1 ਦਰਜਨ ਵਿਭਾਗ ਤਿਆਰ ਕਰ ਰਹੇ ਹਨ ਨਵੀਂ ਪਾਲਿਸੀ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੀ ਸੱਤਾ ਵਿੱਚ ਕਾਬਜ਼ ਅਮਰਿੰਦਰ ਸਿੰਘ ਦੀ ਸਰਕਾਰ ਪਿਛਲੇ ਡੇਢ ਸਾਲ ਤੋਂ ‘ਪਾਲਿਸੀ ਸਰਕਾਰ’ ਬਣ ਕੇ ਰਹਿ ਗਈ ਹੈ। ਇਸ ਸਰਕਾਰ ਵਿੱਚ ਹਰ ਵਿਭਾਗ ਆਪਣੀ ਆਪਣੀ ਪਾਲਿਸੀ ਘੜਨ ਵਿੱਚ ਲੱਗਿਆ ਹੋਇਆ ਹੈ, ਜਦੋਂ ਕਿ ਪਿਛਲੇ ਡੇਢ ਸਾਲ ਤੋਂ ਜ਼ਮੀਨੀ ਪੱਧਰ ‘ਤੇ ਕੋਈ ਵੀ ਕੰਮ ਨਹੀਂ ਹੋ ਰਿਹਾ ਹੈ। ਪੰਜਾਬ ਦੀ ਜਨਤਾ ਦੇ ਵੀ ਕੰਮ ਕਰਨ ‘ਤੇ ਸਿਰਫ਼ ਇਹੋ ਹੀ ਲਾਅਰਾ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਨਵੀਂ ਪਾਲਿਸੀ ਬਣਾ ਰਹੀ ਹੈ ਅਤੇ ਪਾਲਿਸੀ ਲਾਗੂ ਹੋਣ ਤੋਂ ਬਾਅਦ ਹਰ ਕਿਸੇ ਨੂੰ ਨਾ ਸਿਰਫ਼ ਰਾਹਤ ਮਿਲੇਗੀ, ਸਗੋਂ ਆਮ ਜਨਤਾ ਦੇ ਕੰਮ ਵੀ ਹੋਣਗੇ।
ਜਾਣਕਾਰੀ ਅਨੁਸਾਰ ਪਿਛਲੇ 2017 ਦੇ ਮਾਰਚ ਦੌਰਾਨ ਸੱਤਾ ਵਿੱਚ ਕਾਬਜ਼ ਹੋਈ ਅਮਰਿੰਦਰ ਸਿੰਘ ਦੀ ਸਰਕਾਰ ਦੇ ਮੰਤਰੀਆਂ ਵੱਲੋਂ ਆਪਣੇ ਆਪਣੇ ਵਿਭਾਗਾਂ ਅਧੀਨ ਚੱਲ ਰਹੀਆਂ ਪਾਲਿਸੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨਾਕਾਮ ਪਾਲਿਸੀਆਂ ਕਰਾਰ ਦਿੰਦੇ ਹੋਏ ਨਵੀਂਆਂ ਪਾਲਿਸੀਆਂ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ। ਕੁਝ ਮਾਮਲਿਆਂ ਵਿੱਚ ਤਾਂ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਾਲਿਸੀ ਤਿਆਰ ਕਰਨ ਲਈ ਕੈਬਨਿਟ ਦੀ ਸਬ ਕਮੇਟੀ ਤੱਕ ਬਣਾ ਦਿੱਤੀ ਗਈ ਸੀ ਪਰ ਪਿਛਲੇ ਡੇਢ ਸਾਲ ਤੋਂ ਪਾਲਿਸੀ ਬਣਾਉਣ ਵਿੱਚ ਲੱਗੀ ਅਮਰਿੰਦਰ ਸਰਕਾਰ ਨਾ ਹੀ ਹੁਣ ਤੱਕ ਮੁਕੰਮਲ ਪਾਲਿਸੀ ਤਿਆਰ ਕਰ ਸਕੀ ਹੈ ਅਤੇ ਨਾ ਹੀ ਆਮ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਰਿਹਾ ਹੈ। ਉਲਟਾ ਆਮ ਲੋਕਾਂ ਦਾ ਨੁਕਸਾਨ ਇਸ ਕਰਕੇ ਜਿਆਦਾ ਹੋ ਰਿਹਾ ਕਿ ਪਿਛਲੀ ਸਰਕਾਰ ਵਿੱਚ ਬਣੀ ਪਾਲਿਸੀ ‘ਤੇ ਵੀ ਕੰਮ ਰੋਕ ਦਿੱਤਾ ਗਿਆ ਹੈ।
ਪੰਜਾਬ ਦੀ ਅਮਰਿੰਦਰ ਸਿੰਘ ਸਰਕਾਰ ਦੌਰਾਨ ਹੁਣ ਤੱਕ 1 ਦਰਜਨ ਤੋਂ ਜਿਆਦਾ ਪਾਲਿਸੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ 5 ਸਬ ਕਮੇਟੀਆਂ ਦਾ ਗਠਨ ਸਿਰਫ਼ ਪਾਲਿਸੀ ਮਾਮਲੇ ਵਿੱਚ ਹੀ ਕੀਤਾ ਗਿਆ ਹੈ।
ਕਿਹੜੀ ਕਿਹੜੀ ਤਿਆਰ ਹੋ ਰਹੀ ਐ ਪਾਲਿਸੀ
1 ਖੇਤੀਬਾੜੀ ਪਾਲਿਸੀ
2 ਇੰਡਸਟਰੀਜ਼ ਪਾਲਿਸੀ
3 ਹਾਊਸਿੰਗ ਪਾਲਿਸੀ
4 ਆਈ.ਟੀ. ਪਾਲਿਸੀ
5 ਸਿੱਖਿਆ ਪਾਲਿਸੀ
6 ਨਜਾਇਜ਼ ਉਸਾਰੀ ਮਾਮਲੇ ‘ਚ ਪਾਲਿਸੀ
7 ਮਾਈਨਿੰਗ ਪਾਲਿਸੀ
8 ਸੈਰ ਸਪਾਟਾ ਪਾਲਿਸੀ
9 ਟਰਾਂਸਪੋਰਟ ਪਾਲਿਸੀ
10 ਖੇਡ ਪਾਲਿਸੀ
11 ਵਨ ਟਾਈਮ ਸੈਟਲਮੈਂਟ ਪਾਲਿਸੀ
12 ਸਰਕਾਰੀ ਜ਼ਮੀਨ ਦੇਖ-ਰੇਖ ਪਾਲਿਸੀ
13 ਕੇਬਲ ਮਾਫ਼ੀਆ ਪਾਲਿਸੀ
ਕਿਹੜੇ ਵਿਭਾਗ ਲਈ ਬਣੀ ਸਬ ਕਮੇਟੀ
1 ਨਜਾਇਜ਼ ਉਸਾਰੀਆਂ ਲਈ
2 ਮਾਈਨਿੰਗ ਲਈ
3 ਕਿਸਾਨੀ ਮਸਲੇ ਅਤੇ ਕਰਜ਼
4 ਨਜਾਇਜ਼ ਕਲੋਨੀਆਂ ਲਈ
5 ਸਰਕਾਰੀ ਜ਼ਮੀਨਾਂ ਦੀ ਦੇਖਰੇਖ
6 ਸਿੱਖਿਆ ਲਈ