150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀ ਐ ਹਵਾ | BIPARJOY storm
ਨਵੀਂ ਦਿੱਲੀ। ਤੂਫ਼ਾਨ ਬਿਪਰਜੋਏ (BIPARJOY storm) ਖ਼ਤਰਨਾਕ ਹੋ ਰਿਹਾ ਹੈ। ਪਹਿਲਾਂ ਇਹ ਪਾਕਿਸਤਾਨ ਵੱਲ ਜਾ ਰਿਹਾ ਸੀ, ਪਰ ਹੁਣ ਇਹ ਗੁਜਰਾਤ ਵੱਲ ਵਧ ਰਿਹਾ ਹੈ। ਤੂਫ਼ਾਨ ਪੋਰਬੰਦਰ ਤੋਂ ਫਿਲਹਾਲ 400 ਕਿਲੋਮੀਟਰ ਦੂਰ ਹੈ। ਇਸ ਦੇ 14-15 ਜੂਨ ਨੂੰ ਗੁਜਰਾਤ ਦੇ ਕੰਢੀ ਇਲਾਕਿਆਂ ਨਾਲ ਟਕਰਾਉਣ ਦਾ ਖਤਰਾ ਹੈ। ਇਸ ਦੌਰਾਨ 150 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਹਵਾਵਾਂ ਚੱਲਣ ਦਾ ਅਨੁਮਾਨ ਹੈ।
ਤੂਫ਼ਾਨ ਦੇ ਰੂਟ ਬਦਲਣ ਤੋਂ ਬਾਅਦ ਐੱਸਡੀਆਰਐੱਫ ਦੀ ਟੀਮ ਨੇ ਗੁਜਰਾਤ ਦੇ ਕੰਢੀ ਇਲਾਕਿਆਂ ਦੇ ਲੋਕਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਸੌਰਾਸ਼ਟਰ, ਕੱਛ ਸਮੇਤ 10 ਜ਼ਿਲ੍ਹਿਆਂ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਮੁਬੰਈ ਨੂੰ ਵੀ ਹਾਈ ਅਲਰਟ ’ਤੇ ਰੱਖਿਆ ਗਿਆ ਹੈ। 16 ਜੂਨ ਨੂੰ ਰਾਜਸਥਾਨ ’ਚ ਹਨ੍ਹੇਰੀ ਤੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ।
ਤੂਫ਼ਾਨ ਦੀ ਸਥਿਤੀ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੱਕ ਐਮਰਜੈਂਸੀ ਮੀਟਿੰਗ ਕਰ ਰਹੇ ਹਨ। ਇਸ ’ਚ ਗ੍ਰਹਿ ਮੰਤਰਾਲਾ, ਐੱਨਡੀਆਰਐੱਫ਼ ਅਤੇ ਫੌਜ ਦੇ ਅਧਿਕਾਰੀ ਮੌਜ਼ੂਦ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 13 ਜੂਨ ਨੂੰ ਦਿੱਲੀ ’ਚ ਸੂਬਿਆਂ ਅਤੇ ਯੂਨੀਅਨ ਟੈਰੀਟਰੀਜ਼ ਦੇ ਆਫ਼ ਪ੍ਰਬੰਧਨ ਵਿਭਾਗ ਦੇ ਮੰਤਰੀਆਂ ਨਾਲ ਮੀਟਿੰਗ ਕਰਨਗੇ।
