ਪਟਿਆਲਾ ‘ਚ ਕੰਗਣਾ ਰਣੌਤ ਦਾ ਪੁਤਲਾ ਫੂਕਿਆ, ਨੌਜਵਾਨਾਂ ਨੂੰ ਕੰਗਣਾ ਦੀਆਂ ਫਿਲਮਾਂ ਦੇ ਬਾਈਕਾਟ ਦਾ ਸੱਦਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੰਗਣਾ ਰਣੌਤ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀ ਬਿਰਧ ਔਰਤ ਵਿਰੁੱਧ ਕੀਤੀ ਟਿੱਪਣੀ ਸਬੰਧੀ ਪੰਜਾਬੀਆਂ ‘ਚ ਜਿੱਥੇ ਗੁੱਸੇ ਦੀ ਲਹਿਰ ਹੈ, ਉੱਥੇ ਹੀ ਪਾਲੀਵੁੱਡ ਵੱਲੋਂ ਵੀ ਵਾਲੀਵੁੱਡ ਦੀ ਇਸ ਐਕਟਰ ਨੂੰ ਧਿਰਕਾਰਾਂ ਦਿੱਤੀਆਂ ਜਾ ਰਹੀਆਂ ਹਨ। ਕੰਗਣਾ ਰਣੌਤ ਦਾ ਅੱਜ ਇੱਥੇ ਰਿਆਸਤੀ ਸ਼ਹਿਰ ‘ਚ ਨੌਜਵਾਨਾਂ ਵੱਲੋਂ ਪੁਤਲਾ ਫੂਕ ਕੇ ਆਪਣੀ ਹੱਦ ਵਿੱਚ ਰਹਿਣ ਲਈ ਆਖਿਆ ਗਿਆ ਹੈ। ਕੰਗਣਾ ਰਣੌਤ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਵਿਵਾਦਿਤ ਟਿੱਪਣੀਆਂ ਕਰਕੇ ਆਪਣੀ ਮਰਿਆਦਾ ਨੂੰ ਲੰਘਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀ ਕੰਗਣਾ ਰਣੌਤ ਵੱਲੋਂ ਕਿਸਾਨੀ ਸੰਘਰਸ਼ ਵਿੱਚ ਕੁੱਦੀ ਇੱਕ ਬਿਰਧ ਔਰਤ ਦਾ ਟਵੀਟ ਰਾਹੀਂ ਮਜਾਕ ਉਡਾਇਆ ਗਿਆ ਸੀ। ਇਸ ਨਾਲ ਹੀ ਪੰਜਾਬ ਦੀਆਂ ਮਾਈ ਭਾਗੋਆਂ ਨੂੰ ਆਪਣੇ ਟਵੀਟ ਰਾਹੀਂ ਭਾੜੇ ‘ਤੇ ਲਿਆਂਦੀਆਂ ਔਰਤਾਂ ਦੱਸਿਆ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਅੰਦਰ ਇਸ ਐਕਟਰ ਖਿਲਾਫ਼ ਗੁੱਸੇ ਦੀ ਲਹਿਰ ਪੈਦਾ ਹੋ ਗਈ ਹੈ। ਅੱਜ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਯੂਥ ਆਰਗੇਨਾਈਜੇਸ਼ਨ ਆਫ਼ ਇੰਡੀਆ ਜਥੇਬੰਦੀ ਵੱਲੋਂ ਫੁਹਾਰਾ ਚੌਂਕ ਵਿਖੇ ਕੰਗਨਾ ਰਣੌਤ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਧਨੌਲਾ ਨੇ ਕਿਹਾ ਕਿ ਕੰਗਣਾ ਦੀ ਇਸ ਹਰਕਤ ਤੋਂ ਇਹ ਸਾਫ ਹੋ ਗਿਆ ਹੈ ਕਿ ਕੰਗਣਾ ਵਰਗੇ ਫਿਲਮੀ ਲੋਕਾਂ ਨੂੰ ਆਮ ਜਨਤਾ ਦੇ ਦੁਖ ਦਰਦ ਨਾਲ ਕੋਈ ਸਰੋਕਾਰ ਨਹੀਂ ਹੈ । ਧਨੌਲਾ ਨੇ ਕਿਹਾ ਕਿ ਇਹ ਹਰਕਤ ਸਾਰੇ ਸੰਘਰਸ਼ਸ਼ੀਲ ਲੋਕਾਂ ਦਾ ਅਪਮਾਨ ਹੈ । ਇਸ ਲਈ ਕੰਗਨਾ ਨੂੰ ਔਰਤਾ ਸਮੇਤ ਦੇਸ਼ ਭਰ ਦੇ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਦੇਸ਼ ਭਰ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੰਗਨਾ ਦੀਆਂ ਫਿਲਮਾਂ ਦਾ ਬਾਈਕਾਟ ਕਰਨਤਾ ਜੋਂ ਅਜਿਹੇ ਲੋਕਾਂ ਦਾ ਗਰੂਰ ਚਕਨਾਚੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਫ਼ ਪ੍ਰਤੀਤ ਹੋ ਰਿਹਾ ਹੈ ਕਿ ਇਹ ਅਦਾਕਾਰ ਕੇਂਦਰ ਸਰਕਾਰ ਦੀ ਬੋਲੀ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਦੇ ਖੇਤ ਬਚਾਉਣ ਲਈ ਸਾਡੀਆਂ ਮਾਵਾਂ ਅਤੇ ਔਰਤਾਂ ਦਿੱਲੀ ਦੀ ਹਿੱਕ ‘ਚ ਗੋਡਾ ਦੇ ਕੇ ਬੈਠੀਆਂ ਹਨ। ਉਕਤ ਆਦਕਾਰ ਨੂੰ ਇਨ੍ਹਾਂ ਸਾਡੀਆਂ ਸੰਘਰਸਸੀਲ ਔਰਤਾਂ ਤੋਂ ਸਿੱਖਣ ਦੀ ਲੋੜ ਹੈ। ਪੰਜਾਬ ਦੇ ਗਾਇਕਾਂ ਵੱਲੋਂ ਵੀ ਕੰਗਣਾ ਰਣੌਤ ਦੀ ਇਸ ਟਿੱਪਣੀ ਨੂੰ ਔਰਤਾਂ ਪ੍ਰਤੀ ਗੰਦੀ ਸੋਚ ਗਰਦਾਨਿਆ ਗਿਆ ਹੈ। ਇਸ ਦੇ ਨਾਲ ਹੀ ਕਈ ਹੋਰ ਬੁੱਧੀਜੀਵੀਆਂ ਸਮੇਤ ਸ਼ੋਸਲ ਮੀਡੀਆ ਤੇ ਇਸ ਅਦਾਕਾਰ ਨੂੰ ਲਾਹਣਤਾ ਪਾਈਆਂ ਗਈਆਂ ਹਨ।
ਕੰਗਣਾ ਰਣੌਤ ਪੰਜਾਬ ਦੀਆਂ ਔਰਤਾਂ ਦੇ ਇਤਿਹਾਸ ਤੋਂ ਜਾਣੂ ਹੋਵੇ : ਕੁਲਵਿੰਦਰ ਸਿੰਘ
ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਅਦਾਕਾਰ ਨੇ ਔਰਤਾਂ ਪ੍ਰਤੀ ਆਪਣੀ ਮਾੜੀ ਸੋਚ ਨੂੰ ਬਿਆਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅਦਾਕਾਰ ਮੋਦੀ ਸਰਕਾਰ ਦੇ ਹੱਥਾਂ ਵਿੱਚ ਖੇਡ ਰਹੀ ਹੈ ਕਿਉਂਕਿ ਇਸ ਸਰਕਾਰ ਨੇ ਉਸ ਨੂੰ ਭਾਰੀ ਸਕਿਊਰਟੀ ਦੇ ਕੇ ਨਵਾਜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਥੀਏਟਰ ਰਾਹੀਂ ਦਾ ਸਮਾਜਿਕ ਬੁਰਾਈਆਂ ਖਿਲਾਫ਼ ਅਲਖ ਜਗਾਉਣੀ ਅਤੇ ਸਮਾਜ ਦੀ ਸਹੀ ਤਸਵੀਰ ਪੇਸ਼ ਕਰਨੀ ਹੁੰਦੀ ਹੈ, ਪਰ ਇਹ ਅਦਾਕਾਰਾਂ ਔਰਤਾਂ ਪ੍ਰਤੀ ਗਲਤ ਟਿੱਪਣੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਦੀਆਂ ਰਹਿੰਦੀਆਂ ਹਨ, ਪਰ ਕਲਾਕਾਰਾਂ ਨੂੰ ਕਿਸੇ ਦਾ ਪਿੱਠੂ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਆਦਕਾਰ ਦਿੱਲੀ ‘ਚ ਆਪਣੇ ਹੱਕਾਂ ਲਈਆਂ ਬੈਠੀਆਂ ਪੰਜਾਬ ਦੀਆਂ ਔਰਤਾਂ ਤੋਂ ਸੇਧ ਜ਼ਰੂਰ ਲਵੇ ਅਤੇ ਪੰਜਾਬ ਦੀਆਂ ਔਰਤਾਂ ਦਾ ਇਤਿਹਾਸ ਤੋਂ ਜਾਣੂੰ ਹੋਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.