ਰੇਲ ਮੰਤਰੀ ਦਾ ਦਾਅਵਾ: ਹਰ ਸਾਲ ਨੌਂ ਲੱਖ ਟਨ ਕਾਰਬਨ ਨਿਕਾਸੀ ਅਤੇ 21 ਹਜ਼ਾਰ ਲੀਟਰ ਡੀਜ਼ਲ ਦੀ ਹੋਵੇਗੀ ਬੱਚਤ
ਨਵੀਂ ਦਿੱਲੀ: ਭਾਰਤੀ ਰੇਲਵੇ ਸਾਰੀਆਂ ਮੁਸਾਫ਼ਰ ਗੱਡੀਆਂ ‘ਚ ਕੋਚ ਦੀ ਬਿਜਲੀ ਲੋੜ ਨੂੰ ਸੌਰ ਊਰਜਾ ਨਾਲ ਪੂਰਾ ਕਰਨ ਦੀ ਯੋਜਨਾ ਜਲਦ ਸ਼ੁਰੂ ਕਰੇਗਾ, ਜਿਸ ਨਾਲ ਹਰ ਸਾਲ ਕਰੋੜਾਂ ਰੁਪਏ ਦਾ ਤੇਲ ਬਚੇਗਾ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਇੱਥੇ ਸਫ਼ਦਰਜੰਗ ਰੇਲਵੇ ਸਟੇਸ਼ਨ ‘ਤੇ ਦੇਸ਼ ਦੀ ਸੌਰ ਊਰਜਾ ਵਾਲੀ ਪਹਿਲੀ ਡੀਐੱਮਯੂ ਰੇਲਗੱਡੀ ਦਾ ਸ਼ੁੱਭ ਆਰੰਭ ਕਰਨ ਦੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਸੌਰ ਊਰਜਾ ਵਾਲੀ ਰੇਲਗੱਡੀ ਨੂੰ ਭਾਰਤੀ ਰੇਲਵੇ ਦੀ ਵਿਕਾਸ ਯਾਤਰਾ ‘ਚ ਮਹੱਤਵਪੂਰਨ ਮੀਲ ਦਾ ਪੱਥਰ ਕਰਾਰ ਦਿੰਦੇ ਹੋਏ ਕਿਹਾ ਕਿ ਜਲਵਾਯੂ ਤਬਦੀਲੀ ਅਤੇ ਕੌਮਾਂਤਰੀ ਤਾਪਮਾਨ ਵਧਣ ਦੀ ਚੁਣੌਤੀ ਨਾਲ ਨਜਿੱਠਣ ‘ਚ ਇਸ ਤਰ੍ਹਾਂ ਦੇ ਕਦਮ ਬੇਹੱਦ ਕਾਰਗਰ ਹਨ।
ਹਰੇਕ ਕੋਚ ‘ਚੋਂ ਹਰ ਸਾਲ ਕਰੀਬ ਨੌਂ ਲੱਖ ਟਨ ਕਾਰਬਨ ਨਿਕਾਸੀ
ਸੌਰ ਊਰਜਾ ਦੇ ਪ੍ਰਯੋਗ ਨਾਲ ਹਰੇਕ ਕੋਚ ‘ਚੋਂ ਹਰ ਸਾਲ ਕਰੀਬ ਨੌਂ ਲੱਖ ਟਨ ਕਾਰਬਨ ਨਿਕਾਸੀ ਅਤੇ 21 ਹਜ਼ਾਰ ਲੀਟਰ ਡੀਜ਼ਲ ਦੀ ਬੱਚਤ ਹੋਵੇਗੀ। ਪ੍ਰਭੂ ਨੇ ਕਿਹਾ ਕਿ ਭਾਰਤੀ ਰੇਲਵੇ ਸਾਰੀਆਂ ਰੇਲਗੱਡੀਆਂ ‘ਚ ਕੋਚ ਦੇ ਉੱਪਰ ਸੌਰ ਪੈਨਲ ਲਗਾਉਣ ਦਾ ਕੰਮ ਜਲਦੀ ਹੀ ਸ਼ੁਰੂ ਕਰੇਗਾ ਤਾਂ ਕਿ ਕੋਚ ਵਿੱਚ ਪੱਖੇ ਅਤੇ ਚਾਨਣ ਲਈ ਬਿਜਲੀ ਸੌਰ ਪੈਨਲ ਤੋਂ ਮਿਲੇਗੀ। ਉਨ੍ਹਾਂ ਕਿਹਾ ਕਿ ਡੀਐੱਮਯੂ ਦੇ ਕੋਚਾਂ ਵਿੱਚ ਬੈਟਰੀਆਂ ਲਾਈਆਂ ਗਈਆਂ ਹਨ, ਜੋ ਮੀਂਹ ਅਤੇ ਸਰਦੀ ਦੇ ਮੌਸਮ ਵਿੱਚ ਊਰਜਾ ਦੀ ਸਪਲਾਈ ਕਰਨਗੀਆਂ।
ਚੇਨਈ ਦੀ ਇੰਟੀਗ੍ਰਲ ਕੋਚ ਫੈਕਟਰੀ ਵਿੱਚ ਬਣੇ ਇਸ ਛੇ ਕੋਚ ਵਾਲੇ ਰੈਕ ਨੂੰ ਉੱਤਰ ਰੇਲਵੇ ਦੇ ਸ਼ਕੂਰ ਬਸਤੀ ਵਰਕਸ਼ਾਪ ਵਿੱਚ ਸੌਰ ਪੈਨਲਾਂ ਨਾਲ ਲੈਸ ਕੀਤਾ ਗਿਆ ਹੈ। ਹਰ ਕੋਚ ‘ਤੇ 16-16 ਸੌਰ ਪੈਨਲ ਲਾਏ ਗਏ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 4.5 ਕਿਲੋਵਾਟ ਹੋਵੇਗੀ। ਹਰ ਕੋਚ ਵਿੱਚ 120 ਏਐੱਚ ਸਮਰੱਥਾ ਵਾਲੀਆਂ ਬੈਟਰੀਆਂ ਲੱਗੀਆਂ ਹੋਣਗੀਆਂ, ਜਿਸ ਨਾਲ ਰਾਤ ਸਮੇਂ ਅਤੇ ਖਰਾਬ ਮੌਸਮ ਵਿੱਚ ਵੀ ਗੱਡੀ ਦੀਆਂ ਬਿਜਲੀ ਲੋੜਾਂ ਦੀ ਪੂਰਤੀ ਹੋ ਸਕੇਗੀ। ਇਸ ਤੋਂ ਪਹਿਲਾਂ ਕਾਲਕਾ-ਸ਼ਿਮਲਾ ਖਿਡੌਣਾ ਰੇਲਗੱਡੀ ਵਿੱਚ ਵੀ ਸੌਰ ਪੈਨਲ ਲਾਏ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