15 ਜੂਨ ਨੂੰ ਗੁਜਰਾਤ ’ਚੋਂ ਲੰਘੇਗਾ ਤੂਫ਼ਾਨ
ਮੌਸਮ ਵਿਭਾਗ ਦੇ ਸੋਮਵਾਰ ਦੁਪਹਿਰ 12 ਵਜੇ ਦੇ ਅਪਡੇਟ ਅਨੁਸਾਰ ਸਵੇਰੇ 8:30 ਵਜੇ ਤੂਫ਼ਾਨ ਗੁਜਰਾਤ ਦੇ ਪੋਰਬੰਦ ਤੋਂ 320 ਕਿਲੋਮੀਟਰ, ਦੁਆਰਕਾ ਤੋਂ 360 ਕਿਲੋਮੀਟਰ, ਜਖੋ ਪੋਰਟ ਅਤੇ ਨਾਲੀਆ ਤੋਂ 440 ਕਿਲੋਮੀਟਰ ਦੂਰ ਸੀ। 15 ਜੂਨ ਨੂੰ ਦੁਪਹਿਰ ਤੱਕ ਇਹ ਜਖੌ ਪੋਰਟ ਤੋਂ 50 ਕਿਲੋਮੀਟਰ ਅਤੇ ਨਾਲੀਆ ਤੋਂ 70 ਕਿਲੋਮੀਟਰ ਦੀ ਦੂਰੀ ’ਤੇ ਲੰਘੇਗਾ। ਇਸ ਦੌਰਾਨ 125-135 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ, ਜੋ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੱਕ ਵੀ ਜਾ ਸਕਦੀਆਂ ਹਨ।
10 ਦਿਨ ਰਹਿ ਸਕਦਾ ਐ ਤੂਫ਼ਾਨ ਦਾ ਅਸਰ | BIPARJOY storm
ਬਿਪਰਜੋਏ ਤੂਫ਼ਾਨ ਅਰਬ ਸਾਗਰ ਤੋਂ 6 ਦਿਨ ਪਹਿਲਾ ਉੱਠਿਆ ਸੀ। ਇਸ ਦਾ ਅਸਰ 10 ਦਿਨਾਂ ਤੱਕ ਰਹਿ ਸਕਦਾ ਹੈ। ਇਹ ਹਾਲ ਦੇ ਦਿਨਾਂ ’ਚ ਹੁਣ ਤੰਕ ਦਾ ਸਭ ਤੋਂ ਲੰਮੇਂ ਸਮੇਂ ਤੱਕ ਚੱਲਣ ਵਾਲਾ ਤੂਫ਼ਾਨ ਹੈ। ਆਈਆਈਟੀ ਮਦਰਾਸ ਦੀ ਸਟੱਡੀ ਮੁਤਾਬਿਕ, ਗਲੋਬਲ ਵਾਰਮਿੰਗ ਦੇ ਪ੍ਰਭਾਵ ’ਚ ਅਰਬ ਸਾਗਰ ’ਚ ਸਾਈਕਲੋਨ ਦੇ ਡਿਊਰੇਸ਼ਨ ’ਚ 80 ਫ਼ੀਸਦੀ ਦਾ ਵਾਧਾ ਹੋਇਆ ਹੈ, ਜਦੋਂਕਿ ਬਹੁਤ ਗੰਭੀਰ ਚੱਕਰਵਾਤਾਂ ਦੀ ਸਮਾਂ-ਸੀਮਾ ’ਚ 260 ਫ਼ੀਸਦੀ ਦਾ ਵਾਧਾ ਦੇਖਿਆ ਗਿਆ।
ਸਮੁੰਦਰ ਦੇ ਉੱਪਰ ਇੱਕ ਚੱਕਰਵਾਤੀ ਤੂਫ਼ਾਨ ਜਿੰਨੇ ਜ਼ਿਆਦਾ ਸਮੇਂ ਤੱਕ ਰਹਿੰਦਾ ਹੈ, ਓਨੀ ਹੀ ਜ਼ਿਆਦਾ ਊਰਜਾ ਅਤੇ ਨਮੀ ਜਮ੍ਹਾ ਹੋਣ ਦੀ ਸੰਭਾਵਨਾ ਹੁੰਦੀ ਹੈ। ਜਿਸ ਨਾਲ ਤੂਫ਼ਾਨ ਦੇ ਹੋਰ ਖ਼ਤਰਨਾਕ ਹੋਣ ਅਤੇ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਵਧ ਜਾਂਦੀ ਹੈ।