ਚਿੰਤਾਜਨਕ ਹੈ ਲਾਪਤਾ ਲੋਕਾਂ ਦੀ ਵਧਦੀ ਗਿਣਤੀ

ਸੁਖਰਾਜ ਚਹਿਲ ਧਨੌਲਾ
ਜੇਕਰ ਹਰ ਇਨਸਾਨ ਦਾ ਜੀਵਨ ਵਧੀਆ ਢੰਗ ਨਾਲ ਬਤੀਤ ਹੋਵੇ ਉਸਨੂੰ ਲੋੜੀਂਦੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਹੋਣ ਤਾਂ ਹੀ ਹਰੇਕ ਵਿਅਕਤੀ ਆਪਣੀ ਜ਼ਿੰਦਗੀ ਦਾ ਰੰਗ ਸੌਖੇ ਢੰਗ ਨਾਲ  ਮਾਣ ਸਕਦਾ ਹੈ। ਕਿਉਂਕਿ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇਕਰ ਹਰ ਵਿਅਕਤੀ ਨੂੰ ਲੋਂੜੀਦੀਆਂ ਸਹੂਲਤਾਂ ਮੁਹੱਈਆ ਹੋਣ ਤਾਂ ਹਰ ਔਕੜ ਨੂੰ ਹਰ ਆਦਮੀ ਅਸਾਨੀ ਨਾਲ ਪਾਰ ਕਰ ਸਕਦਾ ਹੈ। ਜੇਕਰ ਆਦਮੀ ਸਹੂਲਤਾਂ ਤੋਂ ਸੱਖਣÎਾ ਹੈ ਤਾਂ ਫਿਰ ਹਰੇਕ ਵਿਅਕਤੀ ਛੋਟੀ ਤੋਂ ਛੋਟੀ ਮੁਸੀਬਤ ਦਾ ਸਾਹਮਣਾ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਇਹਨਾਂ ਸਹੂਲਤਾਂ ਨੂੰ ਪ੍ਰਾਪਤ ਕਰਨ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਸੰਘਰਸ਼ ਕਰਨਾ ਪੈਂਦਾ ਹੈ। ਕਿਉਂਕਿ ਇੱਕ ਤਾਂ ਮਹਿੰਗਾਈ ਨੇ ਹਰ ਆਦਮੀ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ ਅਤੇ ਦੂਜਾ ਆਮਦਨੀ ਵਸੀਲੇ ਘਟ ਰਹੇ ਹਨ।

ਰੁਜ਼ਗਾਰ ਵਰਗੇ ਜੋ ਪ੍ਰਬੰਧ ਸਰਕਾਰਾਂ ਵੱਲੋਂ ਕੀਤੇ ਜਾਣੇ ਚਾਹੀਦੇ ਹਨ ਉਹ ਵੀ ਨਹੀਂ ਕੀਤੇ ਜਾ ਰਹੇ ਹਨ ਜਿਸ ਕਰਕੇ ਅੱਜ ਲੱਖਾਂ ਨੌਜਵਾਨ ਬੇਰੁਜ਼ਗਾਰ  ਘੁੰਮ ਰਹੇ ਹਨ। ਅਜੇ ਜਿਨ੍ਹਾਂ ਲੋਕਾਂ ਦੇ ਪੁਰਾਣੇ ਪੁਰਖਿਆਂ ਦੀਆਂ ਜਮੀਨਾਂ, ਜਾਇਦਾਦਾਂ ਬਣਾਈਆਂ ਹੋਈਆਂ ਹਨ, ਉਹ ਤਾਂ ਆਪਣੀਆਂ ਜਮੀਨਾਂ ਆਦਿ ਨਾਲ ਗੁਜ਼ਾਰਾ ਕਰ ਰਹੇ ਹਨ। ਜਦਕਿ ਅੱਜ ਦੇ ਸਮੇਂ ਵਿੱਚ ਨਵੀਆਂ ਜਮੀਨਾਂ ਜਾਇਦਾਦਾਂ ਬਣਾਉਣੀਆਂ ਬਹੁਤ ਮੁਸ਼ਕਲ ਵਾਲੀ ਗੱਲ ਹੋ ਗਈ ਹੈ। ਜਿਨ੍ਹਾਂ ਕੋਲ ਅਜਿਹੇ ਪੁਰਾਣੇ ਕਮਾਈ ਵਾਲੇ ਸਾਧਨ ਨਹੀਂ ਹਨ ਉਹ ਬੜੀ ਮੁਸ਼ਕਲ ਨਾਲ ਆਪਣਾ ਖ਼ਰਚਾ  ਚਲਾਉਂਦੇ ਹਨ।

ਆਮਦਨ ਦਾ ਘੱਟ ਹੋਣਾ ਲੋਕਾਂ ਦੇ ਘਰਾਂ ‘ਚ ਲੜਾਈ-ਝਗੜੇ ਦਾ ਕਾਰਨ ਬਣਦਾ ਹੈ।ਕਿਉਂਕਿ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਹਰੇਕ ਨੂੰ ਪੈਸੇ ਦੀ ਲੋੜ ਤਾਂ ਹੁੰਦੀ ਹੈ। ਪਰ ਆਮਦਨੀ ਵਸੀਲੇ ਘੱਟ ਹੋਣ ਕਾਰਨ ਓਨਾ ਪੈਸਾ ਨਹੀਂ ਆਉਂਦਾ ਜਿੰਨੇ ਦੀ ਜ਼ਰੂਰਤ ਹੁੰਦੀ ਹੈ ਜਿਸ ਕਾਰਨ ਘਰਾਂ ਵਿੱਚ ਲੜਾਈ-ਝਗੜੇ ਹੁੰਦੇ ਰਹਿੰਦੇ ਹਨ ਅਤੇ ਬਹੁਤੇ ਘਰ ਦੋਫ਼ਾੜ ਵੀ ਹੋ ਜਾਂਦੇ ਹਨ। ਹੁਣ ਇਹ ਅਸਾਨੀ ਨਾਲ ਮੰਨਿਆ ਜਾ ਸਕਦਾ ਹੈ ਕਿ ਪੈਸੇ ਹਰ ਇਨਸਾਨ ਲਈ ਜ਼ਰੂਰੀ ਹਨ ਅਤੇ ਆਮਦਨੀ ਵਸੀਲੇ ਵੀ ਓਨੇ ਹੀ ਜ਼ਰੂਰੀ ਹਨ। ਜੇਕਰ ਆਮਦਨ ਦੇ ਸਾਧਨ ਹੋਣਗੇ ਤਾਂ ਹੀ ਪੈਸੇ ਆਉਣਗੇ ਅਤੇ ਸਾਰੇ ਸਰਕਲ ਚੱਲਣਗੇ। ਜਿਨ੍ਹਾਂ ਲੋਕਾਂ ਕੋਲ ਪੈਸੇ ਦੀ ਘਾਟ ਹੁੰਦੀ ਹੈ ਉਨ੍ਹਾਂ ਲਈ ਆਪਣੇ ਕੰਮ-ਧੰਦੇ ਚਲਾਉਣੇ ਵੀ ਮੁਸ਼ਕਲ ਹੋ ਜਾਂਦੇ ਹਨ। ਬਹੁਤੇ ਲੋਕ ਆਪਣੇ ਵਪਾਰਾਂ ਵਿੱਚ ਕਰਜਾ ਚੁੱਕ ਕੇ ਵਾਧੂ ਪੈਸੇ ਲਾ ਦਿੰਦੇ ਹਨ ਪਰ ਆਮਦਨ ਘੱਟ ਹੁੰਦੀ ਹੈ ਜਿਸ ਕਰਕੇ ਵਿਅਕਤੀ ਨੂੰ ਫਿਰ ਦੋ-ਦੋ ਮਾਰਾਂ ਪੈਂਦੀਆਂ ਹਨ। ਇੱਕ ਤਾਂ ਚੁੱਕਿਆ ਪੈਸਾ ਵਾਪਸ ਨਹੀਂ ਹੁੰਦਾ ਤੇ ਦੂਜਾ ਨਵੇਂ ਸਿਰਿਓਂ ਪੈਸਾ ਨਹੀਂ ਆਉਂਦਾ। ਜਦੋਂ ਕਿਸੇ ਵੀ ਆਦਮੀ ਨੂੰ ਵਾਧੂ ਪੈਸੇ ਲਾ ਕੇ ਵੀ ਘਾਟਾ ਪੈਣ ਲੱਗ ਜਾਂਦਾ ਹੈ ਤਾਂ ਫਿਰ ਕੋਈ ਰਸਤਾ ਨਾ ਮਿਲਣ ਕਰਕੇ ਉਹ ਖੁਦਕਸ਼ੀ ਕਰਨ ਵਰਗੇ ਗ਼ਲਤ ਫੈਸਲੇ ਲੈਂਦੇ ਹਨ। ਅਜਿਹਾ ਫ਼ੈਸਲਾ ਕੋਈ ਕਿਸੇ ਮੁਸੀਬਤ ਦਾ ਹੱਲ ਨਹੀਂ ਹੈ। ਖੁਦਕੁਸ਼ੀ ਕਰਨ ਤੋਂ ਇਲਾਵਾ ਬਹੁਤੇ ਅਚਾਨਕ ਘਰ ਛੱਡ ਕੇ ਚਲੇ ਜਾਂਦੇ ਹਨ ਅਤੇ ਫਿਰ ਵਾਪਸ ਘਰ ਨਹੀਂ ਆਉਂਦੇ।

ਹੁਣ ਆਦਮੀ ਜਾਂ ਔਰਤਾਂ ਦੇ ਅਚਾਨਕ ਘਰੋਂ ਜਾ ਕੇ ਗੁੰਮ  ਹੋ ਜਾਣ ਦੇ ਮਾਮਲੇ ਬਹੁਤ ਸਾਹਮਣੇ ਆ ਰਹੇ ਹਨ। ਲੋਕਾਂ ਦੇ ਅਚਾਨਕ ਗੁੰਮ ਹੋਣ ਪਿੱਛੇ ਜਿਆਦਾਤਰ ਆਮਦਨੀ ਵਸੀਲੇ ਘੱਟ ਹੋਣਾ ਹੈ। ਇਸ ਤੋਂ ਇਲਾਵਾ ਕਈ ਲੋਕਾਂ ਦੇ ਘਰ ਘਰੇਲੂ ਕਲੇਸ਼ ਹੁੰਦਾ ਰਹਿੰਦਾ ਹੈ ਜਿਸ ਕਾਰਨ ਬਹੁਤੇ ਆਪਣਾ ਘਰ ਬਾਰ ਛੱਡ ਕੇ ਚਲੇ ਜਾਂਦੇ ਹਨ। ਪਰ ਇਹ ਵੀ ਕੋਈ ਸਾਰਥਿਕ ਹੱਲ ਨਹੀਂ ਹੈ। ਅਸਲੀਅਤ ‘ਚ ਜੋ ਆਪਣਾ ਸਭ ਕੁਝ ਛੱਡ ਕੇ ਚਲੇ ਜਾਂਦੇ ਹਨ ਉਨ੍ਹਾਂ ਦੇ ਘਰਦਿਆਂ ਦਾ ਪਿੱਛੋ ਕੀ ਹਾਲ ਹੁੰਦਾ ਹੈ ਇਸ ਦਾ ਅੰਦਾਜਾ ਜੋ ਲੋਕ ਘਰੋਂ ਜਾਂਦੇ ਹਨ ਸ਼ਾਇਦ ਉਹਨਾਂ ਨੇ ਕਦੇ ਨਹੀਂ ਲਾਇਆ ਹੁੰਦਾ। ਇਸ ਤਰ੍ਹਾਂ ਮਾਮਲਿਆਂ ‘ਚ ਔਰਤਾਂ ਵੀ ਸ਼ਾਮਲ ਹਨ।
ਲੋਕਾਂ ਕੋਲ ਪੱਕਾ ਰੁਜ਼ਗਾਰ ਨਹੀਂ ਹੈ। ਜਿਸ ਕਰਕੇ ਆਮ ਆਦਮੀ ਬੇਰੁਜ਼ਗਾਰੀ ਦੀ ਚੱਕੀ ਵਿੱਚ ਬੁਰੀ ਤਰ੍ਹਾਂ ਪਿਸ ਰਿਹਾ ਹੈ। ਜਿਸ ਕਰਕੇ ਉਹ ਚੋਰੀ, ਡਕੈਤੀ, ਅਗਵਾ ਅਤੇ ਨਸ਼ਿਆਂ ਦਾ ਸ਼ਿਕਾਰ ਬੁਰੀ ਤਰ੍ਹਾਂ ਹੋ ਰਿਹਾ ਹੈ। ਔਰਤਾਂ ‘ਤੇ ਇਹ ਸਾਰੀਆਂ ਹਾਲਤਾਂ ਦੀ ਦੂਹਰੀ ਮਾਰ ਪੈ ਰਹੀ ਹੈ। ਇੱਕ ਤਾਂ ਉਸ ਨੂੰ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਪੈਂਦਾ ਹੈ, ਦੂਜਾ ਨਸ਼ੇੜੀ ਪਤੀਆਂ ਵੱਲੋਂ ਅਤੇ ਸਮਾਜ ਵੱਲੋਂ ਹੁੰਦੀਆਂ ਵਧੀਕੀਆਂ ਤੇ ਤਾਹਨੇ-ਮਿਹਣਿਆਂ ਦੇ ਮਾਨਸਿਕ ਤੌਰ ‘ਤੇ ਬੜਾ ਸੰਤਾਪ ਭੋਗਣਾ ਪੈਂਦਾ ਹੈ। ਜਿਸ ਨੂੰ ਸਿਰਫ਼ ਭੋਗਣ ਵਾਲੀ ਔਰਤ ਹੀ ਮਹਿਸੂਸ ਕਰ ਸਕਦੀ ਹੈ।  