ਅਮਰਿੰਦਰ ਸਰਕਾਰ 36 ਮਹੀਨਿਆਂ ਦੀ ਪ੍ਰਾਹੁਣੀ

Amarinder, Sarkar, Visits, 36 Months

ਸਾਬਕਾ ਮੰਤਰੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਅਮਰਿੰਦਰ ਸਰਕਾਰ ‘ਤੇ ਹਮਲਾ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਸਿਰਫ਼ 36 ਮਹੀਨਿਆਂ ਦੀ ਪ੍ਰਾਹੁਣੀ ਰਹਿ ਗਈ ਹੈ ਅਤੇ ਇਸ ਸਰਕਾਰ ਵਿੱਚ ਕੋਈ ਵੀ ਕਿਸੇ ਦੀ ਨਹੀਂ ਸੁਣਦਾ। ਉਨ੍ਹਾਂ ਦੇ ਮੰਤਰੀ ਰਹਿੰਦੇ ਹੋਏ, ਜਿਸ ਛੋਟੇ ਅਹੁਦੇ ‘ਤੇ ਬਿਰਾਜਮਾਨ ਪੁਲਿਸ ਅਧਿਕਾਰੀ ਦੀ ਸ਼ਿਕਾਇਤ ਉਨ੍ਹਾਂ ਨੇ ਕੀਤੀ ਸੀ, ਉਸ ਖ਼ਿਲਾਫ਼ ਅੱਜ ਤੱਕ ਕਾਰਵਾਈ ਨਹੀਂ ਹੋਈ ਹੈ। ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਲਤ ਕੋਈ ਹੋਰ ਨਹੀਂ ਸਗੋਂ ਪੁਲਿਸ ਦੇ ਹੀ ਕੁਝ ਅਧਿਕਾਰੀ ਲਗਾਉਣ ਵਿੱਚ ਲੱਗੇ ਹੋਏ ਹਨ। ਇਹ ਤਿੱਖਾ ਹਮਲਾ ਕਿਸੇ ਵਿਰੋਧੀ ਧਿਰ ਦੇ ਲੀਡਰ ਨੇ ਨਹੀਂ ਸਗੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹੀ ਖ਼ਾਸ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤਾ ਹੈ।

ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਦੇ ਕੁਝ ਅਧਿਕਾਰੀ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰਨ ਵਿੱਚ ਲੱਗੇ ਹੋਏ ਹਨ। ਪੁਲਿਸ ਕਰਮਚਾਰੀਆਂ ਖ਼ਿਲਾਫ਼ ਲਗਾਤਾਰ ਸ਼ਿਕਾਇਤ ਆ ਰਹੀ ਹੈ ਕਿ ਉਹ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਦੇ ਹੋਏ ਇਸ ਮਾੜੀ ਲਤ ਵਿੱਚ ਫਸਾ ਰਹੇ ਹਨ ਪਰ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਕੋਈ ਸੁਣਵਾਈ ਨਹੀਂ ਹੋ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੇ ਕੋਈ ਨਹੀਂ ਸੁਣਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਕ ਏ.ਐਸ.ਆਈ. ਦੀ ਸ਼ਿਕਾਇਤ ਕੀਤੀ ਸੀ, ਜਿਹੜਾ ਕਿ ਹੁਣ ਸੁਲਤਾਨ ਪੁਰ ਲੋਧੀ ਵਿਖੇ ਬਤੌਰ ਥਾਣਾ ਇੰਚਾਰਜ ਲੱਗਿਆ ਹੋਇਆ ਹੈ ਪਰ ਅੱਜ ਤੱਕ ਉਸ ਖ਼ਿਲਾਫ਼ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਉਕਤ ਪੁਲਿਸ ਅਧਿਕਾਰੀ ਨੇ ਹੀ ਉਨ੍ਹਾਂ ਦੇ ਹਲਕੇ ਦੇ ਨੌਜਵਾਨਾਂ ਨੂੰ ਨਸ਼ਾ ਕਰਨ ਲਗਾਇਆ ਸੀ। ਰਾਣਾ ਗੁਰਜੀਤ ਸਿੰਘ ਨੇ ਆਪਣੀ ਹੀ ਸਰਕਾਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਇਸ ਸਰਕਾਰ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਇਹ ਸਰਕਾਰ ਸਿਰਫ਼ 36 ਮਹੀਨਿਆਂ ਦੀ ਮਹਿਮਾਨ ਰਹਿ ਗਈ ਹੈ।