ਆਂਗਣਵਾੜੀ ਕੇਂਦਰਾਂ ‘ਚ 6 ਮਹੀਨਿਆਂ ਤੋਂ ਨਹੀਂ ਮਿਲੀ ਖੁਰਾਕ
ਪੰਜਾਬ ਦੇ 11 ਹਜ਼ਾਰ ਤੋਂ ਜਿਆਦਾ ਆਂਗਣਵਾੜੀ ਕੇਂਦਰਾਂ ਵਿੱਚ ਨਹੀਂ ਪੁੱਜਿਆ ਸਮਾਨ
ਕੇਂਦਰ ਸਰਕਾਰ ਦਿੰਦੀ ਐ 50 ਫੀਸਦੀ ਗ੍ਰਾਂਟ, 50 ਫੀਸਦੀ ਪੰਜਾਬ ਨੂੰ ਪਾਉਣਾ ਹੁੰਦਾ ਐ ਹਿੱਸਾ
ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਚੰਡੀਗੜ੍ਹ
ਪੰਜਾਬ ਦੇ 11 ਹਜ਼ਾਰ ਤੋਂ ਜਿਆਦਾ ਆਂਗਣਵਾੜੀ ਕੇਂਦਰ ‘ਚ ਨਾ ਹੀ ਜੱਚੇ ਨੂੰ ਪਿਛਲੇ 6 ਮਹੀਨੇ ਤੋਂ ਪੰਜ਼ੀਰੀ ਮਿਲੀ ਹੈ ਅਤੇ ਨਾ ਹੀ ਨਵ ਜਨਮੇ ਬੱਚਿਆ ਨੂੰ ਸੁੱਕਾ ਦੁੱਧ ਦੇ ਨਾਲ ਦਲੀਆ ਅਤੇ ਹੋਰ ਪੋਸ਼ਟਿਕ ਖ਼ੁਰਾਕ ਮਿਲ ਰਹੀਂ ਹੈ।ਪੰਜਾਬ ਸਰਕਾਰ ਵਲੋਂ ਪਿਛਲੇ ਛੇ ਮਹੀਨਿਆਂ ਤੋਂ ਆਂਗਣਵਾੜੀ ਕੇਂਦਰਾਂ ਵਿੱਚ ਭੇਜੀ ਜਾਣ ਵਾਲੀ ਖੁਰਾਕ ਫੰਡ ਨਹੀਂ ਹੋਣ ਕਾਰਨ ਖਰੀਦੀ ਹੀ ਨਹੀਂ ਹੈ। ਜਿਸ ਕਾਰਨ ਆਂਗਣਗਾੜੀ ਕੇਂਦਰਾਂ ਵਿੱਚ ਜੱਚਾ ਅਤੇ ਬੱਚਾ ਦੋਵੇਂ ਹੀ ਬਿਨਾਂ ਖ਼ੁਰਾਕ ਨਾਲ ਕੰਮ ਚਲਾ ਰਹੇ ਹਨ।
ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਦਿੱਤੀ ਜਾਂਦੀ ਹੈ ਬੱਚਾ ਪੈਦਾ ਹੋਣ ਤੋਂ ਬਾਅਦ 6 ਮਹੀਨੇ ਤੱਕ ਜੱਚਾ ਨੂੰ ਪੰਜੀਰੀ ਦੇਣ ਤੋਂ ਬਾਅਦ ਉਸ ਦੇ ਬੱਚੇ ਨੂੰ ਲਗਭਗ 6 ਸਾਲ ਦੀ ਉਮਰ ਤੱਕ ਸੁੱਕਾ ਦੁੱਧ ਅਤੇ ਦਲੀਆ ਅਤੇ ਹੋਰ ਸਮਾਨ ਦਿੱਤਾ ਜਾਂਦਾ ਹੈ ਪੰਜਾਬ ਦੇ 11 ਹਜ਼ਾਰ ਤੋਂ ਜਿਆਦਾ ਆਂਗਣਵਾੜੀ ਕੇਂਦਰਾਂ ਨੂੰ ਚਲਾਉਣ ਲਈ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਦੀ ਤਨਖ਼ਾਹ ਦੇ ਨਾਲ ਹੀ ਜੱਚਾ-ਬੱਚਾ ਦੀ ਖੁਰਾਕ ਲਈ ਕਰੋੜਾਂ ਰੁਪਏ ਦਾ ਫੰਡ ਹਰ ਸਾਲ
