ਪੰਜਾਬ ‘ਚ ਮਾਫ਼ੀਆਂ ਅੱਗੇ ਫੇਲ ਅਮਰਿੰਦਰ ਸਰਕਾਰ, 3 ਸਾਲਾਂ ‘ਚ ਇੱਕ ਵੀ ਮਾਫ਼ੀਆ ਮੁਕਤ ਨਹੀਂ ਹੋਇਆ ਪੰਜਾਬ

ਸੱਤਾ ਵਿੱਚ ਆਉਣ ਤੋਂ ਪਹਿਲਾਂ 6 ਮਾਫ਼ੀਆ ਅਤੇ 5 ਸਕੈਂਡਲ ਪਰਦਾਫ਼ਾਸ ਕਰਨ ਦਾ ਕੀਤਾ ਸੀ ਐਲਾਨ

ਰੇਤ ਬਜਰੀ ਤੋਂ ਲੈ ਕੇ ਜ਼ਮੀਨ ਮਾਫ਼ੀਆ ਸਣੇ ਸ਼ਰਾਬ ਮਾਫ਼ੀਆ ਬਣਾਇਆ ਹੋਇਆ ਪੰਜਾਬ ‘ਚ ਸਰਤਾਜ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਮਾਫ਼ੀਆ ਅੱਗੇ ਫੇਲ ਸਾਬਤ ਹੋ ਗਈ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ 6 ਮਾਫ਼ੀਆ ਅਤੇ 5 ਸਕੈਂਡਲ ਦਾ ਪਰਦਾਫ਼ਾਸ ਕਰਨ ਦਾ ਐਲਾਨ ਕਾਂਗਰਸ ਨੇ ਕੀਤਾ ਸੀ ਪਰ ਇਨਾਂ ਵਿੱਚੋਂ ਇੱਕ ਵੀ ਮਾਫ਼ੀਆ ਨੂੰ ਪੰਜਾਬ ਤੋਂ ਬਾਹਰ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ 5 ਸਕੈਂਡਲ ਦਾ ਪਰਦਾਫ਼ਾਸ ਕੀਤਾ ਗਿਆ ਹੈ। ਕਾਂਗਰਸ ਸਰਕਾਰ ਦੀ ਇਸੇ ਨਾਕਾਮੀ ਦੇ ਚਲਦੇ ਕਾਂਗਰਸ ਦੇ ਹੀ ਕਈ ਵਿਧਾਇਕ ਅਤੇ ਖ਼ੁਦ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਕਈ ਵਾਰ ਸਰੇਆਮ ਬੋਲਦੇ ਹੋਏ ਵਿਰੋਧ ਤੱਕ ਕਰਦੇ ਨਜ਼ਰ ਆਏ ਹਨ। ਜਦੋਂ ਕਿ ਵਿਰੋਧੀ ਪਾਰਟੀਆਂ ਤਾਂ ਸਿੱਧੇ ਤੌਰ ‘ਤੇ ਕਾਂਗਰਸ ਪਾਰਟੀ ਉੱਤੇ ਦੋਸ਼ ਲਗਾ ਰਹੀਆਂ ਹਨ ਕਿ ਕਾਂਗਰਸ ਨੇ ਮਾਫ਼ੀਆ ਨੂੰ ਟੇਕ ਓਵਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਦੇ ਅੰਦਰ ਅਤੇ ਵਿਧਾਨ ਸਭਾ ਤੋਂ ਬਾਹਰ ਲਗਾਤਾਰ 10 ਸਾਲ ਤੱਕ ਸੱਤਾ ਧਿਰ ਅਕਾਲੀ-ਭਾਜਪਾ ‘ਤੇ ਹਮੇਸ਼ਾ ਹੀ ਇਹ ਦੋਸ਼ ਲਗਾਇਆ ਹੈ ਕਿ ਉਨਾਂ ਵਲੋਂ ਪੰਜਾਬ ਵਿੱਚ ਕਥਿਤ ਮਾਫ਼ੀਆ ਰਾਜ ਚਲਾਇਆ ਜਾ ਰਿਹਾ ਹੈ ਅਤੇ ਸਰਕਾਰ ਦੀ ਸਰਪ੍ਰਸਤੀ ਹੇਠ ਚਲ ਰਹੇ ਇਸ ਮਾਫ਼ੀਆ ਰਾਜ ਵਿੱਚ ਅਕਾਲੀ-ਭਾਜਪਾ ਦੇ ਲੀਡਰਾਂ ਨੂੰ ਮੋਟੀ ਕਮਾਈ ਹੋ ਰਹੀਂ ਹੈ। ਅਤੇ ਸਾਲ 2016 ਵਿੱਚ ਪੇਸ਼ ਕੀਤੇ ਗਏ ਚੋਣ ਮਨੋਰਥ ਪੱਤਰ ਵਿੱਚ ਕਾਂਗਰਸ ਪਾਰਟੀ ਵਲੋਂ 6 ਮਾਫ਼ੀਆ ਰਾਜ ਅਤੇ 5 ਸਕੈਂਡਲ ਦਾ ਦੋਸ਼ ਲਗਾਉਂਦੇ ਹੋਏ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਇਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਕਾਂਗਰਸ ਪਾਰਟੀ ਇਸ ਮਾਮਲੇ ਵਿੱਚ ਪਿਛਲੇ ਤਿੰਨ ਸਾਲਾ ਦੌਰਾਨ ਕੁਝ ਵੀ ਨਹੀਂ ਕਰ ਸਕੀ ਹੈ।

