ਚਾਇਨਾ ਡੋਰ ’ਤੇ ਸਖ਼ਤੀ ਦਾ ਜ਼ਮੀਨੀ ਪੱਧਰ ’ਤੇ ਨਹੀਂ ਦਿਸਦਾ ਭੋਰਾ ਵੀ ਅਸਰ
ਬਰਨਾਲਾ (ਜਸਵੀਰ ਸਿੰਘ ਗਹਿਲ)। ਪੰਜਾਬ ਸਰਕਾਰ ਦੇ ਹੁਕਮਾਂ ’ਤੇ ਬੇਸ਼ੱਕ ਪਲਾਸਟਿਕ ਡੋਰ (China Thread) ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ ਦਿਖਾਈ ਦੇ ਰਿਹਾ ਹੈ ਪਰ ਜ਼ਮੀਨੀ ਪੱਧਰ ’ਤੇ ਇਸ ਸਖ਼ਤੀ ਦਾ ਭੋਰਾ ਵੀ ਅਸਰ ਦਿਖਾਈ ਨਹੀਂ ਦੇ ਰਿਹਾ। ਸਿੱਟੇ ਵਜੋਂ ਵਰਤੋਂ ਕਰਕੇ ਸੁੱਟੀ ਗਈ ਪਲਾਸਟਿਕ ਡੋਰ ਹਰ ਸੜਕ ਤੇ ਹਰ ਛੱਤ ’ਤੇ ਮਿਲ ਰਹੀ ਹੈ। ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਜਖ਼ਮੀ ਹੋਣ ਵਾਲਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਇਸ ਵਾਰ ਕਈ ਥਾਵਾਂ ’ਤੇ ਬੱਚੇ ਵੀ ਇਸ ਡੋਰ ਦੇ ਕਹਿਰ ਦਾ ਸ਼ਿਕਾਰ ਹੋਏ ਹਨ। ਕੁੱਝ ਦਿਨ ਪਹਿਲਾਂ ਸਥਾਨਕ ਪੁਲਿਸ ਵੱਲੋਂ ਸ਼ਹਿਰ ਦੇ ਇੱਕ ਨਾਮਵਰ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਡੋਰ ਬਰਾਮਦ ਕੀਤੀ ਗਈ, ਜਿਸ ਖਿਲਾਫ਼ ਪਹਿਲਾਂ ਹੀ ਕੁੱਲ 11 ਪਰਚੇ ਦਰਜ਼ ਹਨ।
ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜ਼ੂਦ ਜ਼ਿਲ੍ਹੇ ਅੰਦਰ ਪਾਬੰਦੀਸ਼ੁਦਾ ਪਲਾਸਟਿਕ ਡੋਰ ਦੀ ਵਰਤੋਂ ਜ਼ੋਰਾਂ ’ਤੇ
ਬਾਵਜੂਦ ਇਸਦੇ ਸਥਾਨਕ ਸ਼ਹਿਰ ਤੋਂ ਇਲਾਵਾ ਜ਼ਿਲੇ੍ਹ ਦੇ ਪਿੰਡਾਂ ਅੰਦਰ ਪਾਬੰਦੀਸ਼ੁਦਾ ਡੋਰ ਦੀ ਵਿੱਕਰੀ ਜੋਰਾਂ ’ਤੇ ਹੈ, ਜਿਸ ਦੀ ਲਪੇਟ ’ਚ ਮਨੁੱਖੀ ਜ਼ਿੰਦਗੀਆਂ ਤੋਂ ਇਲਾਵਾ ਪੰਛੀ ਵੀ ਆ ਰਹੇ ਹਨ। ਪ੍ਰਸ਼ਾਸਨ ਤੋਂ ਇਲਾਵਾ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪਲਾਸਟਿਕ ਡੋਰ ਦੇ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦਾ ਅਸਰ ਵੀ ਲਾਲਚੀ ਦੁਕਾਨਦਾਰਾਂ ’ਤੇ ਰੱਤੀ ਭਰ ਵੀ ਨਹੀਂ ਹੋ ਰਿਹਾ ਅਤੇ ਉਹ ਸ਼ਰੇਆਮ ਬੱਚਿਆਂ ਦੇ ਹੱਥਾਂ ’ਚ ਪਾਬੰਦੀਸ਼ੁੁਦਾ ਪਲਾਸਟਿਕ ਡੋਰ ਦੇ ਰੋਲ ਫੜਾ ਕੇ ਇੱਕ ਤਰੀਕੇ ਨਾਲ ਮੌਤ ਦਾ ਸਮਾਨ ਵੇਚ ਰਹੇ ਹਨ।
