ਬਹੁਜਨ ਸਮਾਜ ਪਾਰਟੀ ਨਾਲ ਰਸਮੀ ਹੋਇਆ ਗਠਜੋੜ, ਦੋਵਾਂ ਪਾਰਟੀਆ ਦੇ ਲੀਡਰਾਂ ਨੇ ਕੀਤਾ ਐਲਾਨ
-
ਮਾਲਵਾ ਦੀਆ 7, ਦੋਆਬਾ ਦੀਆ 8 ਅਤੇ ਮਾਝਾ ਦੀਆਂ 5 ਸੀਟਾਂ ’ਤੇ ਚੋਣ ਲੜੇਗੀ ਬਸਪਾ
-
97-20 ਦੇ ਫ਼ਾਰਮੂਲੇ ਨਾਲ ਚੜੀ ਕਹਾਣੀ ਸਿਰੇ
ਚੰਡੀਗੜ, ਅਸ਼ਵਨੀ ਚਾਵਲਾ। ਹੰਕਾਰੀ ਰਾਜੇ ਦਾ ਹੁਣ ਅੰਤ ਬਹੁਤ ਹੀ ਜਿਆਦਾ ਨੇੜੇ ਆ ਗਿਆ ਹੈ। ਅਗਲੇ 7-8 ਮਹੀਨੇ ਵਿੱਚ ਇਸ ਹੰਕਾਰੀ ਰਾਜੇ ਨੂੰ ਪੰਜਾਬ ਦੀ ਸੱਤਾ ਤੋਂ ਬਾਹਰ ਕਰ ਦਿੱਤਾ ਜਾਏਗਾ, ਕਿਉਂਕਿ ਬਹੁਜਨ ਸਮਾਜ ਪਾਰਟੀ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਇਤਿਹਾਸ ਰਚਣ ਜਾ ਰਿਹਾ ਹੈ। ਅਗਲੀ ਵਿਧਾਨ ਸਭਾ ਚੋਣਾਂ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਡੀ ਗਿਣਤੀ ਵਿੱਚ ਜਿੱਤ ਪ੍ਰਾਪਤ ਕਰਦੇ ਹੋਏ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ। ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ।
ਇਸੇ ਪ੍ਰੈਸ ਕਾਨਫਰੰਸ ਦੌਰਾਨ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਰਸਮੀ ਗਠਜੋੜ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾਂ ਵਲੋਂ 97-20 ਦੇ ਫ਼ਾਰਮੂਲੇ ਅਨੁਸਾਰ ਗਠਜੋੜ ਕਰ ਲਿਆ ਗਿਆ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ 97 ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗੀ ਤਾਂ 20 ਸੀਟਾਂ ’ਤੇ ਬਹੁਜਨ ਸਮਾਜ ਪਾਰਟੀ ਚੋਣ ਲੜੇਗਾ।
ਸੁਖਬੀਰ ਬਾਦਲ ਨੇ ਇਥੇ ਹੀ ਐਲਾਨ ਕੀਤਾ ਕਿ ਬਸਪਾ ਨੂੰ ਮਿਲਿਆ 20 ਸੀਟਾਂ ਵਿੱਚ ਦੋਆਬਾ ਤੋਂ 8 ਵਿਧਾਨ ਸਭਾ ਸੀਟ, ਮਾਲਵਾ ਤੋਂ 7 ਤੇ ਮਾਝਾ ਦੀਆਂ 5 ਸੀਟਾਂ ਸ਼ਾਮਲ ਹਨ। ਇਨਾਂ ਸੀਟਾਂ ਵਿੱਚ ਕਰਤਾਰਪੁਰ, ਜਲੰਧਰ ਵੈਸਟ, ਜਲੰਧਰ ਨਾਰਥ, ਫਗਵਾੜਾ, ਹੁਸ਼ਿਆਰਪੁਰ ਸ਼ਹਿਰ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਬਸੀ ਪਠਾਣਾਂ, ਮਹਿਲ ਕਲਾਂ, ਨਵਾਂਸ਼ਹਿਰ, ਲੁਧਿਆਣਾ ਨਾਰਥ, ਸੁਜਾਨਪੁਰ, ਬੋਹਾ, ਪਠਾਨਕੋਟ, ਆਨੰਦਪੁਰ ਸਾਹਿਬ, ਮੁਹਾਲੀ, ਅੰਮ੍ਰਿਤਸਰ ਨਾਰਥ, ਅੰਮ੍ਰਿਤਸਰ ਸੈਂਟਰਲ ਤੇ ਪਾਇਲ ਸ਼ਾਮਲ ਹਨ। ਸੁਖਬੀਰ ਬਾਦਲ ਨੇ ਇਥੇ ਇਹ ਵੀ ਕਿਹਾ ਕਿ ਜਲਦ ਹੀ ਦੋਹਾਂ ਪਾਰਟੀਆਂ ਦੇ ਆਗੂਆਂ ਦੀ ਤਾਲਮੇਲ ਕਮੇਟੀ ਗਠਿਤ ਕੀਤੀ ਜਾਵੇਗੀ, ਜਿਹੜੀ ਕਿ ਪਾਰਟੀ ਦੇ ਹਰ ਮਾਮਲੇ ਦਾ ਵਿਚਾਰ ਬੈਠ ਕੇ ਕਰਦੇ ਹੋਏ ਫੈਸਲੇ ਵੀ ਲਿਆ ਕਰੇਗੀ।
ਗਠਜੋੜ ਨੂੰ ਇਤਿਹਾਸਕ ਕਰਾਰ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਗਠਜੋੜ ਸਿਰਫ਼ 2022 ਵਿਧਾਨ ਸਭਾ ਚੋਣਾਂ ਲਈ ਨਹੀਂ ਹੈ ਬਲਕਿ ਇਹ ਭਵਿੱਖ ਵਿਚ ਵੀ ਜਾਰੀ ਰਹੇਗਾ। ਉਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੋਹਾਂ ਦੀ ਵਿਚਾਰਧਾਰਾ ਇਕ ਹੈ ਤੇ ਦੋਵੇਂ ਕਿਸਾਨਾਂ, ਦਲਿਤਾਂ, ਗਰੀਬਾਂ ਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਦੇ ਹਨ। ਉਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਹਰ ਸਹੂਲਤ ਦਿੱਤੀ ਹੈ ਭਾਵੇਂ ਉਹ ਆਟਾ ਦਾਲ, ਬੁਢਾਪਾ ਪੈਨਸ਼ਨ ਜਾਂ ਸ਼ਗਨ ਸਕੀਮ ਹੋਵੇ। ਉਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਕਮਜ਼ੋਰ ਵਰਗਾਂ ਲਈ ਇਕ ਵੀ ਸਕੀਮ ਸ਼ੁਰੂ ਨਹੀਂ ਕੀਤੀ ਤੇ ਇਹ ਐਸ ਸੀ ਸਕਾਲਰਸ਼ਿਪ ਸਕੀਮ ਵਰਗੀਆਂ ਸਕੀਮਾਂ ਬੰਦ ਕਰਨ ਲਈ ਜ਼ਿੰਮੇਵਾਰ ਹੈ।
ਮਾਇਆਵਤੀ ਪੰਜਾਬ ਤੋਂ ਲੋਕ ਸਭਾ ਚੋਣ ਲੜਨ : ਪਰਕਾਸ਼ ਸਿੰਘ ਬਾਦਲ
ਪੰਜਾਬ ਵਿੱਚ ਅਕਾਲੀ-ਬਸਪਾ ਦਾ ਗਠਜੋੜ ਹੋਣ ਤੋਂ ਬਾਅਦ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਪਰਕਾਸ਼ ਸਿੰਘ ਬਾਦਲ ਨਾਲ ਫੋਨ ’ਤੇ ਗੱਲਬਾਤ ਕਰਦੇ ਹੋਏ ਉਨਾਂ ਨੂੰ ਇਸ ਗਠਜੋੜ ਦੀ ਵਧਾਈ ਦਿੱਤੀ ਤੇ ਪਰਕਾਸ਼ ਸਿੰਘ ਬਾਦਲ ਨੇ ਵੀ ਫੋਨ ’ਤੇ ਮਾਇਆਵਤੀ ਨੂੰ ਪੰਜਾਬ ਆਉਣ ਦਾ ਸੱਦਾ ਦੇ ਦਿੱਤਾ ਉਨ੍ਹਾ ਮਾਇਆਵਤੀ ਨੂੰ ਪੰਜਾਬ ਤੋਂ ਅਗਲੀ ਲੋਕ ਸਭਾ ਚੋਣ ਲੜਨ ਦੀ ਪੇਸਕਸ਼ ਵੀ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














