ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ‘ਚ ਵੱਖਵਾਦੀ ਸੰਗਠਨ ‘ਵਾਰਿਸ ਪੰਜਾਬ ਦੇ’ ਦੇ ਮੁਖੀ,ਖਾਲਿਸਤਾਨ ਸਮਰਥਕ ਅਤੇ ਅਜਨਾਲਾ ਥਾਣੇ ‘ਤੇ ਹਮਲੇ ਦੇ ਦੋਸ਼ੀ ਅੰਮ੍ਰਿਤਪਾਲ ਸਿੰਘ (Amritpal Singh) ਅਤੇ ਕਈ ਸਾਥੀਆਂ ਨੂੰ ਬੀਤੇ ਸ਼ਨਿੱਚਰਵਾਰ ਪੁਲਿਸ ਕਾਰਵਾਈ ਦੌਰਾਨ ਫਰਾਰ ਹੋਣ ਤੋਂ ਬਾਅਦ ਫੜਨ ਲਈ ਸੂਬੇ ਭਰ ‘ਚ ਵੱਡੇ ਪੱਧਰ ‘ਤੇ ਇਹ ਮੁਹਿੰਮ ਸੋਮਵਾਰ ਨੂੰ ਤੀਜੇ ਦਿਨ ਵੀ ਜਾਰੀ ਰਹੀ।
ਇਸ ਦੌਰਾਨ ਪੁਲਿਸ ਦੇ ਵਧਦੇ ਦਬਾਅ ਹੇਠ ਅੰਮ੍ਰਿਤਪਾਲ ਦੇ ਡਰਾਈਵਰ ਹਰਪ੍ਰੀਤ ਸਿੰਘ ਅਤੇ ਚਾਚਾ ਹਰਜੀਤ ਸਿੰਘ ਨੇ ਅੱਜ ਜਲੰਧਰ ਵਿੱਚ ਆਤਮ ਸਮਰਪਣ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਅਸਾਮ ਵੀ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਸਰਕਾਰ ਅੰਮ੍ਰਿਤਪਾਲ, ਉਸ ਦੇ ਚਾਚਾ ਅਤੇ ਡਰਾਈਵਰ ਖਿਲਾਫ ਕੌਮੀ ਸੁਰੱਖਿਆ ਐਕਟ ਲਗਾਉਣ ਦੀ ਤਿਆਰੀ ਕਰ ਰਹੀ ਹੈ। ਦੂਜੇ ਪਾਸੇ ਅੰਮ੍ਰਿਤਪਾਲ (Amritpal Singh ) ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ, ਪਰ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਕੋਈ ਨਾਜਾਇਜ਼ ਕੰਮ ਨਹੀਂ ਕੀਤਾ ਹੈ। ਇਸੇ ਦੌਰਾਨ ਬਠਿੰਡਾ ਦੇ ਵਸਨੀਕ ਅਤੇ ਵਾਰਿਸ ਪੰਜਾਬ ਦੇ ਸੰਗਠਨ ਦੇ ਕਾਨੂੰਨੀ ਸਲਾਹਕਾਰ ਹੋਣ ਦਾ ਦਾਅਵਾ ਕਰਦੇ ਇਮਰਾਨ ਸਿੰਘ ਨੇ ਇੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਪੁਲਿਸ ਨੇ ਅੰਮ੍ਰਿਤਪਾਲ ਨੂੰ 18 ਮਾਰਚ ਨੂੰ ਹੀ ਗ੍ਰਿਫ਼ਤਾਰ ਕਰਕੇ ਇੱਕ ਅਣਦੇਖੀ ਥਾਂ ’ਤੇ ਰੱਖਿਆ ਹੋਇਆ ਹੈ। ਉਸ ਦੇ ਮੁਵੱਕਿਲ ਦੀ ਜਾਨ ਨੂੰ ਖਤਰਾ ਹੈ ਅਤੇ ਉਸ ਨੂੰ ਸੁਰੱਖਿਅਤ ਛੱਡਣ ਦੇ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ। ਇਸ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਸੂਬਾ ਸਰਕਾਰ ਅਤੇ ਹੋਰ ਸਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਹੈ।
ਕੀ ਹੈ ਮਾਮਲਾ
