ਸੂਬੇ ਅੰਦਰ ਸਕੂਲ ਖੁਲ੍ਹਵਾਉਣ ਲਈ ਗੁੱਸੇ ’ਚ ਲੋਕ, ਸੜਕਾਂ ਤੇ ਉੱਤਰੇ

Open Schools

ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ’ਚ ਸਾਰੀਆਂ ਮੁੱਖ ਸੜਕਾਂ 12 ਵਜੇ ਤੋਂ 2 ਵਜੇ ਤੱਕ ਮੁਕੰਮਲ ਜਾਮ ਰਹੀਆਂ

ਸੂਬੇ ਭਰ ਅੰਦਰ ਲੋਕ ਪ੍ਰਰਦਸ਼ਨਾਂ ’ਚ ਪੁੱਜੇ : ਆਗੂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੂਰਨ ਤੌਰ ’ਤੇ (Open Schools) ਸਕੂਲਾਂ ਨੂੰ ਖੁਲ੍ਹਵਾਉਣ ਲਈ ਪੰਜਾਬ ਭਰ ਅੰਦਰ ਦੋ ਘੰਟੇ ਸੜਕਾਂ ਜਾਮ ਕਰਕੇ ਆਪਣੇ ਪ੍ਰਰਦਸ਼ਨ ਕੀਤੇ ਗਏ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਵੱਲੋਂ ਸੜਕਾਂ ’ਤੇ ਆ ਕੇ ਇਨ੍ਹਾਂ ਪ੍ਰਦਰਸ਼ਨਾਂ ’ਚ ਹਿੱਸਾ ਲਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਮੇਤ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਜਥੇਬੰਦੀਆਂ ਪਹਿਲੀ ਜਮਾਤ ਤੋਂ ਸਾਰੇ ਸਰਕਾਰੀ ਅਤੇ ਪਾਈਵੇਟ ਸਕੂਲ ਖੋਲ੍ਹਣ ਲਈ ਸੰਘਰਸ਼ ਕਰ ਰਹੀਆਂ ਹਨ। ਜਿਸਦੇ ਤਹਿਤ ਅੱਜ ਸੂਬੇ ਅੰਦਰ ਅੰਦਰ ਸੈਂਕੜੇ ਥਾਵਾਂ ’ਤੇ 12 ਵਜੇ ਤੋਂ 2 ਵਜੇ ਤੱਕ ਸੜਕਾਂ ਜਾਮ ਕੀਤੀਆਂ ਗਈਆਂ।

ਇਸ ਮੌਕੇ ਸਰਕਾਰੀ ਅਤੇ ਪਾਈਵੇਟ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਪ੍ਰਬੰਧਕਾਂ ਨੂੰ ਸੰਬੋਧਨ ਕਰਦਿਆਂ ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਧਨੇਰ, ਨਿਰਭੈ ਸਿੰਘ ਢੁੱਡੀਕੇ, ਰਮਿੰਦਰ ਪਟਿਆਲਾ, ਕੁਲਵੰਤ ਸਿੰਘ ਸੰਧੂ, ਹਰਮੀਤ ਸਿੰਘ ਕਾਦੀਆਂ ਆਦਿ ਕਿਸਾਨ ਆਗੂਆਂ ਕਿਹਾ ਕਿ ਸਾਂਝੇ ਸੰਘਰਸ ਨੇ ਹੀ ਸਰਕਾਰ ਨੂੰ ਆਪਣਾ ਵਿਦਿਆਰਥੀ ਵਿਰੋਧੀ ਫੈਸਲਾ ਬਦਲਣ ਲਈ ਮਜ਼ਬੂਰ ਕੀਤਾ ਹੈ।  ਆਗੂਆਂ ਨੇ ਕਿਹਾ ਕਿ ਇਹ ਨਾ ਸਮਝੋ ਕਿ 6 ਵੀਂ ਜਮਾਤ ਤੋਂ ਕਲਾਸਾਂ ਸ਼ੁਰੂ ਹੋ ਗਈਆਂ ਹਨ, ਇਹ ਤਾਂ ਸਾਂਝੇ ਸੰਘਰਸ ਦੇ ਬਣੇ ਦਬਾਅ ਦੀ ਜਿੱਤ ਹੈ। ਆਪਣੀ ਸਭ ਦੀ ਸਾਂਝੀ ਮੰਗ ਪਹਿਲੀ ਜਮਾਤ ਤੋਂ ਸਕੂਲ ਖੋਲਣ ਦੀ ਹੈ। ਕਿਉਂਕਿ ਕਿ ਸਰਕਾਰ ਸਭਨਾਂ ਦੇ ਬੁਨਿਆਦੀ ਅਧਿਕਾਰ ਸਿੱਖਿਆ ਨੂੰ ਕੋਰੋਨਾ ਦੀ ਆੜ ਹੇਠ ਬੰਦ ਕਰਕੇ ਲੰਬੇ ਸਮੇਂ ਲਈ ਸਕੂਲੀ ਸਿੱਖਿਆ ਪਬੰਧਕ ਦਾ ਭੋਗ ਪਾਉਣ ਦੀ ਤਾਕ ਵਿੱਚ ਹੈ।