ਚੋਣ ਮਨੋਰਥ ਪੱਤਰ ਵਿੱਚ ਇਹ ਕੀਤਾ ਗਿਆ ਸੀ ਵਾਅਦਾ

ਰੇਤਾ-ਬੱਜਰੀ ਮਾਫ਼ੀਆ : ਰੇਤ ਬਜਰੀ ਵਿੱਚ ਪੰਜਾਬੀਆਂ ਦੀ ਕੀਤੀ ਗਈ ਲੁੱਟ ਦਾ ਇਹ ਹਾਲ ਹੈ ਕਿ ਰੇਤ ਦੀ ਕੀਮਤ

ਕਣਕ ਦੇ ਰੇਟ ਨਾਲ ਵੱਧ ਹੈ, ਇਸ ਨੂੰ ਖ਼ਤਮ ਕੀਤਾ ਜਾਏਗਾ।

ਨਤੀਜਾ  : ਜ਼ੀਰੋ

ਜ਼ਮੀਨ ਮਾਫ਼ੀਆ :   ਅਨੇਕਾਂ ਸਰਕਾਰੀ ਤੇ ਜਨਤਕ ਜਾਇਦਾਦਾਂ ਅਕਾਲੀ-ਭਾਜਪਾ ਸਰਕਾਰ ਨੇ ਰਸ਼ੂਖਦਾਰ ਮੰਤਰੀਆਂ
ਅਤੇ ਉਨਾਂ ਦੇ ਰਿਸ਼ਤੇਦਾਰਾਂ ਨੂੰ ਕੌਡੀਆਂ ਦੇ ਭਾਅ ਵੇਚ ਦਿੱਤੀਆਂ ਹਨ।
ਨਤੀਜਾ  : ਜ਼ੀਰੋ

ਕੇਬਲ ਟੀਵੀ ਮਾਫ਼ੀਆ  : ਬਾਦਲਾ ਦੇ ਕੰਟਰੋਲ ਵਿੱਚ ਟੀਵੀ ਅਤੇ ਕੇਬਲ ਮਾਫ਼ੀਆ ਨੇ ਪੰਜਾਬ ਵਿੱਚ ਭਰਮ
ਪੈਦਾ ਕੀਤਾ ਹੋਇਆ ਹੈ ਅਤੇ ਇਨਾਂ ਵਲੋਂ ਨਵੇਂ ਚੈਨਲਾਂ ਨੂੰ ਨਹੀਂ ਆਉਣ ਦਿੱਤਾ ਜਾਂਦਾ।

