ਕੋਰੋਨਾ ਤੋਂ ਬਚਾਅ ਲਈ ਸਮੁੱਚੇ ਅੰਮ੍ਰਿਤਸਰ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫੈਸਲਾ

Corona

ਸਮੁੱਚੇ ਸ਼ਹਿਰ ਦੀ ਸਕਰੀਨਿੰਗ ਕਰਨ ਵਾਲਾ ਅੰਮ੍ਰਿਤਸਰ ਦੇਸ਼ ਦਾ ਪਹਿਲਾ ਸ਼ਹਿਰ ਹੋਵੇਗਾ

ਅੰਮ੍ਰਿਤਸਰ (ਰਾਜਨ ਮਾਨ) ਅੰਮ੍ਰਿਤਸਰ ਸ਼ਹਿਰ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ ਦੋ ਮੌਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਮ੍ਰਿਤਸਰ ਮਿਉਂਸੀਪਲ ਕਾਰਪੋਰੇਸ਼ਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੇ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫੈਸਲਾ ਲਿਆ ਹੈ ਇਸ ਫੈਸਲੇ ਨਾਲ ਅੰਮ੍ਰਿਤਸਰ ਦੇਸ਼ ਦਾ ਪਹਿਲਾ ਸ਼ਹਿਰ ਹੋਵੇਗਾ, ਜਿੱਥੇ ਵਾਇਰਸ ਨੂੰ ਲੈ ਕੇ ਸਮੁੱਚੇ ਸ਼ਹਿਰ ਦੀ ਸਕਰੀਨਿੰਗ ਹੋਵੇਗੀ

ਅੱਜ ਉਕਤ ਫੈਸਲਾ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿਖੇ ਮੇਅਰ ਕਰਮਜੀਤ ਸਿੰਘ ਰਿੰਟੂ, ਮੁੱਖ ਮੰਤਰੀ ਦੇ ਓ. ਐਸ. ਡੀ. ਸ੍ਰੀ ਸੰਦੀਪ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਵੱਲੋਂ ਕੋਰੋਨਾ ਵਾਇਰਸ ਦੇ ਮਾਮਲੇ ਉਤੇ ਪੈਦਾ ਹੋਏ ਹਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਵਿਸਥਾਰਤ ਮੀਟਿੰਗ ਵਿਚ ਲਿਆ ਗਿਆ

ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਭਾਵੇਂ ਸ਼ਹਿਰ ਵਿਚ ਸਥਿਤੀ ਖਤਰਨਾਕ ਨਹੀਂ, ਪਰ ਵਾਇਰਸ ਅੱਗੇ ਨਾ ਫੈਲੇ, ਇਸ ਲਈ ਜ਼ਰੂਰੀ ਹੈ ਕਿ ਸ਼ਹਿਰ ਦੇ ਹਰ ਸ਼ਹਿਰ ਵਾਸੀ ਦੀ ਸਿਹਤ ਦੀ ਜਾਂਚ ਹੋਵੇ, ਤਾਂ ਜੋ ਕੋਰੋਨਾ ਪੀੜਤ ਵਿਅਕਤੀ ਦਾ ਇਲਾਜ ਬਿਮਾਰੀ ਦੇ ਪਹਿਲੇ ਪੜਾਅ ਵਿਚ ਹੀ ਹੋ ਸਕੇ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਉਕਤ ਬਿਮਾਰੀ ਕਾਰਨ ਹੋਈਆਂ ਮੌਤਾਂ ਅਤੇ ਕੋਰੋਨਾ ਦੇ ਪਾਜ਼ੀਟਵ ਆਏ ਵਿਅਕਤੀਆਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਖੇਤਰਾਂ ਦੀ ਜਾਂਚ ਪਹਿਲ ਦੇ ਅਧਾਰ ਉਤੇ ਹੋਣੀ ਚਾਹੀਦੀ ਹੈ ਉਨ੍ਹਾਂ  ਨੇ ਦੱਸਿਆ ਕਿ ਸ਼ਹਿਰ ਦੇ ਵਸਨੀਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਈ ਰੱਖਣ ਲਈ ਸ਼ਹਿਰ ਵਿਚ ਲਗਾਤਾਰ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ

ਉੁਨਾਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਸਾਰੀਆਂ 85 ਵਾਰਡਾਂ ਵਿਚ ਪੈਂਦੀਆਂ ਵੱਡੀਆਂ ਗਲੀਆਂ ਤੇ ਖੁੱਲੀਆਂ ਸੜਕਾਂ ਉਤੇ ਪਹਿਲਾਂ ਫਾਇਰ ਟੈਂਡਰ ਲਗਾ ਕੇ ਵਾਇਰਸ ਦੇ ਖਾਤਮੇ ਲਈ ਹਾਈਪੋ ਕਲੋਰਾਈਡ ਦੀ ਸਪਰੇਅ ਕਰਵਾਈ ਗਈ ਹੈ ਇਸ ਤੋਂ ਬਾਅਦ ਛੋਟੀਆਂ ਗਲੀਆਂ ਵਿਚ ਪਹਿਲਾਂ ਪ੍ਰਤੀ ਵਾਰਡ ਇਕ ਆਦਮੀ ਸਪਰੇਅ ਪੰਪ ਨਾਲ ਲਗਾਇਆ ਗਿਆ ਸੀ ਅਤੇ ਹੁਣ ਹਰੇਕ ਵਾਰਡ ਵਿਚ 2 ਸਪਰੇਅ ਪੰਪ ਕੰਮ ਕਰ ਰਹੇ ਹਨ

ਰਿੰਟੂ ਨੇ ਦੱਸਿਆ ਕਿ ਇਹ ਕੰਮ ਵੀ ਲਗਭਗ 90 ਫੀਸਦੀ ਪੂਰਾ ਹੋ ਚੁੱਕਾ ਹੈ ਅਤੇ ਛੇਤੀ ਹੀ ਸ਼ਹਿਰ ਦੀ ਹਰ ਗਲੀ ਵਿਚ ਸਪਰੇਅ ਕਰਨ ਦਾ ਟੀਚਾ ਪੂਰਾ ਕਰ ਲਵਾਂਗੇ ਮੇਅਰ ਨੇ ਦੱਸਿਆ ਕਿ ਅਸੀਂ ਹਰ ਘਰ ਦੇ ਦਰਵਾਜੇ ਤੱਕ ਰਸਾਇਣ ਦਾ ਸਪਰੇਅ ਕਰਨ ਦਾ ਕੰਮ ਪੂਰਾ ਕਰਨ ਵਾਲੇ ਹਨ, ਜਿਸ ਨਾਲ ਸਾਰੀਆਂ ਜਨਤਕ ਥਾਵਾਂ ਦੀ ਵਾਇਰਸ ਤੋਂ ਸਫਾਈ ਹੋ ਜਾਵੇਗੀ

ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਇਸ ਲਈ ਕਾਰਪੋਰੇਸ਼ਨ, ਸਿਹਤ ਤੇ ਪੁਲਿਸ ਦੇ ਸਹਿਯੋਗ ਦੀ ਲੋੜ ਪਵੇਗੀ, ਜਿਸ ਲਈ ਅਸੀਂ ਆਪਸੀ ਤਾਲਮੇਲ ਕਰਕੇ ਸਾਂਝੀਆਂ ਟੀਮਾਂ ਬਣਾਕੇ ਘਰ-ਘਰ ਪਹੁੰਚ ਕਰ ਸਕਾਂਗੇ ਉਨਾਂ ਕਿਹਾ ਕਿ ਉਕਤ ਦੋਵਾਂ ਇਲਾਕਿਆਂ ਤੋਂ ਬਾਅਦ ਸਮੁੱਚੇ ਸ਼ਹਿਰ ਦੀ ਸਕਰੀਨਿੰਗ ਕੀਤੀ ਜਾਵੇਗੀ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਇਸ ਕੰਮ ਲਈ ਹਰ ਤਰਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਡੀ ਸੀ ਪੀ ਜਗਮੋਹਨ ਸਿੰਘ, ਡੀ ਸੀ ਪੀ ਮੁਖਵਿੰਦਰ ਸਿੰਘ ਭੁੱਲਰ, ਡੀ ਸੀ ਪੀ ਗਗਨ ਅਜੀਤ ਸਿੰਘ, ਐਸ ਡੀ ਐਮ ਅਤੇ ਸੀਨੀਅਰ ਡਾਕਟਰ ਵੀ ਮੀਟਿੰਗ ਵਿਚ ਹਾਜ਼ਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।