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਸਾਥੀ ਦਲਜੀਤ ਸਿੰਘ ਕਲਸੀ, ਭਗਵੰਤ ਸਿੰਘ, ਗੁਰਮੀਤ ਸਿੰਘ ਅਤੇ ਅੰਮ੍ਰਿਤਪਾਲ ਦੇ ਕਥਿਥ ਸਲਾਹਕਾਰ ਤੇ ਫੰਡ ਮੁਹੱਈਆ ਕਰਵਾਉਣ ਵਾਲੇ ਪ੍ਰਧਾਨ ਮੰਤਰੀ ਬਾਜੇਕਾ ਸਮੇਤ ਅਸਾਮ ਦੇ ਡਿਬਰੂਗੜ੍ਹ ਭੇਜਿਆ ਜਾ ਚੁੱਕਾ ਹੈ। ਪੁਲਿਸ ਹੁਣ ਤੱਕ 112 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੰਜਾਬ ਸਰਕਾਰ ਨੇ ਸੂਬੇ ਵਿੱਚ ਮੋਬਾਈਲ ਇੰਟਰਨੈੱਟ ਅਤੇ ਐਸਐਮਐਸ ਸੇਵਾਵਾਂ ਨੂੰ 24 ਘੰਟਿਆਂ ਲਈ ਵਧਾ ਦਿੱਤਾ ਹੈ ਅਤੇ ਇਨ੍ਹਾਂ ਨੂੰ ਮੰਗਲਵਾਰ ਦੁਪਹਿਰ ਤੱਕ ਬੰਦ ਕੀਤਾ ਗਿਆ ਹੈ।
ਅੰਮ੍ਰਿਤਪਾਲ (Amritpal Singh) ਬਾਰੇ ਵੱਡੇ ਖੁਲਾਸੇ
- ਅੰਮ੍ਰਿਤਪਾਲ ਨੂੰ ਜਾਰਜੀਆ ਵਿੱਚ ਆਈਐਸਆਈ ਵੱਲੋਂ ਸਿਖਲਾਈ ਦਿੱਤੀ ਗਈ ਸੀ
- ਅੰਮ੍ਰਿਤਪਾਲ ਨੇ ਪੰਜਾਬ ਵਿੱਚ ਖਾੜਕੂਵਾਦ ਨੂੰ ਮੁੜ ਸੁਰਜੀਤ ਕਰਨ ਲਈ ਸੋਚੀ ਸਮਝੀ ਯੋਜਨਾ ਬਣਾਈ।
- ਅੰਮ੍ਰਿਤਪਾਲ ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਨਾਲ ਵੀ ਸਬੰਧਤ ਹੈ।
- ਆਈਐਸਆਈ ਨੇ ਫੰਡਿੰਗ ਦਿੱਤੀ।
- ਜਾਂਚ ਵਿੱਚ ਸਾਹਮਣੇ ਆਇਆ ਕਿ ਅੰਮ੍ਰਿਤਪਾਲ ਦੁਬਈ ਵਿੱਚ ਰਹਿੰਦਿਆਂ ਹੀ ਆਈਐਸਆਈ ਦੇ ਸੰਪਰਕ ਵਿੱਚ ਆਇਆ ਸੀ, ਜਿੱਥੇ ਪਹਿਲਾਂ ਹੀ ਕਈ ਪਾਕਿਸਤਾਨੀ ਖੁਫੀਆ ਏਜੰਸੀ ਦੇ ਏਜੰਟ ਰਹਿੰਦੇ ਹਨ।
- ਪਾਕਿਸਤਾਨ ਨੇ ਅੰਮ੍ਰਿਤਪਾਲ ਨੂੰ ਭਾਰਤ ਖਿਲਾਫ ਆਪਣਾ ਹਥਿਆਰ ਬਣਾਇਆ।
ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਖ਼ਿਲਾਫ਼ ਅਸਲਾ ਐਕਟ ਤਹਿਤ ਨਵਾਂ ਕੇਸ ਦਰਜ
ਪੰਜਾਬ ਪੁਲਿਸ ਨੇ ਭਗੌੜੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਕੁਝ ਸਾਥੀਆਂ ਖਿਲਾਫ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਵਿੱਚ ਤਾਜ਼ਾ ਐਫਆਈਆਰ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ 23 ਫਰਵਰੀ ਨੂੰ ਅਜਨਾਲਾ ਕਾਂਡ ਵਿੱਚ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਅੰਮ੍ਰਿਤਸਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਅੰਮ੍ਰਿਤਪਾਲ ਦੇ ਸੱਤ ਸਾਥੀਆਂ ਨੂੰ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ, ਜੋ ਸ਼ਨਿੱਚਰਵਾਰ ਨੂੰ ਜਲੰਧਰ ਜ਼ਿਲੇ ‘ਚ ਜਦੋਂ ਉਸ ਦੇ ਕਾਫਲੇ ਨੂੰ ਰੋਕਿਆ ਗਿਆ ਤਾਂ ਪੁਲਿਸ ਦੇ ਹੱਥੋਂ ਫ਼ਰਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਦੇ ਕਾਫਲੇ ਦਾ ਹਿੱਸਾ ਰਹੇ ਉਸ ਦੇ ਸੱਤ ਸਾਥੀਆਂ ਨੂੰ ਸ਼ਨੀਵਾਰ ਸ਼ਾਮ ਜਲੰਧਰ ਦੇ ਮਹਿਤਪੁਰ ਨੇੜਿਓਂ ਗ੍ਰਿਫਤਾਰ ਕੀਤਾ ਗਿਆ।
ਮੋਬਾਈਲ ਇੰਟਰਨੈੱਟ ਬੰਦ, ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ
ਪੂਰੇ ਪੰਜਾਬ ਵਿੱਚ ਪੁਲਿਸ-ਪ੍ਰਸ਼ਾਸ਼ਨ ਅਲਰਟ ਮੋਡ ‘ਤੇ ਹੈ। ਅੰਮ੍ਰਿਤਸਰ, ਫਾਜ਼ਿਲਕਾ, ਮੋਗਾ, ਮੁਕਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਹੈ। ਪੰਜਾਬ ਵਿੱਚ ਸੋਮਵਾਰ ਦੁਪਹਿਰ 12 ਵਜੇ ਤੱਕ ਮੋਬਾਈਲ ਇੰਟਰਨੈੱਟ ਅਤੇ ਬਲਕ ਐਸਐਮਐਸ ਸੇਵਾਵਾਂ ਬੰਦ ਰਹਿਣਗੀਆਂ। 12 ਵਜੇ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਚਾਲੂ ਹੋਣਗੀਆਂ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਰੋਡਵੇਜ਼ ਬੱਸਾਂ ਦੋ ਦਿਨ ਨਹੀਂ ਚੱਲਣਗੀਆਂ
ਪੰਜਾਬ ਵਿੱਚ ਸਰਕਾਰੀ ਬੱਸ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਸਰਕਾਰੀ ਹੁਕਮਾਂ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀ ਕੋਈ ਵੀ ਬੱਸ ਨਹੀਂ ਚੱਲੇਗੀ। ਇਹ ਫੈਸਲਾ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਭੰਨਤੋੜ ਕੀਤੇ ਜਾਣ ਦੇ ਖਦਸ਼ੇ ਦੇ ਮੱਦੇਨਜ਼ਰ ਲਿਆ ਗਿਆ ਹੈ।
ਜਲੰਧਰ ਦੇ ਪੁਲਿਸ ਕਮਿਸਨਰ ਨੇ ਕਿਹਾ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ : ਪੰਜਾਬ ਪੁਲਿਸ
ਪੰਜਾਬ ਪੁਲਿਸ ਨੇ ਜਲੰਧਰ ਜ਼ਿਲ੍ਹੇ ਦੇ ਨਕੋਦਰ ਇਲਾਕੇ ਵਿੱਚ ਦੇਰ ਰਾਤ ਤੱਕ ਤਲਾਸ਼ੀ ਮੁਹਿੰਮ ਚਲਾਈ। ਪਿੰਡ ਸ਼ਰੀਂਹ ਵਿੱਚ ਸਰਚ ਆਪਰੇਸ਼ਨ ਦੀ ਅਗਵਾਈ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਖੁਦ ਕੀਤੀ। ਉਨ੍ਹਾਂ ਕਿਹਾ ਕਿ ਅੰਮਿ੍ਰਤਪਾਲ ਸਿੰਘ ਭਗੌੜਾ ਹੈ, ਜਲਦੀ ਹੀ ਉਸ ਨੂੰ ਫੜ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਅੰਮ੍ਰਿਤਪਾਲ ਦੀ ਕਾਰ ਨਕੋਦਰ ’ਚ ਖੜ੍ਹੀ ਮਿਲੀ।