ਪੰਜਾਬ ਸਰਕਾਰ ਨੂੰ ਭੇਜਿਆ ਜਾਂਦਾ ਹੈ। ਜਿਸ ਵਿੱਚ 50 ਫੀਸਦੀ ਆਪਣਾ ਹਿੱਸਾ ਪਾਉਣ ਤੋਂ ਬਾਅਦ ਇਸ ਫੰਡ ਨੂੰ ਪੰਜਾਬ ਸਰਕਾਰ ਖ਼ਰਚ ਕਰਦੇ ਹੋਏ ਆਂਗਣਵਾੜੀ ਕੇਂਦਰਾਂ ਵਿੱਚ ਸਮਾਨ ਭੇਜਦੀ ਹੈ ਪਰ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਫੰਡ ਤਾਂ ਜਰੂਰ ਆਏ ਪਰ ਪਿੱਛਲੇ 6 ਮਹੀਨੇ ਤੋਂ ਜੱਚਾ-ਬੱਚਾ ਲਈ ਕੋਈ ਸਮਾਨ ਖਰੀਦ ਕੇ ਆਂਗਣਵਾੜੀ ਕੇਂਦਰਾਂ ਵਿੱਚ ਪੰਜਾਬ ਸਰਕਾਰ ਵਲੋਂ ਨਹੀਂ ਭੇਜਿਆ ਗਿਆ ਹੈ।
ਜਿਸ ਦੇ ਚਲਦੇ ਜਿਹੜੇ ਆਂਗਣਵਾੜੀ ਕੇਂਦਰਾਂ ਵਿੱਚ ਪਿਛਲਾ ਸਟਾਕ ਪਿਆ ਸੀ, ਉਸ ਦੇ ਖ਼ਤਮ ਹੋਣ ਤੋਂ ਬਾਅਦ ਕਿਸੇ ਵੀ ਜੱਚਾ-ਬੱਚਾ ਨੂੰ ਪੋਸ਼ਟਿਕ ਖ਼ੁਰਾਕ ਤਾਂ ਦੂਰ ਆਂਗਣਵਾੜੀ ਕੇਂਦਰਾਂ ਵਿੱਚ ਪੀਣ ਲਈ ਪਾਣੀ ਤੱਕ ਨਹੀਂ ਮਿਲ ਰਿਹਾ ਹੈ। ਜਿਸ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਵਲੋਂ ਕਾਫ਼ੀ ਵਾਰ ਮੰਗ ਤਾਂ ਕੀਤੀ ਗਈ ਪਰ ਫੰਡ ਦੀ ਘਾਟ ਹੋਣ ਦਾ ਕਾਰਨ ਦੱਸਦੇ ਹੋਏ ਹਰ ਕਿਸੇ ਨੂੰ ਟਾਲ ਦਿੱਤਾ ਗਿਆ।
ਖੁਰਾਕ ਖਰੀਦਣ ਲਈ ਦਿੱਤੇ ਜਾ ਰਹੇ ਹਨ ਟੈਂਡਰ: ਕਵਿਤਾ ਸਿੰਘ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਭਲਾਈ ਵਿਭਾਗ ਦੀ ਡਾਇਰੈਕਟਰ ਕਵਿਤਾ ਮੋਹਨ ਸਿੰਘ ਨੇ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਲਈ ਖੁਰਾਕ ਖਰੀਦ ਦਾ ਕੰਮ ਚੱਲ ਰਿਹਾ ਹੈ ਅਤੇ ਟੈਂਡਰ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਖੁਰਾਕ ਦੀ ਸਪਲਾਈ ਹੋ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।