ਅਕਾਲੀ ਮੇਅਰ ਵੱਲੋਂ ਆਂਗਣਵਾੜੀ ਮੁਲਾਜ਼ਮਾਂ ਦੇ ਸੰਘਰਸ਼ ਨੂੰ ਥਾਪੜਾ 

Akali, Mayor, Thapa, Rages, Anganwadi, Workers

ਜਾਂ ਨੋਟੀਫਿਕੇਸ਼ਨ ਜਾਰੀ ਕਰੇ ਤੇ ਜਾਂ ਲਾਸ਼ਾਂ ਲਿਜਾਣ ਲਈ ਤਿਆਰ ਰਹੇ ਸਰਕਾਰ

ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼

ਨਗਰ ਨਿਗਮ ਬਠਿੰਡਾ ਦੇ ਅਕਾਲੀ ਮੇਅਰ ਬਲਵੰਤ ਰਾਏ ਨਾਥ ਨੇ ਅੱਜ ਆਲ ਪੰਜਾਬ ਆਂਗਣਵਾੜੀ ਯੂਨੀਅਨ ਦੇ ਸੰਘਰਸ਼ ਨੂੰ ਥਾਪੜਾ ਦਿੱਤਾ। ਸ਼ਨੀਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਦੇ ਦਿੱਤੇ ਸੱਦੇ ਉਪਰੰਤ ਅਕਾਲੀ ਮੇਅਰ ਦੀ ਤਾਜਾ ਫੇਰੀ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਬੀਬੀ ਬਾਦਲ ਦੇ ਦਿਓਰ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ‘ਚ ਪਿਛਲੇ ਕਰੀਬ ਸਵਾ ਛੇ ਮਹੀਨਿਆਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਆਪਣੀਆਂ ਮੰਗਾਂ ਸਬੰਧੀ ਧਰਨੇ ‘ਤੇ ਬੈਠੀਆਂ ਹੋਈਆਂ ਹਨ।

ਤਿੰਨ ਦਿਨ ਪਹਿਲਾਂ ਆਂਗਣਵਾੜੀ ਯੂਨੀਅਨ ਨੇ ਧਰਨੇ ਨੂੰ ਮਰਨ ਵਰਤ ਕੈਂਪ ‘ਚ ਤਬਦੀਲ ਕਰ ਦਿੱਤਾ ਹੈ। ਮੇਅਰ ਬਲਵੰਤ ਰਾਏ ਨਾਥ ਨੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨਾਲ ਗੱਲਬਾਤ ਕੀਤੀ ਅਤੇ ਮਰਨ ਵਰਤ ‘ਤੇ ਬੈਠੀਆਂ ਮਹਿਲਾਵਾਂ ਦਾ ਹਾਲ-ਚਾਲ ਪੁੱਛਿਆ। ਸ੍ਰੀ ਨਾਥ ਨੇ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਦੀ ਮੰਗਾਂ ਜਾਇਜ਼ ਹਨ ਤੇ ਸਰਕਾਰ ਨੇ ਪ੍ਰਵਾਨ ਵੀ ਕਰ ਲਈਆਂ ਹਨ। ਇਸ ਲਈ ਨੋਟੀਫਿਕੇਸ਼ਨ ਲਟਕਾਉਣ ਦੀ ਕੋਈ ਤੁਕ ਨਹੀਂ ਬਣਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਂਗਣਵਾੜੀ ਵਰਕਰਾਂ ਦੇ ਤਮਾਮ ਮਸਲੇ ਹੱਲ ਕਰੇ ਤਾਂ ਜੋ ਉਹ ਆਪਣੀਆਂ ਸੇਵਾਵਾਂ ਨਿਰਵਿਘਨ ਨਿਭਾ ਸਕਣ।

ਓਧਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਜੋ ਮਰਨ ਵਰਤ ‘ਤੇ ਬੈਠੀਆਂ ਹਨ ਦੀ ਸਿਹਤ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ। ਅੱਜ ਇਸ ਪੱਤਰਕਾਰ ਨੇ ਮੌਕੇ ਤੇ ਦੇਖਿਆ ਕਿ ਸੰਘਰਸ਼ੀ ਔਰਤਾਂ ਦੇ ਹੌਂਸਲੇ ਬੁਲੰਦ ਸਨ ਪਰ ਕੁਝ ਨਾ ਖਾਣ ਪੀਣ ਦਾ ਅਸਰ ਸਾਫ ਨਜ਼ਰ ਆ ਰਿਹਾ ਸੀ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ , ਬਲਾਕ ਪ੍ਰਧਾਨ ਅੰਮ੍ਰਿਤਪਾਲ ਕੌਰ ਅਤੇ ਜਸਬੀਰ ਕੌਰ ਨੇ ਕਿਹਾ ਕਿ ਸਰਕਾਰ ਜਾਂ ਤਾਂ ਉਨ੍ਹਾਂ ਦੀਆਂ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਕਰੇ ਜਾਂ ਫਿਰ ਉਨ੍ਹਾਂ ਦੀਆਂ ਲਾਸ਼ਾਂ ਲਿਜਾਣ ਲਈ ਤਿਆਰ ਰਹੇ।

ਆਗੂਆਂ ਦੋਸ਼ ਲਾਏ ਕਿ 54 ਹਜ਼ਾਰ ਆਂਗਣਵਾੜੀ ਮੁਲਾਜ਼ਮਾਂ ਦੇ ਮੂੰਹੋਂ ਰੋਟੀ ਖੋਹਣ ਦੀ ਕੋਸ਼ਿਸ਼ ਕਿਸੇ ਵੀ ਕੀਮਤ ‘ਤੇ ਸਫਲ ਨਹੀਂ ਹੋਣ ਦਿੱਤੀ ਜਾਵੇਗੀ। ਆਂਗਣਵਾੜੀ ਆਗੂਆਂ ਨੇ ਸਰਕਾਰ ਨੂੰ ਮਿਹਣੇ ਮਾਰੇ ਕਿ ਘਰ-ਘਰ ਨੌਕਰੀ ਦਾ ਵਾਅਦਾ ਕਰਨ ਵਾਲੇ ਕੈਪਟਨ ਨੇ ਨੌਕਰੀਆਂ ਖੋਹਣ ਵਾਲਾ ਫੈਸਲਾ ਲੈ ਕੇ ਉਨ੍ਹਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ। ਸਮੂਹ ਆਗੂਆਂ ਨੇ ਰੋਹ ਭਰੇ ਲਹਿਜ਼ੇ ‘ਚ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੋ ਮਰਜ਼ੀ ਹੋ ਜਾਵੇ ਉਨ੍ਹਾਂ ਨੇ ਹੱਕਾਂ ਦੀ ਪ੍ਰਪਤੀ ਤੋਂ ਬਗੈਰ ਇੱਥੋਂ ਨਾ ਉੱਠਣ ਦਾ ਫੈਸਲਾ ਲਿਆ ਹੋਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।