ਨਤੀਜਾ  : ਜ਼ੀਰੋ

ਟਰਾਂਸਪੋਰਟ ਮਾਫ਼ੀਆ : ਸੂਬੇ ਦੇ ਸਾਰੇ ਟਰਾਂਸਪੋਰਟ ਢਾਂਚੇ ਉੱਤੇ ਤਕਰੀਬਨ ਅਕਾਲੀ ਦਲ ਦੇ ਆਗੂਆਂ
ਅਤੇ ਉਨਾਂ ਦੇ ਰਿਸ਼ਤੇਦਾਰਾਂ ਦਾ ਕਬਜ਼ਾ ਹੈ। ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਨੂੰ ਪੈਂਦੇ ਘਾਟਿਆਂ ਦੀ ਕੀਮਤ ‘ਤੇ ਵੱਡਾ ਮੁਨਾਫ਼ਾ ਇਹ ਕਮਾ ਰਹੇ ਹਨ।

ਨਤੀਜਾ  : ਜ਼ੀਰੋ

ਲਾਟਰੀ ਮਾਫ਼ੀਆ : ਲਾਟਰੀ ਰਾਹੀਂ ਅਕਾਲੀ-ਭਾਜਪਾ ਨੇ ਆਪਣੇ ਚਹੇਤਿਆਂ ਨੂੰ ਲੋਕਾਂ ਦੀ ਲੁੱਟ ਕਰਨ ਦਾ ਅਧਿਕਾਰੀ ਦਿੱਤਾ ਹੋਇਆ ਹੈ
ਨਤੀਜਾ  : ਜ਼ੀਰੋ

ਅਨਾਜ ਸਕੈਂਡਲ  : ਕੈਗ ਨੇ ਗੁਦਾਮਾਂ ਵਿੱਚੋਂ 12 ਹਜ਼ਾਰ ਕਰੋੜ ਰੁਪਏ ਦਾ ਅਨਾਜ ਗਾਇਬ ਹੋਣ ਸਬੰਧੀ ਰਿਪੋਰਟ ਕੀਤੀ ਸੀ।

ਨਤੀਜਾ  : ਜ਼ੀਰੋ

ਸਫ਼ਾਈ ਸਕੈਂਡਲ : ਮੁਹਾਲੀ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਬਠਿੰਡਾ ਵਰਗੇ ਵੱਡੇ ਸ਼ਹਿਰਾਂ ਦੀ ਸਫਾਈ ਦੇ ਠੇਕੇ ਅਕਾਲੀ ਦਲ ਦੇ ਲੀਡਰਾਂ ਨੂੰ ਦਿੱਤੇ ਹੋਏ ਹਨ।

ਨਤੀਜਾ  : ਜ਼ੀਰੋ

ਮਕਾਨ ਉਸਾਰੀ ਸਕੈਂਡਲ : ਹਾਉਸਫੈਡ ਨੇ ਬਨੂੜ ਵਿਖੇ ਬਣੇ ਆਪਣੇ ਹਾਊਸਿੰਗ ਪ੍ਰਾਜੈਕਟ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ 237 ਕਰੋੜ ਰੁਪਏ ਵਿੱਚ ਦਿੱਤਾ ਸੀ, ਜਦੋਂ ਕਿ ਇਹ ਕੰਮ 150 ਕਰੋੜ ਰੁਪਏ ਦਾ ਹੀ ਸੀ। ਅਕਾਲੀਆਂ ਨੇ ਕਥਿਤ ਤੌਰ ‘ਤੇ 87 ਕਰੋੜ ਦਾ ਘਪਲਾ ਕੀਤਾ।
ਨਤੀਜਾ  : ਜ਼ੀਰੋ

