ਕੈਬਨਿਟ ਮੰਤਰੀ ਦਾ ਘਿਰਾਓ ਕਰਨ ਜਾ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁਲਿਸ ਵੱਲੋਂ ਗ੍ਰਿਫਤਾਰ

Faridkot News
ਕੈਬਨਿਟ ਮੰਤਰੀ ਦਾ ਘਿਰਾਓ ਕਰਨ ਜਾ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁਲਿਸ ਵੱਲੋਂ ਗ੍ਰਿਫਤਾਰ

ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਗ੍ਰਿਫਤਾਰ ਕਰਕੇ ਕੋਟਕਪੂਰਾ ਥਾਣੇ ’ਚ ਕੀਤਾ ਬੰਦ | Faridkot News

ਫਰੀਦਕੋਟ (ਗੁਰਪ੍ਰੀਤ ਪੱਕਾ)। Faridkot News: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਫਰੀਦਕੋਟ ਵਿਖੇ ਇੱਕ ਸੂਬਾ ਪੱਧਰੀ ਸਮਾਗਮ ’ਚ ਸ਼ਾਮਲ ਹੋਣ ਲਈ ਆ ਰਹੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਮੰਤਰੀ ਡਾ. ਬਲਜੀਤ ਕੌਰ ਦਾ ਘਿਰਾਓ ਕੀਤਾ ਜਾਣਾ ਸੀ, ਪਰ ਪੰਜਾਬ ਪੁਲਿਸ ਨੇ ਫ਼ਰੀਦਕੋਟ ਸ਼ਹਿਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ ਤੇ ਉੁਥੇ ਪੁੱਜੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਨਹਿਰੂ ਸਟੇਡੀਅਮ ’ਚ ਸਮਾਗਮ ਰੱਖਿਆ ਗਿਆ ਸੀ ਤੇ ਉੁਥੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਪਹੁੰਚਣਾ ਸੀ।

ਇਹ ਖਬਰ ਵੀ ਪੜ੍ਹੋ : Suicide: MBBS ਵਿਦਿਆਰਥੀ ਨੇ ਛੇਵੀਂ ਮੰਜ਼ਿਲ ਤੋਂ ਮਾਰੀ ਛਾਲ, ਪੇਪਰ ਖਰਾਬ ਹੋਣ ਕਾਰਨ ਸੀ ਪਰੇਸ਼ਾਨੀ ’ਚ

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬੱਸ ਸਟੈਂਡ ਤੇ ਇਕੱਠੀਆਂ ਹੋਈਆਂ ਸਨ ਤੇ ਜਦੋਂ ਉਹ ਸਟੇਡੀਅਮ ਵੱਲ ਜਾ ਰਹੀਆਂ ਸਨ ਤਾਂ ਚੌਂਕ ’ਚ ਹੀ ਪੁਲਿਸ ਨੇ ਉਨ੍ਹਾਂ ਨੂੰ ਗਿਰਫ਼ਤਾਰ ਕਰਕੇ ਬੱਸਾਂ ਵਿੱਚ ਸੁੱਟ ਲਿਆ। ਇਥੇ ਪੁਲਿਸ ਤੇ ਵਰਕਰਾਂ ਦੀ ਹੱਥੋਪਾਈ ਵੀ ਹੋਈ। ਵਰਕਰਾਂ ਨੇ ਜੋਰਦਾਰ ਨਾਹਰੇਬਾਜੀ ਕੀਤੀ। ਇਸ ਤੋਂ ਪਹਿਲਾਂ ਰੇਲਵੇ ਫਾਟਕ ਤੇ ਨਹਿਰ ਦੇ ਪੁੱਲ ਨੇੜਿਓਂ ਵੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬਾਅਦ ’ਚ 60-65 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੁਲਿਸ ਵੱਲੋਂ ਪੁਲਿਸ ਲਾਈਨ ਫਰੀਦਕੋਟ ਵਿਖੇ ਲਿਜਾਇਆ ਗਿਆ।

