ਕਾਂਗਰਸ ਲਈ ਇੱਕ ਹੋਰ ਮੁਸ਼ਕਲ
ਰਾਜਸਥਾਨ ‘ਚ ਬਾਗੀ ਵਿਧਾਇਕਾਂ ਦੀ ਤਲਵਾਰ ਕਾਂਗਰਸ ਦੀ ਗਹਿਲੋਤ ਸਰਕਾਰ ‘ਤੇ ਲਟਕ ਰਹੀ ਹੈ ਇਹ ਮਸਲਾ ਅਜੇ ਹੱਲ ਨਹੀਂ ਹੋਇਆ ਕਿ ਪੰਜਾਬ ‘ਚ 2 ਰਾਜ ਸਭਾ ਮੈਂਬਰਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ ਨੇ ਨਕਲੀ ਸ਼ਰਾਬ ਦੇ ਮਾਮਲੇ ‘ਚ ਮੁੱਖ ਮੰਤਰੀ ਖਿਲਾਫ਼ ਰਾਜਪਾਲ ਨੂੰ ਮੈਮੋਰੰਡਮ ਦਿੱਤਾ ਹੈ ਦੂਲੋਂ ਨੇ ਤਾਂ ਉਦੋਂ ਹੱਦ ਹੀ ਕਰ ਦਿੱਤੀ ਜਦੋਂ ਉਨ੍ਹਾਂ ਮੁੱਖ ਮੰਤਰੀ ਲਈ ਸਰਗਨਾ ਸ਼ਬਦ ਵਰਤ ਲਿਆ ਤੇ ਸ਼ਰਾਬ ਨਾਲ ਹੋਈਆਂ ਮੌਤਾਂ ‘ਚ ਅੱਧੀ ਕੈਬਨਿਟ ਨੂੰ ਦੋਸ਼ੀ ਠਹਿਰਾ ਦਿੱਤਾ ਪਾਰਟੀਆਂ ਦੇ ਅੰਦਰ ਅੰਦਰੂਨੀ ਮੱਤਭੇਦ ਤਾਂ ਹੁੰਦੇ ਹਨ ਪਰ ਇਸ ਸਬੰਧੀ ਮੁੱਖ ਮੰਤਰੀ ਦੀ ਸ਼ਿਕਾਇਤ ਪਾਰਟੀ ਹਾਈਕਮਾਨ ਨੂੰ ਕਰਨ ਤੋਂ ਪਹਿਲਾਂ ਮੀਡੀਆ ਤੇ ਰਾਜਪਾਲ ਕੋਲ ਜਾਣਾ ਪਾਰਟੀ ਅਨੁਸ਼ਾਸਨ ਦੀ ਨਜ਼ਰ ‘ਚ ਬਹੁਤ ਵੱਡਾ ਮਾਮਲਾ ਹੈ
ਭਾਵੇਂ ਵਿਧਾਇਕਾਂ ਦੀ ਗਿਣਤੀ ਪੱਖੋਂ ਅਮਰਿੰਦਰ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਪਰ 2 ਸਾਲਾਂ ਬਾਅਦ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਸਬੰਧ ‘ਚ ਇਹ ਪਾਰਟੀ ਲਈ ਵੱਡੀ ਸਿਰਦਰਦੀ ਬਣ ਸਕਦਾ ਹੈ ਖਾਸ ਗੱਲ ਇਹ ਹੈ ਕਿ ਪਾਰਟੀ ਦੇ ਦੋ ਸਾਬਕਾ ਸੂਬਾ ਪ੍ਰਧਾਨਾਂ ਨੇ ਮੁੱਖ ਮੰਤਰੀ ਦਾ ਵਿਰੋਧ ਕੀਤਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਅਮਰਿੰਦਰ ਸਿੰਘ ਦੀ ਖਿਲਾਫ਼ਤ ਸ਼ੁਰੂ ਕਰ ਦਿੱਤੀ ਸੀ ਪਰ ਰਾਜ ਸਭਾ ਦੇ ਰਸਤੇ ਪਾਰਟੀ ਨੇ ਮਾਮਲੇ ਨੂੰ ਸ਼ਾਂਤ ਕਰ ਲਿਆ