ਸਿੱਖਿਆ ਸਕੈਂਡਲ : ਪ੍ਰਾਈਵੇਟ ਖੇਤਰ ਦੇ ਮੈਡੀਕਲ ਅਤੇ ਨਰਸਿੰਗ ਕਾਲਜਾਂ ਦੇ ਮਾਲਕਾਂ ਤੋਂ ਪੈਸੇ ਲੈ ਕੇ ਇਨਾਂ ਦੀਆਂ ਫੀਸਾਂ ਐਨੀਆਂ ਵਧਾ ਦਿੱਤੀਆਂ ਹਨ ਕਿ ਸਿੱਖਿਆ ਆਮ ਆਦਮੀ ਦੀ ਵਸ ਤੋਂ ਬਾਹਰ ਚਲੀ ਗਈ ਹੈ। ਇਨਾਂ ਨੂੰ ਕੰਟਰੋਲ ਕੀਤਾ ਜਾਏਗਾ।
ਨਤੀਜਾ  : ਜ਼ੀਰੋ

ਕਿਸਾਨਾਂ ਨਾਲ ਧੋਖਾ :  ਬੀਤੇ ਸਮੇਂ ਅਤੇ ਕੀੜੇਮਾਰ ਦਵਾਈਆਂ ‘ਤੇ ਅਕਾਲੀ ਦਲ ਅਤੇ ਉਨਾਂ ਦੇ ਚਹੇਤੇ ਦਾ ਕਬਜ਼ਾ ਹੈ, ਜਿਸ ਕਾਰਨ ਘਟੀਆਂ ਅਤੇ ਨਕਲੀ ਬੀਜ ਵੇਚ ਕੇ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ। ਕਿਸਾਨ ਖ਼ੁਦਕੁਸੀਆ ਦੇ ਰਾਹ ‘ਤੇ ਪਏ ਹਨ।
ਨਤੀਜਾ  : ਜ਼ੀਰੋ

ਅਕਾਲੀਆਂ ਦੇ ਮਾਫ਼ੀਆ ਨੂੰ ਕਾਂਗਰਸ ਨੇ ਕੀਤਾ ਹੋਇਆ ਐ ‘ਟੇਕ-ਓਵਰ’ : ਚੀਮਾ

ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਵੀ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਮਾਫ਼ੀਆ ਰਾਜ ਚਲਣ ਦੇ ਨਾਲ ਹੀ ਵੱਡੇ ਵੱਡੇ ਸਕੈਂਡਲ ਹੁੰਦੇ ਸਨ ਅਤੇ ਹੁਣ ਵੀ ਹੋ ਰਹੇ ਹਨ। ਹੁਣ ਬਸ ਫਰਕ ਇੰਨਾ ਪੈ ਗਿਆ ਹੈ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਇਸ ਮਾਫ਼ੀਆ ਰਾਜ ਨੂੰ ਚਲਾਉਂਦੇ ਹੋਏ ਸਕੈਂਡਲ ਕਰ ਰਹੀਂ ਸੀ ਅਤੇ ਹੁਣ ਇਸ ਸਾਰੇ ਕੰਮ ਨੂੰ ਕਾਂਗਰਸ ਨੇ ‘ਟੇਕ-ਓਵਰ’ ਕਰਦੇ ਹੋਏ ਖ਼ੁਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨਾਂ ਕਿਹਾ ਕਿ ਜੇਕਰ ਇਹ ਦੋਸ਼ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਉਹ ਲਗਾਉਂਦੇ ਤਾਂ ਸ਼ਾਇਦ ਕਾਂਗਰਸ ਇਹ ਕਹਿ ਸਕਦੀ ਸੀ ਕਿ ਵਿਰੋਧੀ ਧਿਰ ਹੋਣ ਕਰਕੇ ਹੀ ਇਹ ਦੋਸ਼ ਲਗਾਏ ਜਾ ਰਹੇ ਹਨ ਪਰ ਹੁਣ ਤਾਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕਾਂਗਰਸ ਦੇ ਵਿਧਾਇਕਾਂ ਨੇ ਹੀ ਆਪਣੀ ਸਰਕਾਰ ‘ਤੇ ਇਹ ਸਾਰੇ ਦੋਸ਼ ਲਗਾ ਦਿੱਤੇ ਹਨ ਕਿ ਪੰਜਾਬ ਵਿੱਚ ਮਾਫ਼ੀਆ ਰਾਜ ਚਲ ਰਿਹਾ ਹੈ।

