ਦੋਵਾਂ ਦੇਸ਼ਾਂ ਵਿਚਾਕਰ ਪਹਿਲਾਂ ਤੋਂ ਜਾਰੀ ਤਣਾਅ ਹੋਰ ਵਧ ਗਿਆ ਹੈ
ਸੰਯੁਕਤ ਰਾਸ਼ਟਰ (ਏਜੰਸੀ)। ਯੁਕ੍ਰੇਨ ਤੇ ਰੂਸ ਵਿਚਕਾਰ ਜਾਰੀ ਤਣਾਅ ਦੇ ਮੁੱਦੇ ‘ਤੇ ਅਮਰੀਕਾ ਨੇ ਯੁਕ੍ਰੇਨ ਦਾ ਸਮੱਥਰਨ ਕੀਤਾ ਹੈ। ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਸਥਾਈ ਪ੍ਰਤੀਨਿਧੀ ਨਿੱਕੀ ਹੇਲੀ ਨੇ ਸੋਮਵਾਰ ਨੂੰ ਸੁਰੱਖਿਆ ਪਰਿਸ਼ਦ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ।
ਹੇਲੀ ਨੇ ਕਿਹਾ ਕਿ ਮੈਂ ਅਮਰੀਕਾ, ਨੀਦਰਲੈਂਡ, ਪੋਲੈਂਡ, ਸਵੀਡਨ ਤੇ ਯੁਨਾਈਟਡ ਕਿੰਗਡਮ ਵੱਲੋਂ ਬਿਆਨ ਦਿੰਦੀ ਹਾਂ ਕਿ ਅਸੀਂ ਸਾਰੇ ਰੂਸ ਦੇ ਇਸ ਹਮਲੇ ਦੇ ਖਿਲਾਫ਼ ਇੱਕਜੁਟ ਹਾਂ। ਸੰਯੁਕਤ ਰਾਸ਼ਟਰ ‘ਚ ਅਮਰੀਕੀ ਪ੍ਰਤੀਨਿਧੀ ਨੇ ਕਿਹਾ ਕਿ ਅਸੀਂ ਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਸਰਹੱਦਾਂ ਦੇ ਅੰਦਰ ਯੂਕ੍ਰੇਨ ਦੀ ਸੰਪ੍ਰਭੂਤਾ ਤੇ ਖ਼ੇਤਰੀ ਅਖੰਡਤਾ ਦਾ ਮਜ਼ਬੂਤੀ ਦੇ ਨਾਲ ਸਮੱਰਥਨ ਕਰਦੇ ਹਨ। ਅਸੀਂ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਨ ਵਾਲੀ ਇਸ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹਾਂ।
ਰੂਸ ਨੇ ਐਤਵਾਰ ਨੂੰ ਕਾਲਾ ਸਾਗਰ ਅਤੇ ਅਜੋਵ ਸਾਗਰ ਨੂੰ ਜੋੜਨ ਵਾਲੇ ਕਰਚ ਜਲਮਾਰਗ ‘ਚ ਕਥਿਤ ਤੌਰ ‘ਤੇ ਨਜਾਇਜ਼ ਰੂਪ ‘ਚ ਦਾਖ਼ਲ ਹੋਣ ਕਾਰਨ ਤਿੰਨ ਨੌਸੈਨਿਕ ਜਹਾਜ਼ਾਂ ਨੂੰ ਆਪਣੇ ਕਬਜ਼ੇ ‘ਚ ਲਿਆ ਸੀ। ਰੂਸ ਦਾ ਦੋਸ਼ ਹੈ ਕਿ ਯੂਕ੍ਰੇਨ ਦੇ ਜਹਾਜ਼ਾਂ ਨੇ ਨਜਾਇਜ਼ ਰੂਪ ‘ਚ ਉਸ ਦੀ ਜਲ ਸੀਮਾ ‘ਚ ਪ੍ਰਵੇਸ਼ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਇਹ ਕਾਰਵਾਈ ਕੀਤੀ।
ਰੂਸ ਦੀ ਫੈਡਰਲ ਸੁਰੱਖਿਆ ਸੇਵਾ (ਐੱਫ਼ਐੱਸਬੀ) ਦੇ ਮੁਤਾਬਿਕ ਯੂਕ੍ਰੇਨ ਦੀ ਨੌਸੈਨਾ ਦੇ ਬਰਦਯਾਸਕ, ਨਿਕੋਪੋਲ ਅਤੇ ਯਾਨੀ ਕਾਪੂ ਨਾਮਕ ਜਹਾਜ਼ਾਂ ਨੇ ਐਤਵਾਰ ਨੂੰ ਕਾਲਾ ਸਾਗਰ ‘ਚ ਗੈਰ ਕਾਨੂੰਨੀ ਰੂਪ ‘ਚ ਰੂਸ ਦੀ ਜਲ ਸੀਮਾ ‘ਚ ਪ੍ਰਵੇਸ਼ ਕੀਤਾ ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਜਹਾਜ਼ਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਇਸ ਘਟਨਾ ਨਾਲ ਦੋਵਾਂ ਦੇਸ਼ਾਂ ਵਿਚਾਕਰ ਪਹਿਲਾਂ ਤੋਂ ਜਾਰੀ ਤਣਾਅ ਹੋਰ ਵਧ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।