ਰਿਸ਼ਵਤ ਲੈਂਦਾ ਮਾਲ ਪਟਵਾਰੀ ਤੇ ਸਹਾਇਕ ਕਾਬੂ

Vigilance Bureau, Punjab, Bribe, Farmer, Patwari, Assistant Officer

ਕਿਸਾਨ ਨੇ ਵਿਜੀਲੈਂਸ ਪੁਲਿਸ ਕੋਲ ਕੀਤੀ ਸੀ ਸ਼ਿਕਾਇਤ

ਅਸ਼ੋਕ ਗਰਗ, ਬਠਿੰਡਾ: ਵਿਜੀਲੈਂਸ ਟੀਮ ਵੱਲੋਂ ਪਿੰਡ ਕੌਰ ਸਿੰਘ ਵਾਲਾ ਦੇ ਇੱਕ ਕਿਸਾਨ ਦੀ ਜ਼ਮੀਨ ਗਿਰਦਾਵਰੀ ਦੀ ਨਕਲ ਦੇਣ ਬਦਲੇ ਰਿਸ਼ਵਤ ਲੈਣ ਵਾਲੇ ਮਾਲ ਪਟਵਾਰੀ ਤੇ ਉਸ ਦੇ ਸਹਾਇਕ ਨੂੰ ਰਿਸ਼ਵਤ ਦੀ ਰਾਸ਼ੀ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪੰਜਾਬ ਯੂਨਿਟ ਫਰੀਦਕੋਟ ਬਠਿੰਡਾ ਦੇ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਪਿੰਡ ਕੌਰ ਸਿੰਘ ਵਾਲਾ ਦਾ ਕਿਸਾਨ ਜਗਤਾਰ ਸਿੰਘ ਪੁੱਤਰ ਸੁਰਜੀਤ ਸਿੰਘ ਆਪਣੀ ਜ਼ਮੀਨ ਦੀ ਗਿਰਦਾਵਰੀ ਦੀ ਨਕਲ ਲੈਣ ਲਈ ਮਾਲ ਪਟਵਾਰੀ ਬਲਦੇਵ ਸਿੰਘ ਹਲਕਾ ਆਕਲੀਆ ਜਲਾਲ ਕੋਲ ਗਿਆ ਸੀ ਜਿਸ ਨੇ ਉਸ ਤੋਂ  ਰਿਸ਼ਵਤ ਵਜੋਂ 3 ਹਜਾਰ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਕਿਸਾਨ ਨੇ ਵਿਜੀਲੈਂਸ ਪੁਲਿਸ ਕੋਲ ਸ਼ਿਕਾਇਤ ਕੀਤੀ।

ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਅੱਜ ਵਿਜੀਲੈਂਸ ਟੀਮ ਨੇ ਪਟਵਾਰੀ ਬਲਦੇਵ ਸਿੰਘ ਅਤੇ ਉਸ ਦੇ ਰੱਖੇ ਹੋਏ ਸਹਾਇਕ ਜਗਸੀਰ ਸਿੰਘ ਵਾਸੀ ਨਾਥਪੁਰਾ ਜ਼ਿਲ੍ਹਾ ਬਠਿੰਡਾ ਨੂੰ 3 ਹਜਾਰ ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਹੋਏ ਰੰਗੇ ਹੱਥੀ ਕਾਬੂ ਕੀਤਾ। ਇਸ ਸਮੇਂ ਵਿਜੀਲੈਂਸ ਟੀਮ ਨਾਲ ਸਰਕਾਰੀ ਗਵਾਹ ਵਜੋਂ ਡਾ.ਗੁਰਵਿੰਦਰ ਸਿੰਘ ਵੈਟਨਰੀ ਹਸਪਤਾਲ ਰਾਮਾਂ ਮੰਡੀ ਅਤੇ ਡਾ. ਅਨਿਲ ਨਾਮਾ ਵੈਟਨਰੀ ਹਸਪਤਾਲ ਝੰਡੂਕੇ ਸ਼ਾਮਲ ਸਨ। ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਪਟਵਾਰੀ ਤੇ ਸਹਾਇਕ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਪੁਲਿਸ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।