ਮੁੱਖ ਮੰਤਰੀ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸੀ.ਸੀ.ਐਲ. ਸਮੇਂ ‘ਤੇ ਹਾਸਲ ਕਰਨ ਦੇ ਦਿੱਤੇ ਨਿਰਦੇਸ਼
ਅਸ਼ਵਨੀ ਚਾਵਲਾ/ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੇ ਸੁਚਾਰੂ ਖਰੀਦ ਪ੍ਰਬੰਧਾਂ ਲਈ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਭਾਰਤ ਸਰਕਾਰ ਤੇ ਐਫ.ਸੀ.ਆਈ. ਤੋਂ ਪ੍ਰਾਪਤ ਕਰਨ ਯੋਗ ਲੇਖਿਆਂ ਨੂੰ ਜਲਦੀ ਹਾਸਲ ਕਰ ਲਿਆ ਜਾਵੇ ਤਾਂ ਜੋ ਨਗਦ ਹੱਦ ਕਰਜ਼ਾ (ਸੀ.ਸੀ.ਐਲ.) ਸਮੇਂ ‘ਤੇ ਹਾਸਲ ਹੋ ਸਕੇ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਅੱਜ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ, ਜਿਹੜੀ ਕਿ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣੀ ਹੈ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿੱਚ 29.20 ਲੱਖ ਹੈਕਟੇਅਰ ਝੋਨੇ ਹੇਠ ਰਕਬਾ ਹੈ ਅਤੇ ਇਸ ਵਾਰ 179 ਲੱਖ ਮੀਟਰਿਕ ਟਨ ਝੋਨੇ ਦੇ ਖਰੀਦ ਕਰਨ ਦਾ ਟੀਚਾ ਰੱਖਿਆ ਗਿਆ ਹੈ। 2019-20 ਦੇ ਸਾਉਣੀ ਦੇ ਸੀਜ਼ਨ ਲਈ ਕੁੱਲ 34,500 ਕਰੋੜ ਰੁਪਏ ਸੀ.ਸੀ.ਐਲ. ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਕੇਂਦਰੀ ਅਧਿਕਾਰੀਆਂ ਨਾਲ ਤਾਲਮੇਲ ਰੱਖਣ ਦੇ ਨਿਰਦੇਸ਼ ਦੇਣ ਦੇ ਨਾਲ ਕਿਹਾ ਹੈ ਕਿ ਉਨ੍ਹਾਂ ਦਾ ਵਿਭਾਗ ਜੋ ਖਰੀਦ ਪ੍ਰਬੰਧਾਂ ਲਈ ਨੋਡਲ ਏਜੰਸੀ ਹੈ, ਅਗਲੇ ਹਫਤੇ ਖਰਾਬ ਮੌਸਮ ਦੇ ਅਨੁਮਾਨ ਦੇ ਮੱਦੇਨਜ਼ਰ ਝੋਨੇ ਦੇ ਭੰਡਾਰਨ ਲਈ ਸਾਰੇ ਪ੍ਰਬੰਧਾਂ ਨੂੰ ਪੂਰਾ ਕਰਨਾ ਯਕੀਨੀ ਬਣਾਉਣ।
ਮੁੱਖ ਮੰਤਰੀ ਨੇ ਕਿਸਾਨਾਂ ਵੱਲੋਂ ਪੈਦੇ ਕੀਤੇ ਝੋਨੇ ਦੇ ਇੱਕ-ਇੱਕ ਦਾਣੇ ਨੂੰ ਮੰਡੀ ਵਿੱਚੋਂ ਚੁੱਕਣ ਦੀ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦਿਆਂ ਕਿਹਾ ਕਿ ਝੋਨੇ ਦੀ ਖਰੀਦ ਸਮੇਂ ਸਿਰ ਅਦਾਇਗੀ ਦੇ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਦਿਆਂ ਸੁਖਾਲੀ ਤੇ ਨਿਰਵਿਘਨ ਕੀਤੀ ਜਾਵੇਗੀ। ਸਾਉਣੀ ਖਰੀਦ ਸੀਜ਼ਨ 2019-20 ਦੀ ਝੋਨੇ ਦੀ ਖਰੀਦ ਨੀਤੀ ਦਾ ਹਵਾਲਾ ਦਿੰਦਿਆਂ ਮੀਟਿੰਗ ਵਿੱਚ ਦੱਸਿਆ ਕਿ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਝੋਨੇ ਦੀ ਪ੍ਰਾਸੈਸਿੰਗ ਲਈ ਪਹਿਲਾਂ ਹੀ ‘ਦਾ ਪੰਜਾਬ ਕਸਟਮ ਮਿਲਿੰਗ ਪਾਲਿਸੀ ਫਾਰ ਪੈਡੀ (ਸਾਉਣੀ 2019-20) ਜਾਰੀ ਕਰ ਦਿੱਤੀ ਗਈ ਹੈ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਝੋਨੇ ਦੇ ਭੰਡਾਰਨ ਲਈ ਲੋੜੀਂਦੀਆਂ ਤਰਪਾਲਾਂ ਦੇ ਪ੍ਰਬੰਧ ਸਮਾਂਬੱਧ ਕਰ ਲਏ ਜਾਣਗੇ। ਪੰਜਾਬ ਮੰਡੀ ਬੋਰਡ ਵੱਲੋਂ 1734 ਖਰੀਦ ਕੇਂਦਰ ਨੋਟੀਫਾਈ ਕੀਤੇ ਗਏ ਹਨ ਅਤੇ ਸਾਉਣੀ ਦੀ ਖਰੀਦ ਸੀਜ਼ਨ 2019-20 ਦੀ ਸ਼ੁਰੂਆਤ ਤੋਂ ਪਹਿਲਾਂ ਇਨ੍ਹਾਂ ਕੇਂਦਰਾਂ ਦੀ ਖਰੀਦ ਏਜੰਸੀਆਂ ਨੂੰ ਵੰਡ ਕਰ ਦਿੱਤੀ ਜਾਵੇਗੀ। ਐਫ.ਸੀ.ਆਈ. ਬਾਰਦਾਨੇ, ਨਗਦ ਉਧਾਰ, ਸਟਾਕ ਅਤੇ ਸਟੋਰੇਜ਼ ਲਈ ਥਾਂ ਦੇ ਆਪਣੇ ਪ੍ਰਬੰਧ ਕਰਦਾ ਹੈ। ਭਾਰਤ ਸਰਕਾਰ ਨੇ ਇਸ ਸੀਜ਼ਨ ਦੌਰਾਨ ਗਰੇਡ ‘ਏ’ ਝੋਨੇ ਲਈ 1835 ਰੁਪਏ ਪ੍ਰਤੀ ਕੁਇੰਟਲ ਅਤੇ ਝੋਨੇ ਦੀਆਂ ਆਮ ਕਿਸਮਾਂ ਲਈ 1815 ਰੁਪਏ ਪ੍ਰਤੀ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਹੈ। ਐਫ.ਸੀ.ਆਈ. ਤੋਂ ਇਲਾਵਾ ਸੂਬੇ ਦੀਆਂ ਚਾਰ ਖਰੀਦ ਏਜੰਸੀਆਂ ਪਨਗਰੇਨ, ਮਾਰਕਫੈਡ, ਪਨਸਪ ਤੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਭਾਰਤ ਸਰਕਾਰ ਵੱਲੋਂ ਤੈਅ ਕੀਤੇ ਮਾਪਦੰਡਾਂ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ‘ਤੇ ਝੋਨੇ ਦੀ ਖਰੀਦ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।