ਸਾਰੇ ਵਿਅਕਤੀਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ : ਪੰਜਾਬ ਪੁਲਿਸ
ਉਨ੍ਹਾਂ ਕਿਹਾ ਕਿ ਜੁਰਮਾਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਵਿਰੁੱਧ ਮੁਕੱਦਮਾ ਚਲਾਇਆ ਜਾਵੇਗਾ ਅਤੇ ਪੁਲਿਸ ਨੂੰ ਲੋੜੀਂਦੇ ਸਾਰੇ ਵਿਅਕਤੀ ਆਪਣੇ-ਆਪ ਨੂੰ ਕਾਨੂੰਨ ਦੀ ਪ੍ਰਕਿਰਿਆ ਵਿੱਚ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਕਾਨੂੰਨੀ ਬਚਾਅ ਲਈ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਕੀਤੀ ਜਾਵੇਗੀ। ਇਸ ਦੌਰਾਨ, ਸਾਰੇ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਝੂਠੀਆਂ ਖਬਰਾਂ ਅਤੇ ਅਫਵਾਹਾਂ ’ਤੇ ਧਿਆਨ ਨਾ ਦੇਣ। ਸੂਬੇ ਵਿੱਚ ਸਥਿਤੀ ਪੂਰੀ ਤਰ੍ਹਾਂ ਸਥਿਰ ਹੈ। ਸੂਬੇ ਦੀ ਸਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਸਰਾਰਤੀ ਗਤੀਵਿਧੀਆਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।
ਪੰਜਾਬ ’ਚ ਇੰਟਰਨੈੱਟ ਸੇਵਾ ਬੰਦ ਕਰਨ ਦਾ ਮਾਮਲਾ ਹਾਈਕੋਰਟ ਪੁੱਜਾ
ਪੰਜਾਬ ’ਚ ਮੋਬਾਇਲ ਸੇਵਾ ਬੰਦ ਕਰਨ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ (High Court) ’ਚ ਪੁੱਜ ਗਿਆ ਹੈ। ਇਸ ਪਟੀਸ਼ਨ ’ਤੇ ਸੁਣਵਾਈ ਜਲਦ ਹੀ ਹੋ ਸਕਦੀ ਹੈ। ਐਡਵੋਕੇਟ ਜਗਮੋਹਨ ਭੱਟੀ ਨੇ ਪਟੀਸ਼ਨ ਦਰਜ਼ ਕੀਤੀ ਹੈ। ਹੁਣ ਫਾਈਲ ਰਜਿਸਟਰੀ ਵਿੱਚ ਹੋਣੀ ਚਾਹੀਦੀ ਹੈ। ਪਟੀਸ਼ਨ ਰਜਿਸਟਰੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਸੁਣਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਇੰਟਰਨੈੱਟ ਸੇਵਾਵਾਂ ਬੰਦ ਹਨ। ਇਸ ਕਾਰਨ ਮੋਬਾਇਲ ’ਤੇ ਇੰਟਰਨੈੱਟ ਨਹੀਂ ਚੱਲ ਰਿਹਾ ਤੇ ਨਾ ਹੀ ਐੱਸਐੱਮਐੱਸ ਆ ਰਹੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਅੰਮਿ੍ਰਤਪਾਲ ਸਿੰਘ ਨੂੰ ਗਿ੍ਰ੍ਰਫ਼ਤਾਰ ਕਰਨ ਲਈ ਚਲਾਏ ਗਏ ਸਰਚ ਆਪ੍ਰੇਸ਼ਨ ਕਾਰਨ ਪੰਜਾਬ ’ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਜਨਹਿੱਤ ’ਚ ਲਿਆ ਹੈ।