ਕੈਪਟਨ ਦਾ ਮੁਕਾਬਲਾ ਜਨਰਲ ਨਾਲ

ਕੈਪਟਨ ਦਾ ਮੁਕਾਬਲਾ ਜਨਰਲ ਨਾਲ

ਖੁਸ਼ਵੀਰ ਸਿੰਘ ਤੂਰ ਪਟਿਆਲਾ, ਅਕਾਲੀ ਦਲ ਵੱਲੋਂ ਸਾਬਕਾ ਫੌਜ ਮੁਖੀ ਜਨਰਲ ਜੇ. ਜੇ. ਸਿੰਘ ਨੂੰ ਕਾਂਗਰਸ ਦੇ ਥੰਮ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਅਕਾਲੀ ਦਲ ਵੱਲੋਂ ਹਲਕਾ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਦੂਜੀ ਵਾਰ ਅਜਿਹੇ ਵਿਅਕਤੀ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ ਜੋ ਕਿ ਅਕਾਲੀ ਦਲ ਦਾ ਮੁੱਢਲਾ ਮੈਂਬਰ ਵੀ ਨਹੀਂ ਰਿਹਾ। ਅਕਾਲੀ ਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਆਪਣੀ ਪਾਰਟੀ ਦੇ ਕਿਸੇ ਧਾਕੜ ਆਗੂ ਨੂੰ ਇੱਥੋਂ ਟਿਕਟ ਨਾ ਦੇਣ ਕਾਰਨ ਕਈ ਅਕਾਲੀ ਆਗੂ ਅੰਦਰੋਂ ਅੰਦਰੀ ਧੁੱਖਦੇ ਦਿਖਾਈ ਦੇ ਰਹੇ ਹਨ।

ਜਨਰਲ ਜੇ. ਜੇ. ਸਿੰਘ ਅੱਜ ਹੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਤੇ ਪਾਰਟੀ ਨੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਉਮੀਦਵਾਰ ਐਲਾਨਿਆ ਗਿਆ ਹੈ। ਅਕਾਲੀ ਦਲ ਵੱਲੋਂ ਹਲਕਾ ਪਟਿਆਲਾ ਸ਼ਹਿਰੀ ਤੋਂ ਦੂਜੀ ਵਾਰ ਅਜਿਹੇ ਵਿਅਕਤੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜੋ ਕਿ ਅਕਾਲੀ ਦਲ ਦਾ ਮੁੱਢਲਾ ਮੈਂਬਰ ਹੀ ਨਹੀਂ ਰਿਹਾ। ਸਾਲ 2014 ਵਿੱਚ ਵੀ ਜ਼ਿਮਨੀ ਚੋਣ ਮੌਕੇ ਅਕਾਲੀ ਦਲ ਵੱਲੋਂ ਪ੍ਰਨੀਤ ਕੌਰ ਦੇ ਖਿਲਾਫ਼ ਸਮਾਜ ਸੇਵੀ ਭਗਵਾਨ ਦਾਸ ਜੁਨੇਜਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਸੀ।

ਸ੍ਰੀ ਜੁਨੇਜਾ ਉਸ ਸਮੇਂ ਅਕਾਲੀ ਦਲ ਦੇ ਮੈਂਬਰ ਨਹੀਂ ਸਨ ਜਦਕਿ ਉਨ੍ਹਾਂ ਦਾ ਬੇਟਾ ਹਰਪਾਲ ਜੁਨੇਜਾ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ। ਜਦਕਿ ਅਕਾਲੀ ਦਲ ਵੱਲੋਂ ਹੁਣ ਸਿਆਸਤ ਤੋਂ ਕੋਰੇ ਜਨਰਲ ਜੇ.ਜੇ. ਸਿੰਘ ਤੇ ਦਾਅ ਖੇਡਿਆ ਗਿਆ ਹੈ। ਇੱਧਰ ਇਹ ਇਹ ਵੀ ਚਰਚਾ ਛਿੜ ਗਈ ਹੈ ਕਿ ਅਕਾਲੀ ਦਲ ਨੂੰ ਆਪਣੇ ਸਥਾਨਕ ਆਗੂਆਂ ਤੇ ਵਿਸਵਾਸ ਨਹੀਂ ਰਿਹਾ ਜੋ ਕਿ ਇੱਥੇ ਸਮੇਂ-ਸਮੇਂ ‘ਤੇ ਕਾਂਗਰਸ ਖਿਲਾਫ਼ ਪ੍ਰਦਰਸ਼ਨ ਸਮੇਤ ਹੋਰ ਆਢਾ ਲੈਦੇ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਵਿਰੁੱਧ ਅਕਾਲੀ ਦਲ

ਉਂਜ ਭਾਵੇਂ ਅਕਾਲੀ ਦਲ ਦਲ ਦੀ ਘੁਰਕੀ ਤੋਂ ਬਾਅਦ ਇੱਥੇ ਟਿਕਟ ਦੇ ਦਾਅਵੇਦਾਰਾਂ ਵੱਲੋਂ ਅਕਾਲੀ ਦਲ ਦੇ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ, ਪਰ ਅੰਦਰੋਂ ਅੰਦਰੋਂ ਉਹ ਪਾਰਟੀ ਦੀ ਇਸ ਕਾਰਵਾਈ ਤੋਂ ਨਾਖੁਸ਼ ਦਿਖਾਈ ਦੇ ਰਹੇ। ਇਸ ਵਾਰ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਅਕਾਲੀ ਦਲ ਦੇ ਯੂਥ ਆਗੂ ਹਰਪਾਲ ਜੁਨੇਜਾ ਟਿਕਟ ਦੇ ਪੂਰੇ ਆਸਵੰਦ ਸਨ ਅਤੇ ਕੁਝ ਮਹੀਨੇ ਪਹਿਲਾ ਕੈਬਨਿਟ ਮੰਤਰੀ ਮਜੀਠੀਆ ਵੱਲੋਂ ਉਨ੍ਹਾਂ ਨੂੰ ਇਸਾਰਾ ਵੀ ਕਰ ਦਿੱਤਾ ਗਿਆ ਸੀ ਅਤੇ ਉਹ ਹਲਕੇ ਅੰਦਰ ਵਿਚਰ ਰਹੇ ਸਨ।

ਇਸ ਤੋਂ ਇਲਾਵਾ ਸ਼ਹਿਰ ਤੋਂ ਹੋਰ ਵੀ ਮੂੰਹਰਲੀ ਕਤਾਰ ਦੇ ਆਗੂ ਟਿਕਟ ਲਈ ਭੱਜਾਦੋੜੀ ਕਰ ਰਹੇ ਸਨ।  ਅਕਾਲੀ ਦਲ ਵੱਲੋਂ ਐਨ ਮੌਕੇ ਇਨ੍ਹਾਂ ਦਾਅਵੇਦਾਰਾਂ ਨੂੰ ਪਿੱਛੇ ਧਕੇਲਦਿਆ ਨਵੇਂ ਨਕੌਰ ਜਨਰਲ ‘ਤੇ ਵਿਸਵਾਸ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਾ ਜਨਰਲ ਕਾਂਗਰਸ ਦੇ ਕੈਪਟਨ ਤੋਂ ਪਾਰ ਪਾ ਸਕੇਗਾ ਜਾ ਅਕਾਲੀ ਦਲ ਨੂੰ ਮੁੜ ਨਮੋਸੀ ਦਾ ਸਾਹਮਣਾ ਕਰਨਾ ਪਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