ਲਾਲ ਸਿੰਘ ਵੱਲੋਂ ਆਪਣੇ ਹਮਾਇਤੀਆਂ ਨਾਲ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ
ਕਿਹਾ, ਐਨੇ ਤੰਗ ਤਾਂ ਕਾਂਗਰਸੀ ਅਕਾਲੀਆਂ ਦੇ ਰਾਜ ’ਚ ਨਹੀਂ ਹੋਏ, ਜਿੰਨਾਂ ਇਸ ਵਾਰ ਕਾਂਗਰਸ ਦੇ ਰਾਜ ’ਚ ਹੋਏ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਹਲਕਾ ਸਨੌਰ ਅੰਦਰ ਕਾਂਗਰਸ ਪਾਰਟੀ ’ਚ ਟਿਕਟ ਨੂੰ ਲੈ ਕੇ ਘਮਸਾਨ ਛਿੜਦਾ ਦਿਖਾਈ ਦੇ ਰਿਹਾ ਹੈ। ਕਾਂਗਰਸ ਦੇ ਘਾਗ ਸੀਨੀਅਰ ਆਗੂ ਲਾਲ ਸਿੰਘ ਵੱਲੋਂ ਹਲਕਾ ਸਨੌਰ ਦੇ ਭੁਨਰਹੇੜੀ ਵਿਖੇ ਅੱਜ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਤੋਂ ਜਿੱਥੇ ਟਿਕਟ ਦੀ ਮੰਗ ਵੀ ਰੱਖ ਦਿੱਤੀ ਗਈ, ਉਥੇ ਹੀ ਆਪਣੇ ਹੀ ਵਿਰੋਧੀ ਕਾਂਗਰਸੀ ਇੰਚਾਰਜ਼ ’ਤੇ ਇਲਜ਼ਾਮ ਲਗਾ ਦਿੱਤਾ ਗਿਆ ਕਿ ਇੱਥੇ ਸਭ ਤੋਂ ਵੱਧ ਭਿ੍ਰਸਟਾਚਾਰ ਕਰਦਿਆਂ ਕਾਂਗਰਸੀਆਂ ਨੂੰ ਹੀ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਹਲਕਾ ਸਨੌਰ ਅੰਦਰ ਟਿਕਟ ਨੂੰ ਲੈ ਕੇ ਕਾਂਗਰਸੀ ਆਗੂਆਂ ਦੀ ਆਪਸੀ ਖਿੱਚੋਤਾਣ ਵੱਧਦੀ ਜਾ ਰਹੀ ਹੈ। ਪਿਛਲੇ ਦਿਨੀਂ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਰੈਲੀ ਕੀਤੀ ਗਈ ਸੀ ਜਿਸ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੁੱਜੇ ਸਨ। ਇਸ ਦੌਰਾਨ ਸਿੱਧੂ ਵੱਲੋਂ ਹੈਰੀਮਾਨ ਦੇ ਹੱਕ ਵਿੱਚ ਖੁੱਲ੍ਹ ਕੇ ਬੋਲਿਆ ਗਿਆ ਸੀ। ਇੱਧਰ ਅੱਜ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਵੱਲੋਂ ਹਲਕਾ ਸਨੌਰ ਤੋਂ ਟਿਕਟ ਲਈ ਆਪਣੀ ਮੰਗ ਰੱਖ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਇਹ ਮੰਗ ਅੱਜ ਭੁਨਰਹੇੜੀ ਵਿਖੇ ਆਪਣੇ ਹਮਾਇਤੀਆਂ ਦੇ ਕੀਤੇ ਗਏ ਵੱਡੇ ਇਕੱਠ ਵਿੱਚ ਕੀਤੀ ਗਈ। ਲਾਲ ਸਿੰਘ ਵੱਲੋਂ ਅੱਜ ਪਹਿਲੀ ਵਾਰ ਖੁੱਲੇ੍ਹਆਮ ਟਿਕਟ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਐਨੇ ਤੰਗ ਤਾਂ ਕਾਂਗਰਸੀ ਕਦੇ ਅਕਾਲੀਆਂ ਦੇ ਰਾਜ ’ਚ ਨਹੀਂ ਹੋਏ, ਜਿੰਨੇ ਐਤਕੀਂ ਕਾਂਗਰਸ ਦੇ ਰਾਜ ਵਿੱਚ ਹੋਏ ਹਨ।
