ਕਿਹਾ,ਨਵਜੋਤ ਸਿੱਧੂ ਦੇ ਮਾਮਲੇ ਵਿੱਚ ਅਕਾਲੀ ਪਾਸੇ ਹੀ ਰਹਿਣ | Amarinder Singh
ਚੰਡੀਗੜ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਕੈਪਟਨ ਅਮਰਿੰਦਰ (Amarinder Singh) ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੱਤਭੇਦਾਂ ਦੀਆਂ ਰਿਪੋਰਟਾਂ ਨੂੰ ਮੀਡੀਆ ਦੀ ਉਪਜ ਦੱਸਦਿਆਂ ਰੱਦ ਕੀਤਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਨਵਜੋਤ ਸਿੱਧੂ ਕੇਸ ਨਾਲ ਅਕਾਲੀਆਂ ਦਾ ਕੋਈ ਲੈਣਾ-ਦੇਣਾ ਨਹੀਂ ਅਤੇ ਉਨ੍ਹਾਂ ਨੂੰ ਇਸ ਤੋਂ ਪਾਸੇ ਰਹਿਣਾ ਚਾਹੀਦਾ ਹੈ। ਅੱਜ ਇੱਥੇ 9 ਨਵੀਆਂ ਐਂਬੂਲੈਂਸਾਂ ਦੀ ਫਲੀਟ ਨੂੰ ਝੰਡੀ ਦੇ ਕੇ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਵਿੱਚ ਮੁੱਖ ਮੰਤਰੀ ਨੇ ਸੰਸਦ ਮੈਂਬਰ ਅਬਿੰਕਾ ਸੋਨੀ ਵੱਲੋਂ ‘ਸੰਸਦ ਮੈਂਬਰ ਸਥਾਨਕ ਏਰੀਆ ਵਿਕਾਸ ਸਕੀਮ’ ਤਹਿਤ ਫੰਡਾਂ ਵਿੱਚੋਂ ਇਹ ਐਂਬੂਲੈਂਸਾਂ ਖਰੀਦਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਬਾਕੀ ਸੰਸਦ ਮੈਂਬਰਾਂ ਨੂੰ ਵੀ ਇਹ ਉੱਦਮ ਸ਼ੁਰੂ ਕਰਨ ਦੀ ਅਪੀਲ ਕੀਤੀ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਦਰਮਿਆਨ ਕੋਈ ਸਮੱਸਿਆ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਮੀਡੀਆ ਦੀ ਉਪਜ ਦੱਸਿਆ, ਜਿਸ ਨੇ ਬਿਨਾਂ ਵਜਾ ਗੱਲ ਰਾਈ ਦਾ ਪਹਾੜ ਬਣਾ ਦਿੱਤਾ ਜਦਕਿ ਜਾਖੜ ਨੇ ਉਨ੍ਹਾਂ ਨੂੰ ਇਸ ਕਰਕੇ ਮਿਲੇ ਬਿਨਾਂ ਚਲੇ ਗਏ ਕਿਉਂਕਿ ਉਨ੍ਹਾਂ ਨੇ ਕਿਸੇ ਹੋਰ ਥਾਂ ਜਾਣਾ ਸੀ।
ਇਹ ਵੀ ਪੜ੍ਹੋ : ਮੀਂਹ ਪੈਣ ਨਾਲ ਮਹਾਂਨਗਰ ਦਾ ਮੌਸਮ ਹੋਇਆ ਸੁਹਵਣਾ
ਕੈਪਟਨ ਅਮਰਿੰਦਰ ਸਿੰਘ ਨੇ ਸੜਕ ‘ਤੇ ਹੋਏ ਝਗੜੇ ਸਬੰਧੀ ਸੁਪਰੀਮ ਕੋਰਟ ਵਿੱਚ ਹੋ ਰਹੀ ਸੁਣਵਾਈ ਦੇ ਮੁੱਦੇ ‘ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਵੱਲੋਂ ਅਸਤੀਫਾ ਦੇਣ ਦੀ ਲੋੜ ਨੂੰ ਇਕ ਵਾਰ ਫੇਰ ਰੱਦ ਕਰਦਿਆਂ ਕਿਹਾ ਕਿ ਇਹ ਸਥਿਤੀ ਸ੍ਰੀ ਸਿੱਧੂ ਦੇ ਅਸਤੀਫੇ ਦੀ ਮੰਗ ਨਹੀਂ ਕਰਦੀ। ਸਿੱਧੂ ਦਾ ਅਸਤੀਫਾ ਮੰਗ ਰਹੇ ਅਕਾਲੀਆਂ ‘ਤੇ ਵਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਸ ਮੁੱਦੇ ਤੋਂ ਪਾਸੇ ਰਹਿਣ ਲਈ ਆਖਿਆ ਜਿਸ ਨਾਲ ਉਨ੍ਹਾਂ ਦਾ ਰੱਤੀ ਭਰ ਵੀ ਸਬੰਧ ਨਹੀਂ ਹੈ। ਫਗਵਾੜਾ ਵਿੱਚ ਹੋਈ ਝੜਪ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਅੰਬੇਦਕਰ ਜੈਅੰਤੀ ਮੌਕੇ ਹਿੰਸਾ ਲਈ ਜ਼ਿੰਮੇਵਾਰ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ ਅਤੇ ਬਾਕੀਆਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। (Amarinder Singh)
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਉਨ੍ਹਾਂ ਦੀ ਸਰਕਾਰ ਕਿਸੇ ਨੂੰ ਵੀ ਸੂਬੇ ਦੀ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਿਸੇ ਕਿਸਮ ਦੀ ਗੜਬੜ ਕਰਨ ਵਾਲੇ ਤੱਤਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਐਂਬੂਲੈਂਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਚੀਨ ਦੀ ਇੱਕ ਕੰਪਨੀ ਨੇ ਮੁਹਾਲੀ ਵਿੱਚ ਮੋਬਾਈਲ ਹੈਂਡਸੈੱਟ ਬਣਾਉਣ ਦਾ ਯੂਨਿਟ ਸਥਾਪਤ ਕਰਨ ਲਈ ਦਿਲਚਸਪੀ ਜ਼ਾਹਰ ਕੀਤੀ ਹੈ ਅਤੇ ਮੁਹਾਲੀ ਇਸ ਵੇਲੇ ਸਨਅਤ ਅਤੇ ਸੂਚਨਾ ਤਕਨਾਲੋਜੀ ਦਾ ਧੁਰਾ ਬਣ ਕੇ ਉੱਭਰਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਇਸ ਵੇਲੇ ਨਾ ਸਿਰਫ ਦੇਸ਼ ਵਿੱਚੋਂ ਸਗੋਂ ਦੁਨੀਆਂ ਦੇ ਹੋਰ ਹਿੱਸਿਆਂ ਵਿੱਚੋਂ ਵੀ ਸਨਅਤਕਾਰਾਂ ਅਤੇ ਨਿਵੇਸ਼ਕਾਂ ਪਾਸੋਂ ਸਰਕਾਰ ਨੂੰ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ।