ਆਨੰਦਪਾਲ ਇਨਕਾਊਂਟਰ: ਨਾਗੌਰ ‘ਚ ਭੜਕੇ ਰਾਜਪੂਤ, ਰਾਜਸਥਾਨ ਦੇ ਕਈ ਜ਼ਿਲ੍ਹਿਆਂ ‘ਚ ਧਾਰਾ 144

Anandpal  encounter, Protest,Rajput Community, Nagour, Fining

ਫਾਇਰਿੰਗ ‘ਚ 14 ਪੁਲਿਸ ਮੁਲਾਜ਼ਮ ਸਮੇਤ 20 ਜਣੇ ਜ਼ਖ਼ਮੀ

ਜੈਪੁਰ: ਖੂੰਖਾਰ ਗੈਂਗਸਟਰ ਆਨੰਦਪਾਲ ਇਨਕਾਊਂਟਰ ਮਾਮਲੇ ਵਿੱਚ ਰਾਜਪੂਤ ਭਾਈਚਾਰੇ ਦੇ ਲੋਕ ਅਚਾਨਕ ਭੜਕ ਗਏ ਅਤੇ ਹਿੰਸਾ ‘ਤੇ ਉੱਤਰ ਆਏ। ਇਸ ਦੌਰਾਨ ਦੋ ਥਾਵਾਂ ‘ਤੇ ਪੁਲਿਸ ਨਾਲ ਹੋਈ ਫਾਇਰਿੰਗ ਵਿੱਚ 14 ਪੁਲਿਸ ਮੁਲਾਜ਼ਮਾਂ ਸਮੇਤ 20 ਜਣੇ ਜ਼ਖ਼ਮੀ ਹੋ ਗਏ। ਹਾਲਾਤ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਨਾਗੌਰ, ਚੁਰੂ, ਸੀਕਰ ਅਤੇ ਬੀਕਾਨੇਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਅਤੇ ਇੰਟਰਨੈੱਟ ਸੇਵਾਵਾਂ ‘ਤੇ ਰੋਕ ਲਾ ਦਿੱਤੀ।

ਉੱਧਰ ਮੌਤ ਤੋਂ 18ਵੇਂ ਦਿਨ ਬਾਅਦ ਵੀ ਅਨੰਦਪਾਲ ਦੀ ਲਾਸ਼ ਦਾ ਅੱਜ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਆਨੰਦਪਾਲ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਵਾਉਣ ਲਈ ਪੁਲਿਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਆਨੰਦਪਾਲ ਦੇ ਪਰਿਵਾਰ ਅਤੇ ਰਾਜਪੂਤ ਸਮਾਜ ਦੀ ਸਮਝੌਤਾ ਗੱਲਬਾਤ ਬੁੱਧਵਾਰ ਦੇਰ ਰਾਤ ਤੱਕ ਜਾਰੀ ਹੈ।

ਜਾਣਕਾਰੀ ਅਨੁਸਾਰ  ਰਾਜਪੂਤ ਭਾਈਚਾਰੇ ਵੱਲੋਂ ਆਨੰਦਪਾਲ ਦੇ ਜੱਦੀ ਪਿੰਡ ਵਿੱਚ ਹੋਏ ਸ਼ਰਧਾਂਜਲੀ ਸਮਾਰੋਹ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ। ਦਿਨ ਭਰ ਭਾਈਚਾਰੇ ਦੇ ਆਗੂਆਂ  ਅਤੇ ਪਰਿਵਾਰ ਦੇ ਭਾਸ਼ਣਾਂ ਦਾ ਦੌਰ ਚੱਲਿਆ ਪਰ ਅਚਾਨਕ ਰਾਤ 8 ਵਜੇ ਇਹ ਲੋਕ ਭੜਕ ਗਏ ਅਤੇ ਨਾਗੌਰ ਪੁਲਿਸ ਮੁਖੀ ਪਰਿਸ ਦੇਸ਼ਮੁਖ ਦੇ ਵਾਹਨ ‘ਤੇ ਫਾਇਰਿੰਗ ਕਰ ਦਿੱਤੀ। ਇਸ ਵਿੱਚ 14 ਸਿਪਾਹੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਫਾਇਰਿੰਗ ਦੌਰਾਨ ਇੱਕ ਗੋਲੀ ਦੇਸ਼ਮੁਖ ਦੇ ਕੋਲੋਂ ਨਿਕਲੀ, ਪਰ ਉਹ ਬਚ ਗਏ। ਇੱਕ ਹੋਰ ਜਗ੍ਹਾ ‘ਤੇ ਪੁਲਿਸ ‘ਤੇ ਹੋਈ ਫਾਇਰਿੰਗ ਵਿੱਚ ਰਾਜਪੂਤ ਭਾਈਚਾਰ ਦੇ ਹੀ ਛੇ ਜਣੇ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਸਰਕਾਰ ਨੇ ਦੋ ਮੰਗਾਂ ਮੰਨੀਆਂ

ਸਮਝੌਤਾ ਗੱਲਬਾਤ ਦੌਰਾਨ ਸਰਕਾਰ ਨੇ ਦੋ ਮੰਗਾਂ ਤਾਂ ਮੰਨ ਲਈਆਂ ਹਨ। ਇਨ੍ਹਾਂ ਵਿੱਚ ਇੱਕ ਆਨੰਦਪਾਲ ਦੀ ਜਬਤ ਸੰਪਤੀ ਪਰਿਵਾਰ ਨੂੰ ਵਾਪਸ ਸੌਂਪਣ ਅਤੇ ਦੂਜੀ ਆਨੰਦਪਾਲ ਦੀ ਵੱਡੀ ਬੇਟੀ ਚਿਨੂੰ ਖਿਲਾਫ਼ ਪੁਲਿਸ ਵਿੱਚ ਦਰਜ ਮੁਕਦਮੇ ਵਾਪਸ ਲੈਣ ਦੀ ਮੰਗ ਸ਼ਾਮਲ ਹੈ। ਰਾਜਪੂਤਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਸੀਬੀਆਈ ਜਾਂਚ ਦੀ ਮੰਗ ਨਾ ਮੰਨੀ ਗਈ ਤਾਂ ਆਨੰਦਪਾਲ ਦੀ ਲਾਸ਼ ਲੈ ਕੇ ਉਹ ਰਾਜਧਾਨੀ ਜੈਪੁਰ ਵੱਲ ਕੂਚ ਕਰਨਗੇ।

ਜ਼ਿਕਰਯੋਗ ਹੈ ਕਿ ਅਨੰਦਪਾਲ ਦਾ ਮੁਕਾਬਲਾ 24 ਜੂਨ ਨੂੰ ਹੋਇਆ ਸੀ। ਉਸੇ ਦਿਨ ਤੋਂ ਪਰਿਵਾਰ ਅਤਿੰਮ ਸੰਸਕਾਰ ਇਸ ਸ਼ਰਤ ‘ਤੇ ਕਰਨ ਦੀ ਮੰਗ ‘ਤੇ ਅੜੇ ਹੋਏ ਹਨ ਕਿ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।