ਡਿਪਟੀ ਕਮਿਸ਼ਨਰ ਦੇ ਪੀਏ ਦਾ ਪੁੱਤਰ ਵੀ ਹੋਇਆ ਜਖ਼ਮੀ (China Thread)
ਪ੍ਰਾਪਤ ਵੇਰਵਿਆਂ ਮੁਤਾਬਕ ਲੰਘੇ ਕੱਲ੍ਹ ਡਿਪਟੀ ਕਮਿਸ਼ਨਰ ਬਰਨਾਲਾ ਦੀ ਪੀਏ ਚੰਚਲ ਸ਼ਰਮਾ ਦਾ ਪੁੱਤਰ ਵੀ ਸਥਾਨਕ ਸ਼ਹਿਰ ਦੇ ਐਸਡੀ ਕਾਲਜ ਓਵਰ ਬਰਿੱਜ ’ਤੇ ਪਲਾਸਟਿਕ ਡੋਰ ਦੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਿਸ ਦੇ ਗਲ ’ਤੇ 7 ਟਾਂਕੇ ਲੱਗੇ ਹਨ। ਇਸ ਤੋਂ ਇਲਾਵਾ ਤਪਾ ਕਸਬੇ ਅੰਦਰ ਵੀ ਇੱਕ ਹੋਰ ਬੱਚੇ ਦੇ ਡੋਰ ਨਾਲ ਜਖ਼ਮੀ ਹੋਣ ਦੀ ਖ਼ਬਰ ਹੈ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਆਪਣੇ ਪੱਧਰ ’ਤੇ ਯਤਨ ਤਾਂ ਕਰ ਰਿਹਾ ਹੈ ਪ੍ਰੰਤੂ ਕੁੱਝ ਸਵਾਰਥੀ ਵਪਾਰੀਆਂ ਦਾ ਲਾਲਚ ਇੰਨਾਂ ਯਤਨਾਂ ’ਤੇ ਭਾਰੀ ਪੈ ਰਿਹਾ ਹੈ। ਸਿੱਟੇ ਵਜੋਂ ਪਲਾਸਟਿਕ ਡੋਰ ਦੀ ਵਿੱਕਰੀ ਜਾਰੀ ਹੈ। ਚਿੰਤਤ ਵਰਗ ਅਨੁਸਾਰ ਪਾਬੰਦੀਸ਼ੁਦਾ ਡੋਰ ਵੇਚਣ ਦੇ ਮਾਮਲੇ ’ਚ ਕਾਨੂੰਨੀ ਲਚਕ ਵੀ ਇਸ ਦੀ ਵਿੱਕਰੀ ਲਈ ਜ਼ਿੰਮੇਵਾਰ ਮੰਨੀ ਜਾ ਰਹੀ ਹੈ। ਕਿਉਂਕਿ ਗਿ੍ਰਫ਼ਤਾਰੀ ਤੋਂ ਕੁੱਝ ਸਮੇਂ ਬਾਅਦ ਹੀ ਜ਼ਮਾਨਤ ਮਿਲ ਜਾਂਦੀ ਹੈ।
ਵਰਤੋਕਾਰਾਂ ’ਤੇ ਵੀ ਹੋਵੇਗੀ ਕਾਰਵਾਈ
ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਮੁਤਾਬਕ ਪਲਾਸਟਿਕ ਡੋਰ ਵੇਚਣ ’ਤੇ ਪੂਰਨ ਪਾਬੰਦੀ ਹੈ। ਇਸ ਤਹਿਤ ਪਿਛਲੇ ਦਿਨੀਂ 11-12 ਮਾਮਲੇ ਦਰਜ਼ ਕਰਕੇ 13 ਜਣਿਆਂ ਦੀ ਗਿ੍ਰਫ਼ਤਾਰੀ ਸਮੇਤ ਵੱਡੀ ਮਾਤਰਾ ’ਚ ਪਲਾਸਟਿਕ ਡੋਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਡੋਰ ਵੇਚਣ ਵਾਲਿਆਂ ਸਬੰਧੀ ਉਨ੍ਹਾਂ ਨੂੰ ਸੂਚਨਾ ਦਿੱਤੀ ਜਾਵੇ, ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਆਪਣੇ ਬੱਚਿਆਂ ਨੂੰ ਪਲਾਸਟਿਕ ਡੋਰ ਦੀ ਵਰਤੋਂ ਨਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਦੁਕਾਨਦਾਰਾਂ ’ਤੇ ਹੀ ਨਹੀਂ ਸਗੋਂ ਪਲਾਸਟਿਕ ਡੋਰ ਵਰਤਣ ਵਾਲਿਆਂ ’ਤੇ ਵੀ ਕਾਰਵਾਈ ਹੋਵੇਗੀ।