ਜਿਵੇਂ ਅਜਿਹੀਆਂ ਔਰਤਾਂ ਨੂੰ ਜਿੰਨ੍ਹਾਂ ਦੇ ਪਤੀ ਨਸ਼ੇੜੀ ਹਨ ਜਾਂ ਕਿਸੇ ਹੋਰ ਮਾੜੇ ਕੰਮ ਕਰਕੇ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਨੂੰ ਆਪਣਾ ਤੇ ਆਪਣੇ ਨਿਆਣਿਆਂ ਦਾ ਢਿੱਡ ਤੋਰਨ ਲਈ ਘਰ ਤੋਂ ਬਾਹਰ ਕੋਈ ਨਾ ਕੋਈ ਕੰਮ ਕਰਨ ਲਈ ਜਾਣਾ ਪੈਂਦਾ ਹੈ ਛੋਟੇ-ਵੱਡੇ ਝਗੜੇ ਤਾਂ ਤਕਰੀਬਨ ਹਰੇਕ ਦੇ ਘਰ ਹੀ ਹੁੰਦੇ ਰਹਿੰਦੇ ਹਨ।

ਅਜਿਹੇ ਫੈਸਲੇ ਲੋਕ ਜਲਦਬਾਜ਼ੀ ਵਿੱਚ ਇੱਕ ਵਾਰ ਲੈ ਤਾਂ ਲੈਂਦੇ ਹਨ ਪਰ ਮਗਰੋਂ ਪਛਤਾਉਂਦੇ ਬਹੁਤ ਹਨ। ਲੋਕਾਂ ਦੇ ਅਚਾਨਕ ਗੁੰਮ ਹੋਣ ਪਿੱਛੇ ਕੁਝ ਅਜਿਹੇ ਕਾਰਨ ਹਨ। ਪਰ ਕੁਝ ਅਜਿਹੇ ਲੋਕ ਹੁੰਦੇ ਹਨ ਜੋ ਘਰੋਂ ਵੀ ਠੀਕ ਹੁੰਦੇ ਹਨ ਅਤੇ ਇੱਕ ਵਾਰ ਗੁੰਮ ਹੋ ਜਾਂਦੇ ਹਨ ਤੇ ਮਗਰੋਂ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਨਿੱਕਲਦੀ।  ਜੋ ਇਸ ਤਰ੍ਹਾਂ ਗੁੰਮ ਹੁੰਦੇ ਹਨ ਉਹ ਜ਼ਰੂਰ ਸ਼ੱਕ ਦੇ ਦਾਇਰੇ ਵਿੱਚ ਆਉਂਦੇ ਹਨ।ਜਿਵੇਂ ਹੁਣ ਬੱਚਿਆਂ ਦੇ ਅਗਵਾ ਹੋਣ ਦੇ ਵੀ ਬਹੁਤ ਮਾਮਲੇ ਸਾਹਮਣੇ ਆਏ ਉਸੇ ਤਰ੍ਹਾਂ ਇਹ ਵੀ ਹੋ ਸਕਦਾ ਹੈ ਕੋਈ ਗਿਰੋਹ ਆਦਿ ਵੱਡਿਆਂ ਨੂੰ ਵੀ ਅਗਵਾ ਕਰ ਰਿਹਾ ਹੋਵੇ। ਅਜਿਹੇ ਮਾਮਲਿਆਂ ਨੂੰ ਤਾਂ ਫਿਰ ਹੀ ਠੱਲ੍ਹ ਪਾਈ ਜਾ ਸਕਦੀ ਹੈ ਜੇਕਰ ਸਾਡੀ ਪੁਲਿਸ ਇਨ੍ਹਾਂ ਮਾਮਲਿਆਂ ਸਬੰਧੀ ਗੰਭੀਰਤਾ ਵਿਖਾਏ।

