ਮੋਹਾਲੀ ਵਿਖੇ ਰਾਹੁਲ ਗਾਂਧੀ ਦੇ ਪ੍ਰੋਗਰਾਮ ‘ਚ ਹੀ ਲੈਣਗੇ ਭਾਗ
ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਬੀਅਤ ਅਜੇ ਵੀ ਨਾਸਾਜ਼ ਹੈ, ਜਿਸ ਕਾਰਨ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਸਿਵਲ ਸਕੱਤਰੇਤ ਦੀ ਥਾਂ ਬਦਲ ਕੇ ਅਮਰਿੰਦਰ ਸਿੰਘ ਨੇ ਆਪਣੀ ਕੋਠੀ ਵਿਖੇ ਰੱਖ ਲਈ ਹੈ। ਇਸ ਦੇ ਸਮੇਂ ਵਿੱਚ ਵੀ ਤਬਦੀਲੀ ਕਰਦੇ ਹੋਏ 3 ਦੀ ਥਾਂ ‘ਤੇ 3:30 ਕਰ ਦਿੱਤਾ ਗਿਆ ਹੈ। ਹਾਲਾਂਕਿ ਮੋਹਾਲੀ ਵਿਖੇ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਅਖ਼ਬਾਰ ਨਵਜੀਵਨ ਦੇ ਪੰਜਾਬ ਲਾਂਚ ਵਿੱਚ ਅਮਰਿੰਦਰ ਸਿੰਘ ਭਾਗ ਲੈ ਸਕਦੇ ਹਨ, ਕਿਉਂਕਿ ਇਸ ਪ੍ਰੋਗਰਾਮ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਖ਼ੁਦ ਆ ਰਹੇ ਹਨ, ਜਿਸ ਕਾਰਨ ਅਮਰਿੰਦਰ ਸਿੰਘ ਇਸ ਪ੍ਰੋਗਰਾਮ ਤੋਂ ਗੈਰ ਹਾਜ਼ਰ ਨਹੀਂ ਰਹਿਣਗੇ। ਖ਼ਰਾਬ ਚੱਲ ਰਹੀ ਸਿਹਤ ਨੂੰ ਦੇਖਦੇ ਹੋਏ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਪੀਜੀਆਈ ਹਸਪਤਾਲ ਵਿਖੇ ਆਪਣੇ ਕੁਝ ਟੈਸਟ ਕਰਵਾਏ। ਪਿਛਲੇ ਹਫਤੇ ਵਾਇਰਲ ਬੁਖਾਰ ਹੋਣ ਤੋਂ ਬਾਅਦ ਉਨ੍ਹਾਂ ਨੇ ਇਹ ਟੈਸਟ ਮੁੜ ਕਰਵਾਏ ਹਨ। ਪੀਜੀਆਈ ਦੇ ਡਾਕਟਰਾਂ ਅਨੁਸਾਰ ਸਾਰੇ ਟੈਸਟ ਠੀਕ ਹਨ ਤੇ ਮੁੱਖ ਮੰਤਰੀ ਨੂੰ ਵਾਇਰਲ ਬੁਖਾਰ ਦੀ ਵਜ੍ਹਾ ਕਾਰਨ ਮਾਮੂਲੀ ਜਿਹੀ ਕਮਜ਼ੋਰੀ ਹੈ। ਡਾਕਟਰਾਂ ਅਨੁਸਾਰ ਉਨ੍ਹਾਂ ਦੇ ਕੀਤੇ ਗਏ ਸਾਰੇ ਟੈਸਟ ਠੀਕ ਨਿਕਲੇ ਹਨ। ਡਾਕਟਰਾਂ ਅਨੁਸਾਰ ਮੁੱਖ ਮੰਤਰੀ ਨੂੰ 48 ਘੰਟਿਆਂ ਲਈ ਆਰਾਮ ਦੀ ਸਲਾਹ ਦਿੱਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।