ਉਨ੍ਹਾਂ ਕਿਹਾ ਕਿ ਇਸ ਹਲਕੇ ਅੰਦਰ ਰੱਜ ਕੇ ਭਿ੍ਰਸ਼ਫਟਾਚਾਰ ਅਤੇ ਕਬਜੇ ਹੋਏ ਹਨ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਬਿਨਾ ਨਾਮ ਲੈਂਦਿਆਂ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ’ਤੇ ਹੀ ਕਥਿਤ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਉਹ ਇਸ ਵਾਰ ਕਾਂਗਰਸ ਤੋਂ ਆਪਣੇ ਲਈ ਇੱਥੋਂ ਟਿਕਟ ਦੀ ਮੰਗ ਕਰ ਰਹੇ ਹਨ ਜਦਕਿ ਪਹਿਲਾਂ ਕਾਂਗਰਸ ਵੱਲੋਂ ਉਨ੍ਹਾਂ ਨੂੰ ਬਿਨਾਂ ਮੰਗ ਕੀਤੇ ਹੀ ਟਿਕਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਉਨ੍ਹਾਂ ਦੀ ਟਿਕਟ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਟਵਾ ਦਿੱਤੀ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਲਾਲ ਸਿੰਘ ਕਿਤੇ ਮੁੱਖ ਮੰਤਰੀ ਨਾ ਬਣ ਜਾਵੇ। ਜਿਕਰਯੋਗ ਹੈ ਕਿ ਹਲਕਾ ਸਮਾਣਾ ਤੋਂ ਉਨ੍ਹਾਂ ਦੇ ਪੁੱਤਰ ਰਜਿੰਦਰ ਸਿੰਘ ਵਿਧਾਇਕ ਹਨ ਅਤੇ ਉਨ੍ਹਾਂ ਦੀ ਟਿਕਟ ਵੀ ਪੱਕੀ ਹੈ, ਪਰ ਲਾਲ ਸਿੰਘ ਵੱਲੋਂ ਵੀ ਟਿਕਟ ਦੀ ਮੰਗ ਰੱਖਣ ਕਾਰਨ ਕਾਂਗਰਸ ’ਚ ਕਸੂਤੀ ਸਥਿਤੀ ਪੈਦਾ ਹੋ ਸਕਦੀ ਹੈ, ਕਿਉਂਕਿ ਕਾਂਗਰਸ ਵੱਲੋਂ ਇੱਕ ਪਰਿਵਾਰ ’ਚ ਇੱਕ ਟਿਕਟ ਦਾ ਐਲਾਨ ਕੀਤਾ ਹੋਇਆ ਹੈ।
ਜਿਕਰੇਖਾਸ ਹੈ ਕਿ ਲਾਲ ਸਿੰਘ 1977 ਤੋਂ 2012 ਤੱਕ ਹਲਕਾ ਡਕਾਲ਼ਾ (ਹੁਣ ਸਨੌਰ) ਤੋਂ ਅੱਠ ਵਾਰ ਕਾਂਗਰਸ ਦੀ ਤਰਫ਼ੋਂ ਚੋਣ ਲੜੇ ਤੇ ਛੇ ਵਾਰ ਵਿਧਾਇਕ ਬਣੇ। ਇਸ ਤੋਂ ਇਲਾਵਾ ਉਹ ਇੱਕ ਦਰਜਨ ਤੋਂ ਵੱਧ ਵਿਭਾਗਾਂ ਦੇ ਮੰਤਰੀ ਵੀ ਰਹੇ ਹਨ ਪਰ ਪਿਛਲੀ ਵਾਰ ਉਨ੍ਹਾਂ ਦੇ ਪੁੱਤਰ ਕਾਕਾ ਰਜਿੰਦਰ ਸਿੰਘ ਨੂੰ ਸਮਾਣਾ ਤੋਂ ਟਿਕਟ ਮਿਲਣ ਕਰਕੇ ਉਹ ਟਿਕਟ ਤੋਂ ਵਾਂਝੇ ਰਹਿ ਗਏ ਸਨ। ਇੱਧਰ ਹਲਕਾ ਸਨੌਰ ਤੋਂ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵੀ ਕਾਂਗਰਸ ਦੀ ਟਿਕਟ ਦੇ ਮਜਬੂਤ ਦਾਅਵੇਦਾਰ ਹਨ। ਪਿਛਲੀ ਵਾਰ ਉਹ ਅਕਾਲੀ ਦਲ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੋਂ ਕਰੀਬ ਚਾਰ ਹਜਾਰ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਇਸ ਵਾਰ ਉਨ੍ਹਾਂ ਵੱਲੋਂ ਕਾਂਗਰਸ ਵੱਲੋਂ ਆਏ ਚੋਣ ਆਬਜ਼ਰਵਰਾਂ ਦੀ ਹਾਜ਼ਰੀ ਵਿੱਚ ਹੀ ਚੋਣ ਦਫ਼ਤਰ ਖੋਲ੍ਹ ਕੇ ਚੋਣ ਲੜਨ ਦਾ ਬਕਾਇਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ। ਪਿਛਲੇ ਦਿਨਾਂ ’ਚ ਉਨ੍ਹਾਂ ਵੱਲੋਂ ਕੀਤੀ ਗਈ ਰੈਲੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਹੈਰੀਮਾਨ ਦੀ ਵਕਾਲਤ ਵੀ ਕੀਤੀ ਗਈ ਸੀ ਅਤੇ ਇੱਥੋਂ ਤੱਕ ਕਹਿ ਦਿਤਾ ਗਿਆ ਸੀ ਕਿ ਇਸ ਵਾਰ ਹੈਰੀਮਾਨ ਵੱਡੀ ਗਿਣਤੀ ਵੋਟਾਂ ਦੇ ਫਰਕ ਨਾਲ ਜਿੱਤਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