
Government of Punjab: ਜੇਲ੍ਹ ਵਿਭਾਗ ਵੱਲੋਂ ਸੈਕਟਰ 68 ਵਿਖੇ ਜੇਲ੍ਹ ਭਵਨ ਤਿਆਰ ਕਰਨ ਦੀ ਕਾਰਵਾਈ ਸ਼ੁਰੂ, 27 ਕਰੋੜ ਕੀਤਾ ਜਾਵੇਗਾ ਖ਼ਰਚ
- ਚੰਡੀਗੜ੍ਹ ਸੈਕਟਰ 17 ਵਿੱਚ ਕਿਰਾਏ ਦੀ ਬਿਲਡਿੰਗ ਵਿੱਚ ਚੱਲ ਰਿਹਾ ਸੀ ਹੁਣ ਤੱਕ ਜੇਲ੍ਹ ਵਿਭਾਗ ਦਾ ਦਫ਼ਤਰ | Government of Punjab
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਦਫ਼ਤਰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ ਸ਼ਿਫ਼ਟ ਕਰਕੇ ਮੁਹਾਲੀ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਦੇ ਦਫ਼ਤਰ ਹੀ ਲਗਾਤਾਰ ਖ਼ਤਮ ਹੋ ਰਹੇ ਹਨ। ਹਾਲਾਂਕਿ ਮੁਹਾਲੀ ਵਿਖੇ ਦਫ਼ਤਰਾਂ ਨੂੰ ਸ਼ਿਫ਼ਟ ਕਰਨ ਦਾ ਕੰਮ ਪਿਛਲੀਆਂ ਸਰਕਾਰਾਂ ਵੱਲੋਂ ਸ਼ੁੁਰੂ ਕੀਤਾ ਗਿਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਇਸ ਸਿਫਟਿੰਗ ਦੇ ਕੰਮ ਨੂੰ ਰੋਕਿਆ ਨਹੀਂ ਗਿਆ ਤੇ ਹੁਣ ਜੇਲ੍ਹ ਵਿਭਾਗ ਨੂੰ ਚੰਡੀਗੜ੍ਹ ਤੋਂ ਮੁਹਾਲੀ ਸ਼ਿਫ਼ਟ ਕਰਨ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।
Read Also : Punjab Vigilance Bureau: ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਨੂੰ ਹਟਾਇਆ, ਇਸ ਆਈਪੀਐਸ ਨੂੰ ਸੌਂਪੀ ਜ਼ਿੰਮੇਵਾਰੀ
ਮੁਹਾਲੀ ਦੇ ਸੈਕਟਰ 68 ਵਿਖੇ ਜੇਲ੍ਹ ਭਵਨ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਜੇਲ੍ਹ ਭਵਨ ਨੂੰ ਤਿਆਰ ਕਰਨ ਲਈ 27 ਕਰੋੜ 35 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਬੰਧੀ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਵੱਡੇ ਪੱਧਰ ’ਤੇ ਨਾ ਸਿਰਫ਼ ਬਿਆਨਬਾਜ਼ੀ ਕੀਤੀ ਜਾਂਦੀ ਹੈ, ਸਗੋਂ ਚੰਡੀਗੜ੍ਹ ਵਿਖੇ ਪੰਜਾਬ ਦੇ ਹੱਕ ਸਬੰਧੀ ਧਰਨੇ ਪ੍ਰਦਰਸ਼ਨ ਤੱਕ ਕਰ ਦਿੱਤੇ ਜਾਂਦੇ ਹਨ।
Government of Punjab
ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਸਰਕਾਰ ਨਾਲ ਜੁੜੇ ਲਗਭਗ ਸਾਰੇ ਵਿਭਾਗਾਂ ਦੇ ਦਫ਼ਤਰ ਚੰਡੀਗੜ੍ਹ ਵਿੱਚ ਹੀ ਚਲਾਏ ਜਾ ਰਹੇ ਸਨ ਪਰ ਪਿਛਲੀ ਅਕਾਲੀ ਅਤੇ ਕਾਂਗਰਸ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਸਰਕਾਰੀ ਵਿਭਾਗਾਂ ਨੂੰ ਚੰਡੀਗੜ੍ਹ ਤੋਂ ਬਾਹਰ ਮੁਹਾਲੀ ਵਿਖੇ ਸ਼ਿਫ਼ਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਜਿਸ ਪਿੱਛੇ ਹਰ ਵਾਰ ਹੀ ਇਕੋ ਹੀ ਤਰਕ ਦਿੱਤਾ ਗਿਆ ਕਿ ਚੰਡੀਗੜ੍ਹ ਵਿਖੇ ਸਰਕਾਰ ਦੇ ਦਫ਼ਤਰ ਆਪਣੀ ਜ਼ਮੀਨ ’ਤੇ ਨਾ ਹੋਣ ਕਰਕੇ ਕਿਰਾਏ ਦੀ ਬਿਲਡਿੰਗ ਵਿੱਚ ਚੱਲ ਰਹੇ ਹਨ ਅਤੇ ਕਿਰਾਇਆ ਕਾਫ਼ੀ ਜ਼ਿਆਦਾ ਹੋਣ ਕਰਕੇ ਹੀ ਦਫ਼ਤਰਾਂ ਨੂੰ ਮੁਹਾਲੀ ਵਿਖੇ ਸ਼ਿਫ਼ਟ ਕੀਤਾ ਜਾ ਰਿਹਾ ਹੈ।