ਸਰਕਾਰ ਨਹੀਂ ਬਿਆਨ ਦੇਣ ਨੂੰ ਤਿਆਰ, ਕਾਂਗਰਸ ਪ੍ਰਧਾਨ ਨਹੀਂ ਚੁੱਕਦੇ ਹਨ ਫੋਨ

ਸਰਕਾਰ ਵਿੱਚ ਵੱਡੇ ਅਹੁਦੇ ‘ਤੇ ਕਾਬਜ਼ ਅਤੇ ਸਲਾਹਕਾਰ ਇਸ ਮੁੱਦੇ ‘ਤੇ ਆਪਣਾ ਬਿਆਨ ਹੀ ਦੇਣ ਨੂੰ ਤਿਆਰ ਨਹੀਂ ਹਨ। ਉਨਾਂ ਦਾ ਸਾਫ਼ ਕਹਿਣਾ ਹੈ ਕਿ ਉਹ ਕੀ ਬਿਆਨ ਦੇਣ, ਕਿਉਂਕਿ ਕਿਹੜਾ ਕੰਮ ਹੋਇਆ ਹੈ ਅਤੇ ਕਿਹੜਾ ਨਹੀਂ ਹੋਇਆ ਹੈ। ਇਸ ਸਬੰਧੀ ਹਰ ਕਿਸੇ ਨੂੰ ਪਤਾ ਹੈ। ਸਲਾਹਕਾਰਾਂ ਵਲੋਂ ਬਿਆਨ ਦੇਣ ਦੀ ਥਾਂ ‘ਤੇ ਚੁੱਪ ਹੀ ਵੱਟਣ ਦੀ ਗੱਲ ਆਖੀ ਜਾ ਰਹੀਂ ਹੈ। ਇਥੇ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਫੋਨ ਹੀ ਚੁੱਕ ਨਹੀਂ ਰਹੇ ਹਨ। ਉਨਾਂ ਨਾਲ ਲਗਾਤਾਰ ਪਿਛਲੇ 2-3 ਤਿੰਨ ਤੋਂ ਸੰਪਰਕ ਕਰਨ ਦੀ ਕੋਸ਼ਸ਼ ਕੀਤੀ ਗਈ ਪਰ ਉਨਾਂ ਫੋਨ ਨਹੀਂ ਚੁੱਕਿਆ। ਚੋਣ ਮਨੋਰਥ ਪੱਤਰ ਨੂੰ ਤਿਆਰ ਕਰਨ ਵਾਲੇ ਮਨਪ੍ਰੀਤ ਬਾਦਲ ਦਾ ਫੋਨ ਬੰਦ ਆ ਰਿਹਾ ਸੀ, ਜਦੋਂ ਕਿ ਰਾਜਿੰਦਰ ਕੌਰ ਭੱਠਲ ਦੇ ਓ.ਐਸ.ਡੀ. ਰਵਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਬੀਬੀ ਭੱਠਲ ਕਾਫ਼ੀ ਜਿਆਦਾ ਰੁੱਝੇ ਹੋਏ ਹਨ, ਇਸ ਲਈ ਗੱਲਬਾਤ ਨਹੀਂ ਕਰ ਸਕਦੇ ਹਨ।

ਰਾਜੇ ਵਲੋਂ ਕਈ ਵਾਰ ਘੇਰਿਆ ਜਾ ਚੁੱਕਾ ਐ ਕੈਪਟਨ ਤਾਂ ਮੰਤਰੀ ਵੀ ਹੋਏ ਫਿਰਦੇ ਹਨ ‘ਬਾਗੀ’

ਵਿਧਾਨ ਸਭਾ ਦੇ ਅੰਦਰ ਅਤੇ ਵਿਧਾਨ ਸਭਾ ਤੋਂ ਬਾਹਰ ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ ਕਾਂਗਰਸ ਦੀ ਸਰਕਾਰ ਤੋਂ ਕਾਂਗਰਸ ਦੇ ਵਿਧਾਇਕਾਂ ਤੋਂ ਲੈ ਕੇ ਕੈਬਨਿਟ ਮੰਤਰੀ ਵੀ ਬਾਗੀ ਹੋਏ ਬੈਠੇ ਹਨ। ਉਨਾਂ ਵਲੋਂ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਾਰਵਾਈ ਨਾ ਕਰਨ ਦੇ ਦੋਸ਼ ਤੱਕ ਲਗਾਏ ਗਏ ਹਨ। ਇਥੇ ਵਿਧਾਨ ਸਭਾ ਸੈਸ਼ਨ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਟਰਾਂਸਪੋਰਟ ਮਾਫ਼ੀਆ ਤੋਂ ਲੈ ਕੇ ਹੋਰ ਮੁੱਦੇ ‘ਤੇ ਆਪਣੀ ਹੀ ਸਰਕਾਰ ਨੂੰ ਘੇਰਦੇ ਹੋਏ ਕਾਫ਼ੀ ਕੁਝ ਬੋਲਿਆ ਸੀ ਤਾਂ ਵਿਧਾਨ ਸਭਾ ਤੋਂ ਬਾਹਰ ਵੀ ਕਈ ਵਾਰ ਸਰਕਾਰ ‘ਤੇ ਨਿਸ਼ਾਨੇ ਲਗਾਏ ਸਨ। ਇੱਕ ਮੰਤਰੀ ਨੇ ਬਜਟ ਸੈਸ਼ਨ ਦੌਰਾਨ ਇਥੇ ਤੱਕ ਕਹਿ ਦਿੱਤਾ ਸੀ ਕਿ ਸਾਡੀ ਹੀ ਸਰਕਾਰ ਦੀ ਕਮਜ਼ੋਰੀ ਹੈ ਜਿਹੜਾ ਕਿ ਮਾਫ਼ੀਆ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀਂ ਹੈ।

ਅਧਿਕਾਰੀ ਚਲਾ ਰਹੇ ਹਨ ਪੰਜਾਬ ਸਰਕਾਰ ਨੂੰ : ਪ੍ਰਤਾਪ ਬਾਜਵਾ

ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਆਪਣੀ ਹੀ ਕਾਂਗਰਸ ਸਰਕਾਰ ‘ਤੇ ਕਈ ਵਾਰ ਹਮਲੇ ਕਰਦੇ ਹੋਏ ਗੰਭੀਰ ਦੋਸ਼ ਲਗਾ ਰਹੇ ਹਨ। ਪ੍ਰਤਾਪ ਬਾਜਵਾ ਵਲੋਂ ਇੱਥੇ ਤੱਕ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਕੋਈ ਸਿਆਸੀ ਲੀਡਰ ਜਾਂ ਕੈਬਨਿਟ ਮੰਤਰੀ ਨਹੀਂ ਸਗੋਂ ਸਰਕਾਰ ਵਿੱਚ ਤੈਨਾਤ ਕੁਝ ਅਧਿਕਾਰੀ ਚਲਾ ਰਹੇ ਹਨ। ਜਿਸ ਦਾ ਪ੍ਰਭਾਵ ਕਾਫ਼ੀ ਮਾੜਾ ਪੈ ਰਿਹਾ ਹੈ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆ ਦੇ ਕੰਮ ਕਰਨ ਦੀ ਥਾਂ ‘ਤੇ ਵਿਧਾਇਕਾਂ ਨੂੰ ਅਧਿਕਾਰੀ ਮਿਲਣ ਤੱਕ ਲਈ ਤਿਆਰ ਨਹੀਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।