4000 ਨਸ਼ੀਲੀਆਂ ਗੋਲੀਆਂ ਪਾ ਕੇ ਭੇਜਿਆ ਸੀ ਜੇਲ੍ਹ
ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਤਿੰਨ ਪੁਲਿਸ ਕਰਮਚਾਰੀਆਂ ਖਿਲਾਫ਼ ਮਾਮਲਾ ਦਰਜ਼
ਅਨਿਲ ਲੁਟਾਵਾ, ਅਮਲੋਹ
‘ਪੁਲਿਸ ਝੂਠੇ ਪਰਚੇ ਪਾਉਂਦੀ ਹੈ, ਇਹਨਾਂ ਤੋਂ ਬਚੋ।’ ਇਹ ਗੱਲ ਪਿੰਡ ਬਰੌਗਾਂ ਦੇ ਨੌਜਵਾਨ ਸੁਖਵਿੰਦਰ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਸੁਖਵਿੰਦਰ ਜਿਸ ਨੂੰ ਅਮਲੋਹ ਪੁਲਿਸ ਨੇ ਸਤੰਬਰ 2012 ਵਿੱਚ ਚਾਰ ਹਜ਼ਾਰ ਨਸ਼ੀਲੀਆਂ ਗੋਲੀਆਂ ਦੇ ਦੋਸ਼ ਵਿੱਚ ਫੜ ਕੇ ਜੇਲ੍ਹ ਭੇਜ ਦਿੱਤਾ ਸੀ, ਵੱਲੋਂ ਲੰਮੀ ਕਾਨੂੰਨੀ ਲੜਾਈ ਲੜ ਕੇ ਜਿੱਥੇ ਆਪਣੇ ਆਪ ਨੂੰ ਬੇਕਸੂਰ ਸਾਬਿਤ ਕੀਤਾ ਗਿਆ ਉੱਥੇ ਹੀ ਸੁਖਵਿੰਦਰ ਵੱਲੋਂ ਲੜੀ ਕਾਨੂੰਨੀ ਲੜਾਈ ਤੋਂ ਬਾਅਦ ਜਿਲ੍ਹਾ ਸੈਸ਼ਨ ਜੱਜ ਦੇ ਹੁਕਮਾਂ ‘ਤੇ ਤਿੰਨ ਪੁਲਿਸ ਕਰਮਚਾਰੀਆਂ ਖਿਲਾਫ ਅਮਲੋਹ ਥਾਣੇ ‘ਚ 18 ਜੁਲਾਈ ਨੂੰ ਧਾਰਾ 166,166 ਏ,167, 211, 120 ਬੀ, ਐਨ ਡੀ ਪੀ ਸੀ ਐਕਟ ਅਧੀਨ ਇੰਸਪੈਕਟਰ ਦਲੀਪ ਕੁਮਾਰ, ਐੱਸਆਈ ਦਰਸ਼ਨ ਸਿੰਘ ਤੇ ਏਐੱਸਆਈ ਦੀਪ ਸਿੰਘ ‘ਤੇ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਤਿੰਨੇ ਪੁਲਿਸ ਮੁਲਾਜਮ ਫਰਾਰ ਦੱਸੇ ਜਾਂਦੇ ਹਨ।
ਸੁਖਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਲ 2012 ‘ਚ ਅਮਲੋਹ ਥਾਣੇ ਦਾ ਇੱਕ ਏਐੱਸਆਈ ਉਸਦੇ ਘਰ ਆਇਆ ਤੇ ਕਹਿਣ ਲੱਗਾ ਉਸ ਨੂੰ ਥਾਣੇ ਬੁਲਾਇਆ ਹੈ ਉਹ ਪੰਚਾਇਤ ਸਮੇਤ ਅਮਲੋਹ ਥਾਣੇ ਗਿਆ। ਉਸਨੂੰ ਸ਼ਾਮ ਤੱਕ ਥਾਣੇ ਬਿਠਾਈ ਰੱਖਿਆ ਤੇ ਵਾਪਸ ਘਰ ਭੇਜ ਦਿੱਤਾ ਦੂਸਰੇ ਦਿਨ ਫਿਰ ਉਸਨੂੰ ਥਾਣੇ ਬੁਲਾਇਆ ਗਿਆ ਤੇ ਉਸ ‘ਤੇ ਚਾਰ ਹਜ਼ਾਰ ਨਸ਼ੀਲੀਆਂ ਗੋਲੀਆਂ ਦਾ ਝੁਠਾ ਮਾਮਲਾ ਦਰਜ ਕਰਕੇ ਨਾਭਾ ਜੇਲ੍ਹ ਭੇਜ ਦਿੱਤਾ। ਇਸ ਸਬੰਧੀ ਪੁਲਿਸ ਵੱਲੋਂ ਅਖਬਾਰਾਂ ਵਿੱਚ ਖਬਰਾਂ ਵੀ ਪ੍ਰਕਾਸ਼ਿਤ ਕਰਵਾਈਆਂ ਗਈਆਂ। ਸੁਖਵਿੰਦਰ ਨੇ ਦੱਸਿਆ ਕਿ ਜਦੋਂ ਉਸ ਖਿਲਾਫ ਝੂਠਾ ਮੁਕੱਦਮਾ ਦਰਜ਼ ਕੀਤਾ ਗਿਆ ਸੀ ਉਸ ਸਮੇਂ ਉਹ ਲਾਅ ਦਾ ਸਟੂਡੈਂਟ ਸੀ ਅਤੇ ਉਸ ਦਾ ਇੱਕ ਮਹੀਨਾ 20 ਦਿਨ ਦਾ ਲੜਕਾ ਸੀ। ਉਸਦੀ ਪਤਨੀ ਬੈੱਡ ਰੈਸਟ ‘ਤੇ ਸੀ, ਜਿਸ ਕਾਰਟ ਉਸਦਾ ਸਾਰਾ ਪਰਿਵਾਰ ਨਾਮੋਸ਼ੀ ਵਿੱਚ ਚਲਾ ਗਿਆ। ਇਸੇ ਦੌਰਾਨ ਉਸਦੇ ਪਿਤਾ ਦੀ ਮੌਤ ਹੋ ਗਈ। ਸੁਖਵਿੰਦਰ ਨੇ ਦੱਸਿਆ ਕਿ ਉਸ ਵੱਲੋਂ ਲੜੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਮਾਣਯੋਗ ਅਦਾਲਤ ਨੇ ਉਸ ਨੂੰ 13 ਜੁਲਾਈ 2017 ਨੂੰ ਬਰੀ ਕਰ ਦਿੱਤਾ।
ਉਸ ਵੱਲੋਂ ਆਪਣੇ ਖਿਲਾਫ ਹੋਏ ਧੱਕੇ ਨੂੰ ਲੈਕੇ ਇਸ ਦੀ ਇੱਕ ਸ਼ਿਕਾਇਤ ਚੰਡੀਗੜ੍ਹ ਸਥਿਤ ਕਮਿਸ਼ਨ ਨੂੰ ਕੀਤੀ ਗਈ, ਜਿਸ ਦੀ ਜਾਂਚ ਜਸਟਿਸ ਮਹਿਤਾਬ ਸਿੰਘ ਗਿੱਲ ਤੇ ਰਿਟਾਇਰਡ ਜਿਲ੍ਹਾ ਸੈਸ਼ਨ ਜੱਜ ਬੀ ਐਸ ਮਹਿੰਦੀਰੱਤਾ ਵੱਲੋਂ ਕੀਤੀ ਗਈ। ਕਮਿਸ਼ਨ ਵੱਲੋਂ 19 ਦਸੰਬਰ 2018 ਨੂੰ ਐੱਸਐੱਸਪੀ ਫਤਹਿਗੜ੍ਹ ਸਾਹਿਬ ਨੂੰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਨ ਤੇ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਨੂੰ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਗਏ। ਸੁਖਵਿੰਦਰ ਨੇ ਦੱਸਿਆ ਕਿ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਜ਼ਿਲ੍ਹਾ ਪੁਲਿਸ ਵੱਲੋਂ 7 ਮਹੀਨੇ ਬਾਅਦ ਮੁਲਜਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉਸ ਨੇ ਕਿਹਾ ਕਿ ਇੰਸਪੈਕਟਰ ਦਲੀਪ ਸਿੰਘ ਵਿਦੇਸ਼ ਭੱਜ ਗਿਆ ਹੈ ਜਦੋਂ ਕਿ ਬਾਕੀ ਦੇ ਮੁਲਜ਼ਮ ਵੀ ਵਿਦੇਸ਼ ਜਾਣ ਦੀ ਤਾਕ ਵਿੱਚ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਸੁਖਵਿੰਦਰ ਸਿੰਘ ‘ਤੇ ਜੋ ਚਾਰ ਹਜ਼ਾਰ ਗੋਲੀਆਂ ਦਾ ਝੂਠਾ ਮਾਮਲਾ ਦਰਜ ਕੀਤਾ ਹੈ ਉਹ ਗੋਲੀਆਂ ਕਿੱਥੋਂ ਆਈਆਂ ਇਸ ਦੀ ਉੱਚ ਪੱਧਰੀ ਜਾਂਚ ਕਰਕੇ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ।
ਮੁਲਜ਼ਮ ਛੇਤੀ ਕੀਤੇ ਜਾਣਗੇ ਗ੍ਰਿਫ਼ਤਾਰ
ਇਸ ਮਾਮਲੇ ਸਬੰਧੀ ਜਦੋਂ ਥਾਣਾ ਅਮਲੋਹ ਦੇ ਮੁਖੀ ਅਮਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਗ੍ਰਿਫਤਾਰ ਕਰ ਲਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨੇ ਮੁਲਾਜ਼ਮ ਰਿਟਾਇਰਡ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।