ਹਾਲਾਂਕਿ ਸੱਤਾਧਾਰੀ ਪਾਰਟੀ ਵੱਲੋਂ ਕੀਤੇ ਜਾਣ ਵਾਲੇ ਇਸ ਸ਼ਿਫਟਿੰਗ ਪ੍ਰੋਗਰਾਮ ਦਾ ਵਿਰੋਧ ਹਮੇਸ਼ਾ ਹੀ ਸਿਆਸੀ ਵਿਰੋਧੀ ਪਾਰਟੀ ਵੱਲੋਂ ਕੀਤਾ ਜਾਂਦਾ ਰਿਹਾ ਹੈ ਪਰ ਸੱਤਾ ਵਿੱਚ ਆਉਂਦੇ ਹੀ ਪਾਰਟੀ ਵੱਲੋਂ ਵੀ ਦਫ਼ਤਰਾਂ ਨੂੰ ਮੁਹਾਲੀ ਵਿਖੇ ਸ਼ਿਫ਼ਟ ਕਰਨ ਦੇ ਕੰਮ ਨੂੰ ਰੋਕਣ ਦੀ ਥਾਂ ਖ਼ੁਦ ਵੀ ਦਫ਼ਤਰਾਂ ਨੂੰ ਸ਼ਿਫ਼ਟ ਕਰਨਾ ਸ਼ੁਰੂ ਕਰ ਦਿੱਤਾ ਜਾ ਰਿਹਾ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੇਲ੍ਹ ਵਿਭਾਗ ਦੇ ਚੰਡੀਗੜ੍ਹ ਦੇ 17 ਸੈਕਟਰ ਵਿੱਚ ਸਥਿਤ ਦਫ਼ਤਰ ਨੂੰ ਮੁਹਾਲੀ ਦੇ ਸੈਕਟਰ 68 ਵਿੱਚ ਸ਼ਿਫ਼ਟ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਸੈਕਟਰ 68 ਵਿੱਚ ਜੇਲ੍ਹ ਭਵਨ ਦੀ ਨਵੀਂ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ। ਇਸ ਨਵੀਂ ਬਿਲਡਿੰਗ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਅਗਲੇ 2 ਸਾਲਾਂ ਵਿੱਚ ਇਸ ਨੂੰ ਕੰਪਲੀਟ ਕਰ ਦਿੱਤਾ ਜਾਵੇਗਾ।
ਕਿਰਾਏ ’ਤੇ ਸੀ ਦਫ਼ਤਰ, ਹਰ ਸਾਲ 88 ਲੱਖ ਦੇਣਾ ਪੈ ਰਿਹਾ ਸੀ ਕਿਰਾਇਆ : ਲਾਲਜੀਤ ਸਿੰਘ ਭੁੱਲਰ
ਜੇਲ੍ਹ ਵਿਭਾਗ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜੇਲ੍ਹ ਵਿਭਾਗ ਕਾਫ਼ੀ ਜ਼ਿਆਦਾ ਵੱਡਾ ਹੈ ਪਰ ਉਸ ਦਾ ਦਫ਼ਤਰ ਕੁਝ ਹੀ ਕਮਰੇ ਵਾਲੀ ਪੁਰਾਣੀ ਬਿਲਡਿੰਗ ਵਿੱਚ ਚਲਾਇਆ ਜਾ ਰਿਹਾ ਸੀ। ਇਸ ਪੁਰਾਣੀ ਕਿਰਾਏ ਦੀ ਬਿਲਡਿੰਗ ਦਾ ਕਿਰਾਇਆ ਵੀ ਹਰ ਸਾਲ 88 ਲੱਖ ਰੁਪਏ ਦੇਣਾ ਪੈ ਰਿਹਾ ਸੀ। ਜੇਲ੍ਹ ਵਿਭਾਗ ਨੂੰ ਆਪਣੀ ਅਤੇ ਵੱਡੀ ਬਿਲਡਿੰਗ ਦੀ ਕਾਫ਼ੀ ਜ਼ਿਆਦਾ ਲੋੜ ਸੀ ਤਾਂ ਕਿ ਪੰਜਾਬ ਭਰ ਦੀਆਂ ਜੇਲ੍ਹਾਂ ਦੀ ਨਿਗਰਾਨੀ ਚੰਡੀਗੜ੍ਹ ਤੋਂ ਬੈਠ ਕੇ ਕੀਤੀ ਜਾ ਸਕੇ।
ਇਸ ਲਈ ਮੁਹਾਲੀ ਵਿਖੇ ਆਧੁਨਿਕ ਜੇਲ੍ਹ ਭਵਨ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ-ਦੋ ਦਫ਼ਤਰ ਮੁਹਾਲੀ ਵਿਖੇ ਸ਼ਿਫਟ ਕਰਨ ਨਾਲ ਚੰਡੀਗੜ੍ਹ ’ਤੇ ਪੰਜਾਬ ਦਾ ਅਧਿਕਾਰ ਖ਼ਤਮ ਨਹੀਂ ਹੋ ਜਾਂਦਾ ਹੈ, ਚੰਡੀਗੜ੍ਹ ਪਹਿਲਾਂ ਵੀ ਪੂਰੇ ਦਾ ਪੂਰਾ ਪੰਜਾਬ ਦਾ ਸੀ ਅਤੇ ਭਵਿੱਖ ਵਿੱਚ ਵੀ ਚੰਡੀਗੜ੍ਹ ਪੰਜਾਬ ਦਾ ਹੀ ਰਹੇਗਾ।