਦਾ ਕਹਿਣਾ ਹੈ ਕਿ ਸਾਬਕਾ ਫੌਜ ਮੁਖੀ ਜਨਰਲ ਜੇ.ਜੇ. ਸਿੰਘ ਵੱਲੋਂ ਆਪਣੇ ਚੋਣ ਪ੍ਰਚਾਰ ਲਈ ਡਿਊਟੀ ਦੌਰਾਨ ਆਪਣੇ ਨਾਲ ਰਹੇ ਰਿਟਾਇਡ ਅਧਿਕਾਰੀਆਂ ਨੂੰ ਵਿਸ਼ੇਸ ਤੌਰ ‘ਤੇ ਸੱਦਿਆ ਜਾ ਰਿਹਾ ਹੈ ਅਤੇ ਖਾਸ ਕਰਕੇ ਮਰਾਠਾ ਰੈਂਜੀਮੈਂਟ ਦੇ ਅਧਿਕਾਰੀ ਜੇ.ਜੇ. ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਪੁੱਜਣਗੇ।

 ਇਸ ਦੇ ਨਾਲ ਹੀ ਕੈਪਟਨ ਦੇ ਵਿਰੁੱਧ ਅਤੇ ਜੇ.ਜੇ ਸਿੰਘ ਦੇ ਹੱਕ ਵਿੱਚ ਕੇਂਦਰੀ ਵਜਾਰਤ ‘ਚੋਂ ਮੰਤਰੀਆਂ ਵੱਲੋਂ ਵੀ ਇੱਥੇ ਚੋਣ ਪ੍ਰਚਾਰ ਕਰਨ ਦੀ ਚਰਚਾ ਹੈ। ਅਕਾਲੀ ਦਲ ਦੀ ਯੋਜਨਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਦੀ ਥਾਂ ਆਪਣੇ ਹਲਕੇ ਅੰਦਰ ਹੀ ਘਿਰ ਜਾਣ ਤਾਂ ਜੋਂ ਕਾਂਗਰਸ ਦੀ ਚੋਣ ਮੁਹਿੰਮ ਨੂੰ ਠਿੱਬੀ ਲਾਈ ਜਾ ਸਕੇ। ਇੱਧਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਸੁਖਬੀਰ ਬਾਦਲ ਵੱਲੋਂ ਇੱਥੋਂ ਆਪਣੇ ਟਿਕਟ ਦੇ ਦਾਅਵੇਦਾਰਾਂ ਨੂੰ ਇਹ ਵੀ ਕੰਨ ਕਰ ਦਿੱਤੇ ਹਨ ਕਿ ਜੇਕਰ ਜੇ.ਜੇ. ਸਿੰਘ ਦੀ ਜਿੱਤ ਹੋਈ ਤਾਂ ਉਨ੍ਹਾਂ ਨੂੰ ਸ਼ਾਬਾਸੀ ਮਿਲੇਗੀ ਅਤੇ ਜੇਕਰ ਹਾਰ ਹੋਈ ਤਾਂ ਇਸ ਦਾ ਖਮਿਆਜ਼ਾ ਵੀ ਭੁਗਤਨਾ ਪਵੇਗਾ। ਇਸ ਲਈ ਉਹ ਜਨਰਲ ਜੇ.ਜੇ. ਸਿੰਘ ਦੀ ਜਿੱਤ ਵਿੱਚ ਦਿਨ ਰਾਤ ਇੱਕ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