ਜਦਕਿ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਪੁਲਿਸ ਨੇ ਫਰੀਦਕੋਟ-ਕੋਟਕਪੂਰਾ ਰੋਡ ਤੇ ਗੁਰਦੁਆਰਾ ਗੋਦੜੀ ਸਾਹਿਬ ਕੋਲੋਂ ਗ੍ਰਿਫਤਾਰ ਕਰ ਲਿਆ। ਇਸ ਮੌਕੇ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪੁਲਿਸ ਨੇ ਲੇਡੀ ਪੁਲਿਸ ਤੋਂ ਬਿਨਾਂ ਹੀ ਗ੍ਰਿਫਤਾਰ ਕਰਕੇ ਥਾਣਾ ਕੋਟਕਪੂਰਾ ਵਿੱਚ ਲਿਜਾ ਕੇ ਬੰਦ ਕਰ ਦਿੱਤਾ। ਜਿਉਂ ਹੀ ਵਰਕਰਾਂ ਨੂੰ ਉਨ੍ਹਾਂ ਦੀ ਗਿਰਫਤਾਰੀ ਦੀ ਸੂਚਨਾ ਮਿਲੀ ਤਾਂ ਤਿੰਨ ਦਰਜਨ ਦੇ ਕਰੀਬ ਵਰਕਰਾਂ ਨਾਹਰੇਬਾਜੀ ਕਰਦੀਆਂ ਕੋਟਕਪੂਰਾ ਥਾਣੇ ’ਚ ਪੁੱਜ ਗਈਆਂ। ਜਦੋਂ ਫਰੀਦਕੋਟ ਵਿਖੇ ਮੰਤਰੀ ਦਾ ਸਮਾਗਮ ਖਤਮ ਹੋਇਆ ਤਾਂ ਉਸ ਤੋਂ ਬਾਅਦ ਹੀ ਪੁਲਿਸ ਨੇ ਵਰਕਰਾਂ ਤੇ ਹੈਲਪਰਾਂ ਨੂੰ ਰਿਹਾਅ ਕੀਤਾ। Faridkot News

ਇਸ ਮੌਕੇ ਹਰਗੋਬਿੰਦ ਕੌਰ ਨੇ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਦੀ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੇ ਮੰਤਰੀ ਦੀ ਧੱਕੇਸ਼ਾਹੀ ਤੋਂ ਡਰਨ ਵਾਲੀਆਂ ਨਹੀਂ ਹਨ ਤੇ ਮੂੰਹ ਤੋੜਵਾਂ ਜਵਾਬ ਦੇਣਗੀਆਂ। ਉਹਨਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਜਿੰਨਾ ਆਗੂਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਉਨ੍ਹਾਂ ’ਚ ਸ਼ਿੰਦਰਪਾਲ ਕੌਰ ਥਾਂਦੇਵਾਲਾ ਜ਼ਿਲਾ ਪ੍ਰਧਾਨ ਮੁਕਤਸਰ ਸਾਹਿਬ, ਗੁਰਮੀਤ ਕੌਰ ਗੋਨੇਆਣਾ ਜ਼ਿਲਾ ਪ੍ਰਧਾਨ ਬਠਿੰਡਾ, ਮਹਿੰਦਰ ਕੌਰ ਪੱਤੋ ਜ਼ਿਲਾ ਪ੍ਰਧਾਨ ਮੋਗਾ, ਦਲਜੀਤ ਕੌਰ ਬਰਨਾਲਾ ਜ਼ਿਲਾ ਪ੍ਰਧਾਨ ਬਰਨਾਲਾ, ਜੀਵਨ ਮੱਖੂ, ਵੀਰਪਾਲ ਕੌਰ ਭਾਗਸਰ, ਗਿਆਨ ਕੌਰ ਦੂਹੇਵਾਲਾ, ਅੰਮ੍ਰਿਤਪਾਲ ਕੌਰ ਹਰੀਨੌਂ, ਰੇਖਾ ਰਾਣੀ ਜੀਦਾ, ਬਲਜੀਤ ਕੌਰ ਹਰੀ ਨੌਂ ਆਦਿ ਦਰਜਨਾਂ ਆਗੂ ਮੌਜ਼ੂਦ ਸਨ। Faridkot News