ਅਮਰਿੰਦਰ ਨੇ ਕੀਤਾ ਸਖ਼ਤ ਕਾਰਵਾਈ ਦਾ ਵਾਅਦਾ
- ਪਿਛਲੇ 2 ਦਿਨਾਂ ਤੋਂ ਦਫਤਰ ਨਹੀਂ ਆ ਰਹੇ ਸਨ ਸੁਰੇਸ਼ ਕੁਮਾਰ
ਅਸ਼ਵਨੀ ਚਾਵਲਾ, ਚੰਡੀਗੜ: ਆਖ਼ਰਕਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਭਰੋਸੇਮੰਦ ਅਧਿਕਾਰੀ ਅਤੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੂੰ ਮਨਾਉਣ ਵਿੱਚ ਕਾਮਯਾਬ ਹੋ ਗਏ ਹਨ, ਜਿਸ ਤੋਂ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਹੀ ਸੁਰੇਸ਼ ਕੁਮਾਰ ਵੱਲੋਂ ਆਪਣਾ ਦਫ਼ਤਰ ਮੁੜ ਤੋਂ ਸੰਭਾਲ ਲਿਆ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਲੰਚ ਮੀਟਿੰਗ ‘ਤੇ ਸੁਰੇਸ਼ ਕੁਮਾਰ ਨੂੰ ਵਾਅਦਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਰਚੀ ਗਈ ਸਾਜ਼ਿਸ ਦਾ ਪਰਦਾਫ਼ਾਸ਼ ਕਰਦੇ ਹੋਏ ਉਨ੍ਹਾਂ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਪ੍ਰਭਾਵ ਖਤਮ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਅਹਿਮ ਅਹੁਦੇ ਤੋਂ ਰੁਖ਼ਸਤ ਤੱਕ ਕੀਤਾ ਜਾਵੇਗਾ।
ਲੰਚ ਮੀਟਿੰਗ ਵਿੱਚ ਅਮਰਿੰਦਰ ਸਿੰਘ ਨੇ ਕੀਤੀ ਸੁਰੇਸ਼ ਕੁਮਾਰ ਨਾਲ ਅੱਧਾ ਘੰਟਾ ਗੱਲਬਾਤ
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸੁਰੇਸ਼ ਕੁਮਾਰ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁਹਾਲੀ ਦੇ ਇੱਕ ਵਕੀਲ ਵੱਲੋਂ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜਦੇ ਹੋਏ ਸੁਰੇਸ਼ ਕੁਮਾਰ ਨੇ ਦਫ਼ਤਰ ਆਉਣਾ ਹੀ ਬੰਦ ਕਰ ਦਿੱਤਾ ਸੀ। ਇਨ੍ਹਾਂ ਦੋ ਦਿਨਾਂ ਦੀ ਕਾਫ਼ੀ ਜ਼ਿਆਦਾ ਗਰਮੀ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੁਰੇਸ਼ ਕੁਮਾਰ ਨਾਲ ਸ਼ੁੱਕਰਵਾਰ ਸਵੇਰੇ ਫੋਨ ‘ਤੇ ਗੱਲਬਾਤ ਕਰਦੇ ਹੋਏ 11 ਵਜੇ ਤੋਂ ਬਾਅਦ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਹਿ ਦਿੱਤਾ ਪਰ ਸੁਰੇਸ਼ ਕੁਮਾਰ ਨਹੀਂ ਪੁੱਜੇ ਤਾਂ ਮੁੱਖ ਮੰਤਰੀ ਵੱਲੋਂ ਸੁਰੇਸ਼ ਕੁਮਾਰ ਨੂੰ ਮੁੜ ਤੋਂ ਫੋਨ ਕਰਦੇ ਹੋਏ ਲੰਚ ਮੀਟਿੰਗ ‘ਤੇ ਸੱਦ ਲਿਆ, ਜਿੱਥੇ ਕਾਫ਼ੀ ਲੰਬੀ ਮੀਟਿੰਗ ਤੋਂ ਬਾਅਦ ਸੁਰੇਸ਼ ਕੁਮਾਰ ਵੱਲੋਂ ਉਨ੍ਹਾਂ ਖ਼ਿਲਾਫ਼ ਸਾਜਿਸ਼ ਰਚਣ ਵਾਲੇ ਬਾਰੇ ਜਾਣਕਾਰੀ ਦਿੱਤੀ।
ਜਿਸ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖ਼ਾਸੀ ਨਰਾਜ਼ਗੀ ਜਾਹਿਰ ਕੀਤੀ ਕਿ ਲੰਬੇ ਸਮੇਂ ਤੋਂ ਬਾਅਦ ਕਾਂਗਰਸ ਸੱਤਾ ਵਿੱਚ ਆਈ ਹੈ ਅਤੇ ਇਸ ਦੌਰਾਨ ਵੀ ਉਨ੍ਹਾਂ ਦੇ ਹੀ ਖ਼ਾਸ ਅਧਿਕਾਰੀ ਇਸ ਤਰ੍ਹਾਂ ਦਾ ਕਾਰਨਾਮਾ ਕਰਦੇ ਹੋਏ ਸੁਰੇਸ਼ ਕੁਮਾਰ ਖ਼ਿਲਾਫ਼ ਸਾਜਿਸ ਰਚ ਰਹੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੁਰੇਸ਼ ਕੁਮਾਰ ਨੂੰ ਸ਼ਾਂਤ ਕਰਦੇ ਹੋਏ ਵਾਅਦਾ ਕੀਤਾ ਕਿ ਹੁਣ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇਗੀ ਅਤੇ ਇਹ ਕਾਰਵਾਈ ਕਿਵੇਂ ਕਰਨੀ ਹੈ, ਉਹ ਖ਼ੁਦ ਦੇਖਣਗੇ।
ਜਿਸ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਸੁਰੇਸ਼ ਕੁਮਾਰ ਨੂੰ ਆਪਣੀ ਗੱਡੀ ਵਿੱਚ ਹੀ ਲੈ ਕੇ ਸਕੱਤਰੇਤ ਵਿਖੇ ਪੁੱਜੇ ਜਿੱਥੇ ਕਿ ਦੋ ਮੀਟਿੰਗਾਂ ਕਰਨ ਤੋਂ ਬਾਅਦ ਅਮਰਿੰਦਰ ਸਿੰਘ ਨੇ ਕੈਬਨਿਟ ਮੀਟਿੰਗ ਵੀ ਕੀਤੀ। ਇਸ ਦੌਰਾਨ ਸੁਰੇਸ਼ ਕੁਮਾਰ ਉਨ੍ਹਾਂ ਨਾਲ ਹੀ ਰਹੇ ਅਤੇ ਉਨ੍ਹਾਂ ਨੇ ਮੁੜ ਤੋਂ ਦਫ਼ਤਰ ਜੁਆਇਨ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।