ਅਮਰਿੰਦਰ ਸਿੰਘ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਐ ਬਠਿੰਡਾ ਅਤੇ ਫਿਰੋਜ਼ਪੁਰ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਭਰ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਉਣ ਲਈ ਖ਼ੁਦ ਜਾ ਰਹੇ ਮੁੱਖ ਮੰਤਰੀ ਅਮਰਿੰਦਰ ਸਿੰਘ ਬਠਿੰਡਾ ਅਤੇ ਫਿਰੋਜ਼ਪੁਰ ਲੋਕ ਸਭ ਸੀਟ ‘ਤੇ ਨਹੀਂ ਜਾਣਗੇ। ਕਾਂਗਰਸ ਪਾਰਟੀ ਵਲੋਂ ਹੁਣ ਤੱਕ ਤਿਆਰ ਕੀਤੇ ਗਏ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਵਿੱਚ ਬਠਿੰਡਾ ਅਤੇ ਫਿਰੋਜ਼ਪੁਰ ਸ਼ਾਮਲ ਹੀ ਨਹੀਂ ਹੈ। ਪੰਜਾਬ ਦੇ ਚੋਣ ਇੰਚਾਰਜ ਲਾਲ ਸਿੰਘ ਵਲੋਂ ਜਾਰੀ ਕੀਤੇ ਗਏ ਗਏ ਪ੍ਰੋਗਰਾਮ ਵਿੱਚ ਬਠਿੰਡਾ ਅਤੇ ਫਿਰੋਜ਼ਪੁਰ ਨੂੰ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਹੈ ਕਾਂਗਰਸ ਦੇ ਜਰਨਲ ਸਕੱਤਰ ਕੈਪਟਨ ਸੰਦੀਪ ਸੰਧੂ ਦਾ ਕਹਿਣਾ ਹੈ ਕਿ ਅਜੇ ਪ੍ਰੋਗਰਾਮ ਬਠਿੰਡਾ ਅਤੇ ਫਿਰੋਜ਼ਪੁਰ ਤੋਂ ਹੀ ਨਾ ਆਉਣ ਕਾਰਨ ਇਸ ਨੂੰ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ ਪਰ ਅਗਲੇ ਦਿਨਾਂ ਵਿੱਚ ਬਠਿੰਡਾ ਅਤੇ ਫਿਰੋਜ਼ਪੁਰ ਨੂੰ ਵੀ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਦੀ ਲਿਸਟ ਵਿੱਚ ਸ਼ਾਮਲ ਕਰ ਲਿਆ ਜਾਏਗਾ।
ਜਾਣਕਾਰੀ ਅਨੁਸਾਰ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੇ ਹਰ ਲੋਕ ਸਭਾ ਹਲਕੇ ਵਿੱਚ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ, ਇਸ ਤੋਂ ਪਹਿਲਾਂ ਇਹ ਤੈਅ ਕੀਤਾ ਗਿਆ ਹੈ ਕਿ ਹਰ ਉਮੀਦਵਾਰ ਦੇ ਨਾਮਜ਼ਦਗੀ ਕਾਗ਼ਜ਼ ਭਰਵਾਉਣ ਲਈ ਖ਼ੁਦ ਅਮਰਿੰਦਰ ਸਿੰਘ ਜਾਣਗੇ। ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਦਾ ਕੰਮ ਦੇਖ ਰਹੇ ਲਾਲ ਸਿੰਘ ਵਲੋਂ ਬੀਤੇ ਦਿਨੀਂ 29 ਅਪਰੈਲ ਤੱਕ ਦਾ ਉਹ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਹਲਕਾ ਵਾਈਜ਼ ਅਮਰਿੰਦਰ ਸਿੰਘ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਉਣ ਲਈ ਜਾਣਗੇ। ਇਸ ਪ੍ਰੋਗਰਾਮ ਨੂੰ ਜਾਰੀ ਕਰਨ ਮੌਕੇ ਇਸ ਸੂਚੀ ਵਿੱਚੋਂ ਬਠਿੰਡਾ ਅਤੇ ਫਿਰੋਜ਼ਪੁਰ ਦਾ ਨਾਅ ਕਿਥੇ ਵੀ ਨਜ਼ਰ ਨਹੀਂ ਆ ਰਿਹਾ ਹੈ।
ਲਾਲ ਸਿੰਘ ਦਾ ਕਹਿਣਾ ਹੈ ਕਿ ਇਨਾਂ ਦੋਵਾਂ ਹਲਕੇ ਵਲੋਂ ਅਜੇ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬੁਲਾਉਣ ਬਾਰੇ ਕੋਈ ਮੰਗ ਨਹੀਂ ਕੀਤੀ ਗਈ ਹੈ, ਇਸ ਲਈ ਇਨਾਂ ਦੋਵੇ ਹਲਕੇ ਨੂੰ ਇਸ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਦੂਜੇ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਕੈਪਟਨ ਸੰਦੀਪ ਸੰਧੂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਾਰੇ ਲੋਕ ਸਭਾ ਹਲਕੇ ਵਿੱਚ ਨਾਮਜ਼ਦਗੀ ਕਾਗ਼ਜ਼ ਜਮਾ ਕਰਵਾਉਣ ਲਈ ਜਾਣਗੇ ਪਰ ਇਨਾਂ ਦੋਵਾਂ ਹਲਕਿਆਂ ਨੂੰ ਲਿਸਟ ਵਿੱਚ ਸ਼ਾਮਲ ਨਾ ਕਰਨ ਪਿੱਛੇ ਕਾਰਨ ਹੋਰ ਹਨ। ਉਨਾਂ ਦੱਸਿਆ ਕਿ ਹਰ ਲੋਕ ਸਭਾ ਹਲਕੇ ਤੋਂ ਆਪਣਾ ਸਮਾਂ ਦਿੱਤਾ ਗਿਆ ਸੀ, ਜਿਸ ਅਨੁਸਾਰ ਹੀ ਸੂਚੀ ਤਿਆਰ ਕੀਤੀ ਗਈ ਹੈ, ਜਦੋਂ ਕਿ ਇਨਾਂ ਦੋਵਾਂ ਹਲਕੇ ਤੋਂ ਅਜੇ ਤੱਕ ਨਾਮਜ਼ਦਗੀ ਕਾਗ਼ਜ਼ ਜਮਾ ਕਰਵਾਉਣ ਦਾ ਕੋਈ ਸਮਾਂ ਨਹੀਂ ਦਿੱਤਾ ਗਿਆ ਹੈ, ਜਿਸ ਕਾਰਨ ਸੂਚੀ ਵਿੱਚ ਇਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਜਲਦ ਹੀ ਇਨਾਂ ਦੋਹੇ ਹਲਕੇ ਦੇ ਉਮੀਦਵਾਰਾਂ ਨਾਲ ਸਮੇਂ ਦੀ ਸੈਟਿੰਗ ਕਰਦੇ ਹੋਏ ਲਿਸਟ ਵਿੱਚ ਸ਼ਾਮਲ ਕਰ ਲਿਆ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।