ਨਵੀਂ ਵਿੱਦਿਆ ਨੀਤੀ 2020 ਨਾਲ ਜੋੜਕੇ ਹਕੂਮਤ ਦੇ ਇਸ ਲੋਕ ਵਿਰੋਧੀ ਫੈਸਲੇ ਨੂੰ ਵੇਖਣਾ ਚਾਹੀਦਾ ਹੈ। ਆਗੂਆਂ ਨੇ ਗੁਜਾਰਿਸ ਕੀਤੀ ਕਿ ਜਿਸ ਤਰ੍ਹਾਂ ਅੱਜ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਨੇ ਅੱਜ ਦੇ ਇਨ੍ਹਾਂ ਸਮਾਗਮਾਂ ਵਿੱਚ ਸ਼ਮੂਲੀਅਤ ਯਕੀਨੀ ਬਣਾਈ ਹੈ । ਅਜਿਹੀ ਲਗਾਤਾਰਤਾ ਬਣਾਏ ਰੱਖਣ ਨਾਲ ਹੀ ਆਉਣ ਵਾਲੇ ਸਮੇਂ ਲਈ ਵਿਸ਼ਾਲ ਏਕਾ ਬਰਕਰਾਰ ਰਹਿ ਸਕੇਗਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਦੇ ਹਰ ਪਿੰਡ,ਕਸਬੇ,ਸ਼ਹਿਰ ਅੰਦਰ ਪੂਰੀ ਸਫਲਤਾ ਨਾਲ ਲਾਗੂ ਕੀਤੇ ਗਏ।

ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕੋਰੋਨਾ ਦੀ ਆੜ ਹੇਠ ਬੰਦ ਕੀਤੇ ਸਾਰੇ ਸਕੂਲ (Open Schools) ਤੁਰੰਤ ਚਾਲੂ ਕਰਨ ਦੀ ਮੰਗ ਕੀਤੀ। ਅਗਲੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਜਲਦ ਅਗਲਾ ਸੰਘਰਸ਼ ਸੱਦਾ ਦੇਵੇਗਾ। ਆਗੂਆਂ ਮੰਗ ਕੀਤੀ ਕਿ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਦਾ ਮੁਆਵਜਾ ਜੋ ਪੰਜਾਬ ਸਰਕਾਰ ਵੱਲੋਂ ਜਾਰੀ ਕਰਕੇ ਸਬੰਧਤ ਡਿਪਟੀ ਕਮਿਸਨਰਾਂ ਨੂੰ ਭੇਜਿਆ ਹੋਇਆ ਹੈ, ਪ੍ਰਭਾਵਿਤ ਕਿਸਾਨਾਂ ਨੂੰ ਵੰਡਿਆ ਜਾਵੇ, ਮੌਜ਼ੂਦਾ ਸਮੇਂ ਭਾਰੀ ਬਾਰਸ਼ਾਂ ਕਾਰਨ ਬਰਬਾਦ ਹੋਈ ਆਲੂਆਂ ਅਤੇ ਸਬਜੀਆਂ ਦੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਮੁਆਵਜਾ ਅਦਾ ਕੀਤਾ ਜਾਵੇ, ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜਾ ਮੁਆਫ ਕਰਨ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ, ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