ਪਰਾਲੀ ’ਚ ਡੰਪ ਨੂੰ ਅੱਗ ਲੱਗਣ ਕਾਰਨ ਅੰਦਾਜ਼ਨ 12 ਲੱਖ ਦਾ ਹੋਇਆ ਨੁਕਸਾਨ
- 1-2 ਦਿਨ ਤੱਕ ਅੱਗ ਲੱਗੇ ਰਹਿਣ ਦੀ ਸੰਭਾਵਨਾ Straw Dump Fire
Straw Dump Fire: (ਜਗਦੀਪ ਸਿੰਘ) ਫਿਰੋਜ਼ਪੁਰ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਉਣ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ, ਜਿਹਨਾਂ ਸਦਕਾ ਖੇਤਾਂ ਵਿੱਚੋਂ ਪਰਾਲੀ ਨੂੰ ਇਕੱਠਾ ਕਰਕੇ ਡੰਪ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਦੇ ਪਿੰਡ ਵਰਿਆਮ ਵਾਲਾ ਨਜ਼ਦੀਕ ਲਗਾਏ ਪਰਾਲੀ ਦੇ ਡੰਪ ਵਿੱਚ ਬੀਤੀ ਦੇਰ ਸ਼ਾਮ ਤੋਂ ਅਚਾਨਕ ਅੱਗ ਲੱਗਣ ਕਾਰਨ ਡੰਪ ਕੀਤੀ ਪਰਾਲੀ ਦੇ ਤਿੰਨ ਰੈਂਕ ਸੜ ਰਹੇ ਹਨ। ਦੇਰ ਸ਼ਾਮ ਤੋਂ ਲੱਗੀ ਅੱਗ ਨੂੰ ਸਵੇਰ ਤੱਕ ਵੀ ਬੁਝਾਇਆ ਨਹੀਂ ਜਾ ਸਕਿਆ ਪਰ ਮੌਕੇ ’ਤੇ ਪਹੁੰਚੀਆਂ ਫਾਇਰ ਬਿਗ੍ਰੇਡਾਂ ਅਤੇ ਸਥਾਨਕ ਲੋਕਾਂ ਵੱਲੋਂ ਅੱਗ ਨੂੰ ਹੋਰ ਰੈਂਕਾਂ ਤੱਕ ਪਹੁੰਚਣ ਤੋਂ ਰੋਕਣ ’ਚ ਜ਼ਰੂਰ ਕਾਮਯਾਬ ਹੋਏ ਹਨ ਜਦੋਂਕਿ 1-2 ਦਿਨ ਤੱਕ ਅੱਗ ਲੱਗੇ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Punjab Farmers: ਵੱਡੀ ਗਿਣਤੀ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਨੂੰ ਅਪਣਾਇਆ, ਜ਼ਮੀਨੀ ਰਿਪੋਰਟ ਪਿੰਡਾਂ ’ਚ ਜਾ ਕੇ ਲੱਗੀ ਪਤ…
ਡੰਪ ਦੇ ਮਾਲਕ ਕੁਲਦੀਪ ਸਿੰਘ ਅਨੁਸਾਰ ਕਰੀਬ 150 ਏਕੜ ਵਿੱਚੋਂ ਕਈ ਦਿਨਾਂ ਵਿੱਚ ਇਕੱਠੀ ਕੀਤੀ ਕਰੀਬ 1200 ਗੱਠਾਂ (5000 ਟਨ) ਪਰਾਲੀ ਨੂੰ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ, ਜਿਸ ਨੂੰ ਉਹਨਾਂ ਦੀ ਲੇਬਰ ਵੱਲੋਂ ਬਝਾਉਣ ਦੀ ਕਾਫੀ ਕੋਸ਼ਿਸ ਕੀਤੀ ਪਰ ਅੱਗ ਵਧ ਜਾਣ ਕਾਰਨ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਫਿਰੋਜ਼ਪੁਰ, ਜ਼ੀਰਾ ਅਤੇ ਜਲਾਲਾਬਾਦ ਤੋਂ ਫਾਇਰ ਬ੍ਰਿਗੇਡ ਗੱਡੀਆਂ ਨੇ ਪਹੁੰਚ ਕੇ ਡੰਪ ਕੀਤੀ ਪਰਾਲੀ ਦੀ ਅੱਗ ਨੂੰ ਬਝਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਅੱਗ ਦੀ ਲਪੇਟ ਵਿੱਚ ਆਏ ਰੈਂਕਾਂ ਦੀ ਅੱਗ ਤਾਂ ਨਹੀਂ ਬੁਝਾਈ ਜਾ ਸਕੀ ਪਰ ਫਾਇਰ ਬ੍ਰਿਗੇਡ ਗੱਡੀਆਂ ਦੀ ਮੱਦਦ ਨਾਲ ਅੱਗ ਨੂੰ ਹੋਰ ਰੈਂਕਾਂ ਤੱਕ ਪਹੁੰਚ ਤੋਂ ਰੋਕਿਆ ਗਿਆ। ਫਿਲਹਾਲ ਅੱਗ ਲੱਗਣ ਦੇ ਸਪੱਸ਼ਟ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਬੇਲਰ ਮਾਲਕਾਂ ਦਾ ਕਹਿਣਾ ਹੈ ਕਿ ਪਰਾਲੀ ਦੀਆਂ ਵੱਡੀਆਂ ਗੱਠਾਂ ਵਿੱਚ ਜ਼ਿਆਦਾ ਗਰਮਾਹਟ ਹੋ ਜਾਣ ਕਾਰਨ ਕਈ ਵਾਰ ਗੱਠਾਂ ਅੱਗ ਫੜ ਲੈਂਦੀਆਂ ਹਨ।
ਫਾਇਰ ਸਰਵਿਸ ਦੀ ਬਿਨ੍ਹਾਂ ਐੱਨਓਸੀ ਤੋਂ ਪਿੰਡਾਂ ਦੁਆਲੇ ਵਿਛਾਇਆ ਜਾ ਰਿਹਾ ਬਰੂਦ
ਇੱਕ ਪਾਸੇ ਵਾਤਾਵਰਨ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਪਰਾਲੀ ਦੀ ਡਪਿੰਗ ਕੀਤੀ ਜਾ ਰਹੀ ਹੈ ਪਰ ਇੱਕ ਸਮੱਸਿਆ ਨੂੰ ਛੱਡ ਦੂਜੀ ਹੋਰ ਵੱਡੀ ਸਮੱਸਿਆ ਵੀ ਸਹੇੜੀ ਜਾ ਰਹੀ ਹੈ, ਕਿਉਂਕਿ ਬੇਲਰ ਮਾਲਕਾਂ ਵਿੱਚ ਜਿੱਥੇ ਕਿਤੇ ਪਰਾਲੀ ਡੰਪ ਕਰਨ ਲਈ ਮੌਕੇ ’ਤੇ ਜ਼ਮੀਨ ਠੇਕੇ ’ਤੇ ਮਿਲ ਜਾਵੇ ਉੱਥੇ ਹੀ ਵਿਭਾਗੀ ਕਾਰਵਾਈ ਬਿਨਾਂ ਸਿਰੇ ਚੜ੍ਹਾਏ ਪਰਾਲੀ ਡੰਪ ਕੀਤੀ ਜਾ ਰਹੀ ਹੈ। ਦੇਖਣ ਵਿੱਚ ਆਇਆ ਹੈ ਕਿ ਕਈ ਡੰਪ ਪਿੰਡਾਂ ਦੇ ਨੇੜੇ ਬਣੇ ਹੋਏ ਹਨ ਪਿੰਡ ਖਾਈ ਫੇਮੇ ਕੀ ਨਜ਼ਦੀਕ ਇੱਕ ਡੰਪ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਬਣਿਆ ਹੈ, ਜੇਕਰ ਅਜਿਹੀ ਘਟਨਾ ਵਾਪਰਦੀ ਹੈ ਤਾਂ ਕਿਸੇ ਵੱਡੇ ਨੁਕਸਾਨ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਸ ਸਬੰਧੀ ਫਾਇਰ ਸਰਵਿਸ ਦੇ ਮੁਲਾਜ਼ਮਾਂ ਦਾ ਵੀ ਕਹਿਣਾ ਹੈ ਕਿ ਡੰਪ ਕੀਤੇ ਜਾਣ ਲਈ ਢੁੱਕਵੇਂ ਸਥਾਨ, ਹੋਰ ਪ੍ਰਬੰਧਾਂ ਸਬੰਧੀ ਮਹਿਕਮੇ ਤੋਂ ਕੋਈ ਐੱਨਓਸੀ ਫਿਲਹਾਲ ਜਾਰੀ ਨਹੀਂ ਕੀਤੀ ਜਾ ਰਹੀ, ਜੋ ਜਰੂਰੀ ਹੈ। Straw Dump Fire
ਬੇਲਰ ਮਾਲਕਾਂ ਨੂੰ ਡੰਪਾਂ ’ਚ ਹਾਈਡੈਂਟ ਦਾ ਕਰਨਾ ਚਾਹੀਦੈ ਇੰਤਜ਼ਾਮ
ਪਰਾਲੀ ਦੇ ਡੰਪ ਦੀ ਅੱਗ ਬਝਾਉਣ ਆਏ ਫਾਇਰ ਸਰਵਿਸ ਦੇ ਮੁਲਾਜ਼ਮਾਂ ਅਤੇ ਡੰਪ ਮਾਲਕਾਂ ਵਿੱਚ ਮੌਕੇ ’ਤੇ ਪਾਣੀ ਦੀ ਕਮੀ ਲੈ ਕੇ ਕਾਫੀ ਬਹਿਸਬਾਜ਼ੀ ਹੋਣ ਮਗਰੋਂ ਫਾਇਰ ਸਰਵਿਸ ਦੇ ਮੁਲਾਜ਼ਮ ਕੈਪਟਨ ਸਿੰਘ ਨੇ ਡੰਪ ਮਾਲਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਜੇਕਰ ਡੰਪ ਮਾਲਕਾਂ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਡੰਪ ਲਗਾਏ ਹੋਏ ਹਨ ਤਾਂ ਉਹ ਥੋੜ੍ਹਾ ਹੋਰ ਖਰਚਾ ਕਰਕੇ ਰੈਕਾਂ ਵਿਚਾਲੇ ਹਾਈਡੈਂਟ ਦਾ ਪ੍ਰਬੰਧ ਜ਼ਰੂਰ ਕਰਨ ਤਾਂ ਜੋ ਕਦੇ ਅਜਿਹੀ ਘਟਨਾ ਵਾਪਰਦੀ ਹੈ ਤਾਂ ਮੌਕੇ ’ਤੇ ਪਾਣੀ ਦਾ ਪ੍ਰਬੰਧ ਕਰਕੇ ਅੱਗ ਨੂੰ ਮੌਕੇ ’ਤੇ ਕੰਟਰੋਲ ਕੀਤਾ ਜਾ ਸਕੇ।