ਪਾਕਿਸਤਾਨ ਦੇ ਕਰਾਚੀ ’ਚ ਇੱਕ ਹੋਰ ਮੰਦਰ ’ਚ ਤੋੜਫੋੜ
ਇਸਲਾਮਾਬਾਦ (ਏਜੰਸੀ। ਪਾਕਿਸਤਾਨ ’ਚ ਮੰਦਰ ਦੀ ਭੰਨਤੋੜ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਬੁੱਧਵਾਰ ਨੂੰ ਕਰਾਚੀ ਦੇ ਮਾਰੀ ਮਾਤਾ ਮੰਦਰ ’ਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ। ਕਰਾਚੀ ਦੇ ਕੋਰੰਗੀ ਥਾਣੇ ਅਧੀਨ ਪੈਂਦੇ ‘ਜੇ’ ਇਲਾਕੇ ’ਚ ਸਥਿਤ ਸ਼੍ਰੀ ਮਾਰੀ ਮਾਤਾ ਮੰਦਰ ’ਤੇ ਹੋਏ ਹਮਲੇ ਨਾਲ ਕਰਾਚੀ ’ਚ ਰਹਿਣ ਵਾਲੀ ਹਿੰਦੂ ਘੱਟ ਗਿਣਤੀ ਹਿੱਲ ਗਈ ਹੈ। ਐਕਸਪ੍ਰੈਸ ਟਿ੍ਰਬਿਊਨ ਨੇ ਇਲਾਕੇ ਦੇ ਰਹਿਣ ਵਾਲੇ ਸੰਜੇ ਦੇ ਹਵਾਲੇ ਨਾਲ ਕਿਹਾ ਕਿ ਛੇ-ਸੱਤ ਲੋਕ ਮੋਟਰਸਾਈਕਲਾਂ ’ਤੇ ਆਏ ਅਤੇ ਮੰਦਰ ’ਚ ਭੰਨਤੋੜ ਕੀਤੀ।
ਉਸ ਨੇ ਕਿਹਾ, ‘ਸਾਨੂੰ ਨਹੀਂ ਪਤਾ ਕਿ ਇਹ ਲੋਕ ਕੌਣ ਸਨ ਅਤੇ ਉਨ੍ਹਾਂ ਨੇ ਅਜਿਹਾ ਕਿਉ ਕੀਤਾ’। ਘਟਨਾ ਦੀ ਪੁਸ਼ਟੀ ਕਰਦਿਆਂ ਕੋਰੰਗੀ ਦੇ ਐਸਐਚਓ ਫਾਰੂਕ ਸੰਜਰਾਨੀ ਨੇ ਕਿਹਾ, ‘‘ਪੰਜ ਤੋਂ ਛੇ ਅਣਪਛਾਤੇ ਵਿਅਕਤੀ ਮੰਦਰ ਵਿੱਚ ਦਾਖਲ ਹੋਏ, ਮੰਦਰ ਵਿੱਚ ਭੰਨਤੋੜ ਕੀਤੀ ਅਤੇ ਫ਼ਰਾਰ ਹੋ ਗਏ’’। ਸੰਜਰਾਨੀ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪਾਕਿਸਤਾਨ ਵਿੱਚ ਮੰਦਰ ਅਕਸਰ ਭੀੜ ਦੀ ਹਿੰਸਾ ਦਾ ਨਿਸ਼ਾਨਾ ਰਹੇ ਹਨ। ਪਿਛਲੇ ਸਾਲ ਅਕਤੂਬਰ ਵਿੱਚ ਕੋਟਰੀ ਵਿਖੇ ਸਿੰਧ ਨਦੀ ਦੇ ਕੰਢੇ ਬਣੇ ਇੱਕ ਮੰਦਰ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਭੰਨ-ਤੋੜ ਕੀਤੀ ਗਈ ਸੀ।
‘ਦਿ ਐਕਸਪ੍ਰੈਸ ਟਿ੍ਰਬਿਊਨ’ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਅਗਸਤ ਵਿੱਚ, ਭੌਂਗ ਕਸਬੇ ਵਿੱਚ ਗਣੇਸ਼ ਹਿੰਦੂ ਮੰਦਰ ਉੱਤੇ ਕੁਝ ਲੋਕਾਂ ਨੇ ਹਮਲਾ ਕੀਤਾ ਸੀ ਅਤੇ ਉਸੇ ਸਮੇਂ, ਇੱਕ ਭੀੜ ਨੇ ਸੁੱਕਰ-ਮੁਲਤਾਨ ਮੋਟਰਵੇਅ (ਐਮ-5) ਨੂੰ ਵੀ ਰੋਕ ਦਿੱਤਾ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਸਥਾਨਕ ਮਦਰੱਸੇ ’ਚ ਕਥਿਤ ਤੌਰ ’ਤੇ ਪਿਸ਼ਾਬ ਕਰਨ ਦੇ ਦੋਸ਼ ’ਚ 9 ਸਾਲਾ ਹਿੰਦੂ ਲੜਕੇ ਨੂੰ ਜ਼ਮਾਨਤ ਮਿਲ ਗਈ ਸੀ।¿;
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