ਅਸੀਂ ਰੋਜ਼ਾਨਾ ਹੀ ਵੱਖੋਂ-ਵੱਖ ਜਨਤਕ ਥਾਵਾਂ ‘ਤੇ ਗੁੰਮਸ਼ੁਦਾ ਲੋਕਾਂ ਦੀ ਤਲਾਸ਼ ਵਾਲੇ ਪੋਸਟਰ ਅਤੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਪੜ੍ਹਦੇ ਹਾਂ, ਜੋ ਇਹ ਦਰਸਾਉਂਦੇ ਹਨ ਕਿ ਇਹ ਮਾਮਲੇ ਘਟਣ ਦੀ ਬਜਾਏ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਅਸਲ ਵਿੱਚ ਗੁੰਮ ਹੋਣ ਦਾ ਕਾਰਨ ਕੋਈ ਵੀ ਹੋਵੇ ਪਰ ਜੋ ਇਹ ਪੋਸਟਰ ਗੁੰਮਸ਼ੁਦਾ ਦੀ ਤਲਾਸ਼ ਵਾਲੇ ਲਾਏ ਹੁੰਦੇ ਹਨ ਇਨ੍ਹਾਂ ਵਿੱਚ ਜਿਆਦਾਤਰ ਗੁੰਮ ਹੋਣ ਦਾ ਕਾਰਨ ਦਿਮਾਗੀ ਹਾਲਤ ਠੀਕ ਨਾ ਹੋਣਾ ਹੀ ਦਿਖਾਇਆ ਜਾਂਦਾ ਹੈ। ਪੁਲਿਸ ਮਹਿਕਮੇ ਅਨੁਸਾਰ ਜੋ ਲੋਕ 2014 ਦਰਮਿਆਨ ਗੁੰਮ ਹੋਏ ਹਨ ਉਨ੍ਹਾਂ ਦੇ ਮਿਲੇ ਵੇਰਵਿਆਂ ਮੁਤਾਬਕ ਅੰਮ੍ਰਿਤਸਰ ਵਿੱਚ 118, ਬਰਨਾਲਾ ਵਿੱਚ 21, ਬਠਿੰਡਾ ਵਿੱਚ 8, ਫਤਿਹਗੜ੍ਹ ਸਾਹਿਬ ਵਿੱਚ 3, ਫਰੀਦਕੋਟ ਵਿੱਚ 96, ਫ਼ਾਜਿਲਕਾ ਵਿੱਚ 86, ਫ਼ਿਰੋਜ਼ਪੁਰ ਵਿੱਚ 17, ਗੁਰਦਾਸਪੁਰ ਵਿੱਚ 185, ਜਲੰਧਰ ਵਿੱਚ 145, ਕਪੂਰਥਲਾ ਵਿੱਚ 57, ਲੁਧਿਆਣਾ (ਰੂਰਲ ਏਰੀਆ) 24, ਮਾਨਸਾ 20, ਮੋਗਾ 20, ਸ੍ਰੀ ਮੁਕਤਸਰ ਸਾਹਿਬ 24, ਪਠਾਨਕੋਟ ਵਿੱਚ 34, ਰੂਪਨਗਰ ਵਿੱਚ 6, ਸ਼ਹੀਦ ਭਗਤ ਸਿੰਘ ਨਗਰ ਵਿੱਚ 38 ਲੋਕਾਂ ਦੇ ਗੁੰਮ ਹੋਣ ਦੀਆਂ ਸ਼ਿਕਾਇਤਾਂ ਦਰਜ ਹੋਈਆਂ ਹਨ। ਗੁੰਮ ਹੋਣ ਵਾਲੇ ਲੋਕਾਂ ਦੀ ਇਸ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹਨ। ਜੇਕਰ ਇਹ ਵਰਤਾਰਾ ਚਾਲੂ ਰਿਹਾ ਤਾਂ ਹੋ ਸਕਦਾ ਆਉਂਦੇ ਵਰ੍ਹੇ ਦੌਰਾਨ ਗੁੰਮ ਹੋਣ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਜਾਵੇ। ਇਸ ਲਈ ਹੁਣ ਲੋੜ ਹੈ ਇਸ ਪਾਸੇ ਧਿਆਨ ਕਰਨ ਦੀ। ਜਿੱਥੇ ਲੋਕਾਂ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਦ੍ਰਿੜ ਇਰਾਦੇ ਪੈਦਾ ਕਰਨ ਦੀ ਲੋੜ ਹੈ ਉੱਥੇ ਹੀ ਸਾਡੀਆਂ ਸਰਕਾਰਾਂ ਨੂੰ ਵੀ ਲੋਕਾਂ ਦੇ ਅਚਾਨਕ ਗੁੰਮ ਹੋਣ ਦੇ ਕਾਰਨਾਂ ਬਾਰੇ ਪਤਾ ਕਰਨਾ ਚਾਹੀਦਾ ਹੈ।

ਸਰਕਾਰਾਂ ਜੋ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਹਨ ਉਹ ਆਪਣੇ ਦੇਸ਼ ਤੇ ਸੂਬੇ ਵਿਚਲੇ ਲੋਕਾਂ ਨੂੰ ਸਹੀ ਸਹੂਲਤਾਂ ਦੇਣ ਤੇ ਲੋਕਾਂ ਦੇ ਆਮਦਨੀ ਵਸੀਲੇ ਵੀ ਨਾ ਖੋਹੇ ਜਾਣ। ਵਧੀ ਹੋਈ ਮਹਿੰਗਾਈ ‘ਤੇ ਨੱਥ ਪਾਉਣ ਜਿਸ ਨਾਲ ਹਰ ਇਨਸਾਨ ਆਪਣੀ ਜ਼ਿੰਦਗੀ ਸੌਖੇ ਢੰਗ ਨਾਲ ਬਿਤਾ ਸਕੇ। ਇਸ ਤੋਂ ਇਲਾਵਾ ਪੁਲਿਸ ਨੂੰ ਲੋੜ ਹੈ ਕਿ ਉਹ ਸਿਆਸੀ ਦਬਾਅ ਤੋਂ ਹਟ ਕੇ ਆਪਣੀ ਤਾਕਤ ਤੇ ਜ਼ਿੰਮੇਵਾਰੀ ਦਿਖਾਵੇ। ਜਿਸ ਨਾਲ ਜੋ ਅਗਵਾ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਹਨਾਂ ‘ਤੇ ਕਾਬੂ ਪਾਇਆ ਜਾ ਸਕੇ ਅਤੇ ਜੋ ਲੋਕ ਗੁੰਮ ਹੁੰਦੇ ਹਨ ਉਨ੍ਹਾਂ ਦੀ ਭਾਲ ਕਰਨ ਲਈ ਵੀ ਨਵੇਂ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੋ ਲੋਕ ਨਜਾਇਜ਼ ਖਰਚੇ ਕਰਦੇ ਹਨ। ਉਹਨਾਂ ਨੂੰ ਆਪਣੀ ਆਮਦਨ ਵੱਲ ਝਾਤ ਮਾਰਨੀ ਚਾਹੀਦੀ ਹੈ। ਜਿੰਨੀ ਆਮਦਨ ਹੋਵੇ ਓਨੇ ਹੀ ਅਗਾਂਹ ਵੱਲ ਨੂੰ ਕਦਮ ਪੁੱਟਣੇ ਚਾਹੀਦੇ ਹਨ। ਬਾਕੀ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਅਚਾਨਕ ਗੁੰਮ ਹੋਣ ਵਾਲੀਆਂ ਘਟਨਾਵਾਂ ਨੂੰ ਠੱਲ੍ਹ ਪੈਂਦੀ ਹੈ ਜਾਂ ਫਿਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਔਰਤਾਂ ਅਤੇ ਮਰਦਾਂ ਦਾ ਗੁੰਮ ਹੋਣਾ।
ਮੋ: 97810-48055