ਹੁਣ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਇਹ ਪਾਰਟੀ ਹਾਈਕਮਾਨ ਲਈ ਪਰਖ਼ ਦਾ ਸਮਾਂ ਹੈ ਹਾਈਕਮਾਨ ਨੂੰ ਅਨੁਸ਼ਾਸਨ ਦੇ ਮਾਮਲੇ ‘ਚ ਸਪੱਸ਼ਟ ਰਣਨੀਤੀ ਤੋਂ ਕੰਮ ਲੈਣਾ ਪਵੇਗਾ ਸਾਰੀਆਂ ਧਿਰਾਂ ਨੂੰ ਖੁਸ਼ ਰੱਖਣ ਦੀ ਨੀਤੀ ਹਾਲ ਦੀ ਘੜੀ ਨਾ ਤਾਂ ਚੱਲ ਸਕਦੀ ਹੈ ਤੇ ਨਾ ਹੀ ਰਾਜਸਥਾਨ ਦੇ ਮਾਮਲੇ ‘ਚ ਚੱਲੀ ਹੈ ਮੱਧ ਪ੍ਰਦੇਸ਼ ‘ਚ ਸਰਕਾਰ ਟੁੱਟਣ ਦੇ ਤਜ਼ਰਬੇ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਰਾਜਸਥਾਨ ‘ਚ ਬਾਗੀ ਵਿਧਾਇਕ ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਤੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ
ਪੰਜਾਬ ਅੰਦਰ ਵੀ ਪਾਰਟੀ ਨੇ ਅਮਰਿੰਦਰ ਵਿਰੋਧੀ ਨਵਜੋਤ ਸਿੱਧੂ ਦੇ ਮਾਮਲੇ ‘ਚ ਬੜਾ ਫੂਕ-ਫੂਕ ਕੇ ਪੈਰ ਧਰਿਆ ਹੈ ਅਮਰਿੰਦਰ ਸਿੰਘ ਨੂੰ ਦਮਦਾਰ ਲੀਡਰ ਦੇ ਤੌਰ ‘ਤੇ ਵੇਖਿਆ ਜਾਂਦਾ ਹੈ ਪਰ ਦੋ ਮਹਾਂਰਥੀਆਂ ਨਾਲ ਟੱਕਰ ਇੱਕ ਨਵੀਂ ਚੁਣੌਤੀ ਹੈ ਇੱਥੇ ਇਹ ਚੀਜ਼ ਜ਼ਰੂਰ ਸਾਫ਼ ਹੈ ਕਿ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ ਦੀਆਂ ਅਮਰਿੰਦਰ ਵਿਰੋਧੀ ਸਰਗਰਮੀਆਂ ਨਾਲ ਪਾਰਟੀ ਨੂੰ ਵਿਧਾਨ ਸਭਾ ਚੋਣਾਂ ‘ਚ ਗੁੱਟਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲੱਗਦਾ ਹੈ ਸ਼ਰਾਬ ਦਾ ਕਹਿਰ ਸਿਆਸੀ ਆਗੂਆਂ ਲਈ ਕੁਰਸੀ ਦਾ ਮੁੱਦਾ ਬਣ ਗਿਆ ਹੈ ਤੇ ਇੱਕ ਪਾਰਟੀ ਦੂਜੀ ਪਾਰਟੀ ਨੂੰ ਜਾਂ ਕੋਈ ਆਗੂ ਆਪਣੀ ਪਾਰਟੀ ਦੇ ਕਿਸੇ ਆਗੂ ਨੂੰ ਠਿੱਬੀ ਲਾਉਣ ਦਾ ਮੌਕਾ ਨਹੀਂ ਗਵਾਉਣਾ ਚਾਹੁੰਦਾ ਇੱਥੇ ਤਾਂ ਕੁਰਸੀ ਦਾ ਮੁੱਦਾ ਹੈ ਲੋਕਾਂ ਨੂੰ ਕੌਣ ਪੁੱਛਦਾ ਹੈ ਲੋਕਾਂ ਲਈ ਲੜਨ ਵਾਲਾ ਲੋਕਨਾਇਕ ਕੋਈ ਨਜ਼ਰ ਨਹੀਂ ਆ ਰਿਹਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