ਮਾਸੂਮ ਭੈਣ ਭਰਾ ਬਲੀ ਕਾਂਡ ਦੇ ਸਾਰੇ ਮੁਲਜ਼ਮ ਦੋਸ਼ੀ ਕਰਾਰ

Bathinda News
ਬਠਿੰਡਾ : ਬਲੀ ਕਾਂਡ ਦੇ ਮੁਲਜ਼ਮਾਂ ਨੂੰ ਦੋਸ਼ੀ ਐਲਾਨਣ ਤੋਂ ਬਾਅਦ ਜੇਲ੍ਹ ਲਿਜਾਂਦੀ ਹੋਈ ਪੁਲਿਸ ਟੀਮ। ਤਸਵੀਰ : ਸੱਚ ਕਹੂੰ ਨਿਊਜ਼

23 ਮਾਰਚ ਨੂੰ ਸੁਣਾਈ ਜਾਵੇਗੀ ਸਜ਼ਾ

  • ਦੋਸ਼ੀਆਂ ’ਚ ਮ੍ਰਿਤਕਾਂ ਦੇ ਮਾਂ-ਪਿਓ, ਦਾਦੀ, ਚਾਚਾ ਤੇ ਦੋ ਭੂਆ ਸਮੇਤ ਤਾਂਤਰਿਕ ਸ਼ਾਮਲ

(ਸੁਖਜੀਤ ਮਾਨ) ਬਠਿੰਡਾ। ਜ਼ਿਲ੍ਹੇ ਦੇ ਕਸਬਾ ਕੋਟਫ਼ੱਤਾ ’ਚ ਮਾਸੂਮ ਦਲਿਤ ਭੈਣ ਭਰਾ ਬਲੀ ਕਾਂਡ ਦੇ ਮਾਮਲੇ ’ਚ ਅੱਜ ਬਠਿੰਡਾ ਦੀ ਮਾਣਯੋਗ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਇਸ ਮਾਮਲੇ ’ਚ ਨਾਮਜ਼ਦ ਸੱਤ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਦੋਸ਼ੀਆਂ ਨੂੰ ਅਦਾਲਤ ਵੱਲੋਂ 23 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ ਕਾਰਵਾਈ ਦੇ ਚਲਦਿਆਂ ਜੋ ਮੁਲਜ਼ਮ ਗਿ੍ਰਫ਼ਤ ਤੋਂ ਬਾਹਰ ਸਨ, ਅੱਜ ਉਨ੍ਹਾਂ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ ਦੋਸ਼ੀਆਂ ’ਚ ਮ੍ਰਿਤਕਾਂ ਦੇ ਮਾਂ-ਪਿਓ, ਦਾਦੀ, ਚਾਚਾ ਤੇ ਦੋ ਭੂਆ ਸਮੇਤ ਤਾਂਤਰਿਕ ਸ਼ਾਮਿਲ ਹੈ। (Bathinda News)

ਇਸ ਸੰਵੇਦਨਸੀਲ ਕੇਸ ਦੀ ਪੈਰਵਾਈ ਕਰਦੇ ਆ ਰਹੇ ਐਕਸ਼ਨ ਕਮੇਟੀ ਦੇ ਮੈਂਬਰ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਕੋਟਫ਼ੱਤਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਰਤਕ ਮਾਸੂਮਾਂ ਨੂੰ ਇਨਸਾਫ਼ ਦੀ ਉਮੀਦ ਜਾਗੀ ਹੈ ਅਤੇ ਲੰਮੇ ਸਮੇਂ ਤੋਂ ਲੜੇ ਜਾ ਰਹੇ ਸੰਘਰਸ਼ ਨੂੰ ਬੂਰ ਪਿਆ ਹੈ ਉਨ੍ਹਾਂ ਦੱਸਿਆ ਕਿ ਬਲੀ ਕਾਂਡ ਦੇ ਮੁੱਖ ਮੁਲਜ਼ਮਾਂ ਨੂੰ 23 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ ।

ਅੱਜ ਜਿਲ੍ਹਾ ਐਡੀਸਨਲ ਸੈਸਨ ਜੱਜ ਸ੍ਰ. ਬਲਜਿੰਦਰ ਸਿੰਘ ਸਰ੍ਹਾਂ ਨੇ ਐਡਵੋਕੇਟ ਚਰਨਪਾਲ ਸਿੰਘ ਬਰਾੜ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਰੇ ਮੁਲਜ਼ਮ ਸੱਤਾਂ ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਫੈਸਲੇ ਤੋਂ ਬਾਅਦ ਪੁਲਿਸ ਵੱਲੋਂ ਜੇਲ੍ਹੋਂ ਬਾਹਰ ਤਾਂਤਰਿਕ ਲਖਵਿੰਦਰ ਉਰਫ ਲੱਖੀ, ਮਿ੍ਰਤਕ ਮਾਸੂਮ ਬੱਚਿਆਂ ਦੀ ਦਾਦੀ ਨਿਰਮਲ ਕੌਰ, ਬੱਚਿਆ ਦੀ ਭੂਆ ਅਮਨਦੀਪ ਕੌਰ, ਜਿਸ ਦੀ ਔਲਾਦ ਖ਼ਾਤਰ ਬਲੀ ਦੇ ਦਿੱਤੀ ਗਈ ਸੀ ਨੂੰ ਤੁਰੰਤ ਹੱਥਕੜੀਆਂ ਲਾ ਕੇ ਸਲਾਖ਼ਾਂ ਪਿੱਛੇ ਭੇਜ ਦਿੱਤਾ ਗਿਆ। ਇਸ ਕੇਸ ਦੇ ਮੁੱਖ ਵਕੀਲ ਚਰਨਪਾਲ ਸਿੰਘ ਬਰਾੜ ਨੇ ਕਿਹਾ ਕਿ ਇਸ ਭਿਆਨਕ ਕਤਲ ਕਾਂਡ ਲਈ ਉਹ ਸਾਰੇ ਮੁਲਜ਼ਮਾਂ ਲਈ ਮਾਣਯੋਗ ਜੱਜ ਸਾਹਿਬ ਤੋਂ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰਨਗੇ ਇਸ ਮਾਮਲੇ ਦੇ ਦੋਸ਼ੀਆਂ ’ਚ ਮਿ੍ਰਤਕ ਬੱਚਿਆਂ ਦੀ ਦਾਦੀ, ਪਿਤਾ, ਮਾਤਾ, ਚਾਚਾ, ਦੋ ਭੂਆ ਤੇ ਇਕ ਤਾਂਤਰਿਕ ਸ਼ਾਮਲ ਸਨ। (Bathinda News)

ਬੱਚਿਆਂ ਦੀ ਭੂਆ ਦੇ ਔਲਾਦ ਹੋਣ ਖਾਤਰ ਦਿੱਤੀ ਸੀ ਬਲੀ

ਦੱਸਣਯੋਗ ਹੈ ਕਿ ਬਠਿੰਡਾ ਜਿਲ੍ਹੇ ਦੇ ਪਿੰਡ ਕੋਟਫ਼ੱਤਾ ਵਿਚ ਛੇ ਸਾਲ ਪਹਿਲਾ 8 ਮਾਰਚ 2017 ਦੀ ਰਾਤ ਨੂੰ ਮੁੱਖ ਦੋਸ਼ੀ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਵੱਲੋਂ ਉਤਸਾਹਿਤ ਕਰਨ ’ਤੇ ਅੱਠ ਸਾਲਾਂ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਭੈਣ ਅਨਾਮਿਕਾ ਕੌਰ ਦੀ ਉਨ੍ਹਾਂ ਦੇ ਘਰ ਮਿ੍ਰਤਕਾਂ ਦੇ ਪਰਿਵਾਰ ਵੱਲੋਂ ਬੇਰਿਹਮੀ ਨਾਲ ਬਲੀ ਦੇ ਦਿੱਤੀ ਗਈ ਸੀ। ਪਰਿਵਾਰ ਵੱਲੋਂ ਇਹ ਬਲੀ ਮਿ੍ਰਤਕ ਬੱਚਿਆਂ ਦੀ ਭੂਆ ਦੇ ਔਲਾਦ ਹੋਣ ਦੀ ਖਾਤਰ ਦਿੱਤੀ ਗਈ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here