ਜ਼ਿਲ੍ਹਾ ਪੱਧਰੀ ਨਾਰਕੋ ਕੋਰਡੀਨੇਸ਼ਨ ਸੈਂਟਰ ਕਮੇਟੀ ਅਧੀਨ ਅਧਿਕਾਰੀਆਂ ਦੀ ਮੀਟਿੰਗ
(ਰਜਨੀਸ਼ ਰਵੀ) ਫਾਜ਼ਿਲਕਾ। ਜ਼ਿਲ੍ਹਾ ਪੱਧਰੀ ਨਾਰਕੋ ਕੋਰਡੀਨੇਸ਼ਨ ਸੈਂਟਰ ਕਮੇਟੀ ਅਧੀਨ ਵੱਖ-ਵੱਖ ਅਧਿਕਾਰੀਆਂ ਨਾਲ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਮੀਟਿੰਗ ਕੀਤੀ ਗਈ। (Fazilka News) ਮੀਟਿੰਗ ਦੌਰਾਨ ਕਮੇਟੀ ਵੱਲੋਂ ਨਸ਼ਿਆਂ ’ਤੇ ਠਲ੍ਹ ਪਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਦੇ ਨਾਲ-ਨਾਲ ਨਸ਼ਾ ਤਸਕਰਾਂ ਵਿਰੁੱਧ ਹੋਰ ਸਖਤ ਕਦਮ ਚੁੱਕਣ ਸਬੰਧੀ ਚਰਚਾ ਕੀਤੀ ਗਈ।
ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਤੇ ਆਨਲਾਈਨ ਮਾਧਿਅਮ ਰਾਹੀਂ ਜੁੜੇ ਅਧਿਕਾਰੀਆਂ ਨੂੰ ਕਿਹਾ ਕਿ ਨਸ਼ੇ ਦੀ ਚੇਨ ਨੂੰ ਤੋੜਨ ਲਈ ਸਮੂਹ ਵਿਭਾਗਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਆਪਸੀ ਤਾਲਮੇਲ ਕਾਇਮ ਕਰਦਿਆਂ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਚਲਾਈ ਗਈ ਇਹ ਮੁਹਿੰਮ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਹਰੇਕ ਸਬੰਧਤ ਇੰਚਾਰਜ ਆਪੋ-ਆਪਣਾ ਰੋਲ ਪੂਰੀ ਤਨਦੇਹੀ ਨਾਲ ਨਿਭਾਏਗਾ। Fazilka News
ਇਹ ਵੀ ਪੜ੍ਹੋ : ਤੇਜ਼ਧਾਰ ਹਥਿਆਰਾਂ ਨਾਲ ਸਾਬਕਾ ਵਿਦਿਆਰਥੀ ਆਗੂ ਦਾ ਕਤਲ
ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋ-ਆਪਣੇ ਖੇਤਰ ਵਿਖੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪ੍ਰੇਰਿਤ ਕਰਨ ਅਤੇ ਵੱਧ ਤੋਂ ਵੱਧ ਜਾਗਰੂਕਤਾ ਸੈਮੀਨਾਰ ਲਗਾਏ ਜਾਣ ਤਾਂ ਜੋ ਬੱਚਿਆਂ ਦੇ ਨਾਲ-ਨਾਲ ਨੌਜਵਾਨ ਵਰਗ ਇਸ ਤੋਂ ਦੂਰ ਰਹੇ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਸਰਹੱਦ ਦੇ ਨਾਲ-ਨਾਲ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਤੌਰ ’ਤੇ ਪੈਣੀ ਨਜ਼ਰ ਰੱਖੀ ਜਾਵੇ ਤਾਂ ਜ਼ੋ ਨਸ਼ੇ ਦੀ ਤਸਕਰੀ ਮੁਕੰਮਲ ਤੌਰ ’ਤੇ ਬੰਦ ਹੋਵੇ। ਜੇਕਰ ਨਸ਼ੇ ਦੀ ਸਪਲਾਈ ਰੁਕੇਗੀ ਤਾਂ ਨਸ਼ਿਆਂ ’ਤੇ ਆਪੇ ਹੀ ਠਲ੍ਹ ਪਾਈ ਜਾ ਸਕੇਗੀ।
ਨਸ਼ੇ ਦੀ ਸਪਲਾਈ ਰੁਕੇਗੀ ਤਾਂ ਨਸ਼ਿਆਂ ’ਤੇ ਆਪੇ ਹੀ ਠਲ੍ਹ ਪਾਈ ਜਾ ਸਕੇਗੀ
ਉਨ੍ਹਾਂ ਕਿਹਾ ਕਿ ਬੀ.ਐਸ.ਐਫ ਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਕਾਰਵਾਈ ਆਰੰਭੀਆਂ ਗਈਆਂ ਹਨ, ਪਰ ਇਸ ਨੂੰ ਜੜੋ ਖਤਮ ਕਰਨ ਲਈ ਵਿਭਾਗਾਂ ਵੱਲੋਂ ਯੋਜਨਾਬੰਦੀ ਕਰਕੇ ਹੋਰ ਗਤੀਵਿਧੀਆਂ ਉਲੀਕੀਆਂ ਜਾਣ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀਮਤੀ ਅਵਨੀਤ ਕੌਰ ਸਿੱਧ, ਜ਼ਿਲ੍ਹਾ ਸਿਖਿਆ ਅਫਸਰ ਦੌਲਤ ਰਾਮ, ਉਪ ਜਿਲ੍ਹਾ ਸਿਖਿਆ ਅਫਸਰ ਮੈਡਮ ਅੰਜੂ ਸੇਠੀ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।